
ਫਾਜ਼ਿਲਕਾ, 15 ਮਈ (ਵਨੀਤ ਅਰੋੜਾ)- ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਈਸਾ ਕਾਲੀਆ ਆਈ.ਏ.ਐਸ. ਨੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਨੂੰ ਕਾਰਡਾਂ ਦੀ ਵੰਡ ਤੇਜੀ ਨਾਲ ਨੇਪਰੇ ਚਾੜਨ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸਾਰੇ ਲਾਭਪਾਤਰੀਆਂ ਤੱਕ ਤੇਜੀ ਨਾਲ ਕਾਰਡ ਪਹੁੰਚਾਏ ਜਾਣ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ, ਕਿਸਾਨਾਂ, ਉਸਾਰੀ ਕਿਰਤੀਆਂ ਅਤੇ ਵਪਾਰੀਆਂ ਨੂੰ ਭਗਤ ਪੂਰਨ ਸਿੰਘ ਸਿਹਤ ਸਕੀਮ ਤਹਿਤ ਕਾਰਡ ਵੰਡੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾਂ ਤਹਿਤ ਲਾਭਪਾਤਰੀ ਜ਼ਿਲ੍ਹਾ ਫਾਜ਼ਿਲਕਾ ਦੇ 5 ਸਰਕਾਰੀ ਹਸਪਤਾਲਾਂ ਕ੍ਰਮਵਾਰ ਸਿਵਲ ਹਸਪਤਾਲ ਫਾਜ਼ਿਲਕਾ ਅਤੇ ਅਬੋਹਰ, ਕਮਿਊਨਟੀ ਹੈਲਥ ਸੈਂਟਰ ਜਲਾਲਾਬਾਦ, ਖੂੁਈਖੇੜਾ ਅਤੇ ਡੱਬਵਾਲਾ ਕਲਾਂ ਅਤੇ 9 ਨਿੱਜੀ ਹਸਪਤਾਲਾਂ ਤੋਂ ਆਪਣਾ ਮੁਫ਼ਤ ਇਲਾਜ ਕਰਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਵਿਚ ਅੰਮ੍ਰਿਤ ਹਸਪਤਾਲ ਫਾਜ਼ਿਲਕਾ, ਡਾਂਗ ਅੱਖਾਂ ਦਾ ਹਸਪਤਾਲ ਫਾਜ਼ਿਲਕਾ, ਡਾ: ਚਲਾਣਾ ਹਸਪਤਾਲ ਅਬੋਹਰ, ਗੁਪਤਾ ਹਸਪਤਾਲ ਫਾਜ਼ਿਲਕਾ, ਕੁਮਾਰ ਹਸਪਤਾਲ ਜਲਾਲਾਬਾਦ, ਸ਼ਿਵ ਰਤਨ ਬੱਚਿਆਂ ਦਾ ਹਸਪਤਾਲ ਫਾਜ਼ਿਲਕਾ, ਲੂਣਾ ਨਰਸਿੰਗ ਹੋਮ ਅਬੋਹਰ, ਅਰੋੜਾ ਹੈਲਥ ਕੇਅਰ ਫਾਜਿਲਕਾ ਅਤੇ ਮੁਜਰਾਲ ਨਰਸਿੰਗ ਹੋਮ ਫਾਜ਼ਿਲਕਾ ਦੇ ਨਾਂਅ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀ ਜ਼ਿਲ੍ਹਾ ਫਾਜ਼ਿਲਕਾ ਦੇ ਉਪਰੋਕਤ ਹਸਪਤਾਲਾਂ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੇ ਵੀ ਯੋਜਨਾ ਵਿਚ ਸ਼ਾਮਿਲ ਕੀਤੇ ਹਸਪਤਾਲਾਂ ‘ਚੋਂ ਆਪਣਾ ਮੁਫ਼ਤ ਇਲਾਜ ਕਰਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਨੂੰ ਪੰਜਾਬ ਸਰਕਾਰ ਨੇ ਸੂਚੀਬੱਧ ਕੀਤਾ ਹੈ ਉਹ ਲਾਭਪਾਤਰੀ ਦਾ 50 ਤੱਕ ਸਲਾਨਾ ਮੁਫ਼ਤ ( ਕੈਸ਼ ਲੈਸ) ਇਲਾਜ ਕਰਨ ਤੋਂ ਨਾਂਹ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸੂਚੀਬੱਧ ਹਸਪਤਾਲ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਕਾਰਡ ਧਾਰਕ ਦਾ ਇਲਾਜ ਕਰਨ ਤੋਂ ਆਨਾਕਾਨੀ ਕਰੇਗਾ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਲਾਭਪਾਤਰੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸ਼ਿਕਾਇਤ ਲਈ ਵਿਭਾਗ ਦੇ ਟੋਲ ਫ਼ਰੀ ਨੰਬਰ 104 ਤੇ ਵੀ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਸਾਰੀਆਂ ਪੰਚਾਇਤਾਂ ਦੇ ਮਾਰਫਤ ਸਾਰੇ ਪਿੰਡਾਂ ਵਿਚ ਸੁੂਚਨਾ ਬੋਰਡ ਵੀ ਲਗਵਾਏ ਜਾ ਰਹੇ ਹਨ।
Punjab Post Daily Online Newspaper & Print Media