
ਅੰਮ੍ਰਿਤਸਰ, 15 ਮਈ (ਸੁਖਬੀਰ ਖੁਰਮਣੀਆ)- ਬੀਤੇ ਦਿਨੀ ਬਠਿੰਡਾ ਵਿਖੇ ਸਰਕਾਰੀ ਜਬਰ ਕਾਰਨ ਮਸੂਮ ਬੱਚੀ ਜਪਨੀਤ ਕੌਰ ਦੀ ਹੋਈ ਦਰਦਨਾਕ ਮੌਤ ਦੇ ਰੋਸ ਵੱਜੋਂ ਬੀ ਐੱਡ ਟੈੱਟ ਪਾਸ ਬੇਰੁਜ਼ਗਾਰ ਯੂਨੀਅਨ ਵੱਲੋਂ ਸਥਾਨਕ ਕੰਪਨੀ ਬਾਗ ਵਿਖੇ ਅਰਥੀ ਫੂਕ ਮੁਜਾਹਰਾ ਅਤੇ ਰੋਸ ਮਾਰਚ ਕੀਤਾ ਗਿਆ।ਜਿਲਾ ਆਗੂ ਸ: ਬਿਕਰਮਜੀਤ ਸਿੰਘ ਦੀ ਅਗਵਾਈ ਵਿਚ ਇਕੱਤਰ ਹੋਏ ਬੇਰਜ਼ਗਾਰ ਅਧਿਆਪਕਾਂ ਵੱਲੋਂ ਬੀਤੇ ਦਿਨੀ ਬਠਿੰਡੇ ਵਿਖੇ ਸਰਕਾਰੀ ਜਬਰ ਕਾਰਨ ਬੇਰਜ਼ਗਾਰ ਅਧਿਆਪਕ ਸੰਦੀਪ ਸਿੰਘ ਦੀ 8 ਮਹੀਨਿਆਂ ਦੀ ਬੇਟੀ ਜਪਨੀਤ ਕੌਰ ਦੀ ਹੋਈ ਦੁਖਦਾਈ ਮੌਤ ਤੇ ਜਿੱਥੇ ਗਹਿਰਾ ਦੁੱਖ ਪਰਗਟ ਕੀਤਾ ਗਿਆ ਉਥੇ ਨੰਨੀ ਛਾਂ ਦਾ ਨਾਅਰਾ ਲਾਉਣ ਵਾਲੀ ਸਰਕਾਰ ਨੂੰ ਉਸ ਬੱਚੀ ਦੀ ਮੌਤ ਲਈ ਜਿੰਮੇਵਾਰ ਠਹਿਰਾਇਆ।ਉਹਨਾਂ ਕਿਹਾ ਕਿ ਬੀਤੀ 8 ਮਈ ਨੂੰ ਪੁਲਿਸ ਨੇ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਇਕੱਠੇ ਹੋਏ ਲਗਭਗ 200 ਬੇਰੁਜਗਾਰਾਂ ਅਧਿਆਪਕਾ ਨੂੰ ਪੁਲਿਸ ਵੱਲੋਂ ਬੜੀ ਬੇਰਿਹਮੀ ਨਾਲ ਅਧਿਆਪਕਾਂ ਨੂੰ ਥਾਣਿਆਂ ਵਿਚ ਡੱਕ ਦਿੱਤਾ ਗਿਆ ਅਤੇ ਉਹਨਾਂ ਦੇ ਫੋਨ ਵੀ ਖੋਹ ਲਏ ਸੀ ਜਿਸ ਕਰਕੇ ਸੰਦੀਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਬਾਰ-ਬਾਰ ਸੰਪਰਕ ਕਰਨ ਤੇ ਵੀ ਰਾਬਤਾ ਕਾਇਮ ਨਾ ਹੋ ਸਕਿਆ, ਜਿਸ ਕਰਕੇ ਬੱਚੀ ਜਪਨੀਤ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਉਸਦੀ ਮੌਤ ਹੋ ਗਈ ਸੀ।
ਇਸ ਸਮੇਂ ਵਿਜੇ ਕੁਮਾਰ ਅਧਿਆਪਕ ਆਗੂ ਨੇ ਬੋਲਦਿਆਂ ਕਿਹਾ ਕਿ ਇਕ ਪਾਸੇ ਸਰਕਾਰ ਸਵਾ ਲੱਖ ਨੌਕਰੀਆਂ ਦੇਣ ਦੇ ਵਾਅਦੇ ਕਰ ਰਹੀ ਹੈ, ਦੂਜੇ ਪਾਸੇ ਉਹ ਬੇਰੁਜ਼ਗਾਰਾ ਨੂੰ ਸੜਕਾ ਤੇ ਰੋਲ ਕੇ ਉਹਨਾਂ ਤੇ ਜੁਲਮ ਢਾਹ ਰਹੀ ਹੈ।ਉਨਾਂ ਹੋਰ ਕਿਹਾ ਕਿ ਪੰਜ ਵਾਰ ਟੈੱਟ ਦੀ ਪਰੀਖਿਆ ਲੈ ਕੇ ਸਰਕਾਰ ਕਰੋੜਾਂ ਰੁਪਏ ਇਕੱਠੇ ਕਰ ਚੱਕੀ ਹੈ ਜਦ ਕਿ 2011 ਤੋਂ ਹੁਣ ਤੱਕ ਕੇਵਲ ਨੌਕਰੀ 4000 ਅਧਿਆਪਕਾਂ ਨੂੰ ਹੀ ਮਿਲੀ ਹੈ। ਤਰਾਸਦੀ ਇਹ ਹੈ ਕਿ 3000 ਹਜਾਰ ਦੇ ਕਰੀਬ ਉਮੀਦਵਾਰ ਨੌਕਰੀ ਦੀ ਆਸ ਵਿਚ ਓਵਰਏਜ਼ ਹੋ ਚੁੱਕੇ ਹਨ ਅਤੇ 10000 ਤੋਂ ਵਧੇਰੇ ਦੀ ਟੈੱਟ ਦੀ ਮਿਆਦ ਖਤਮ ਹੋਣ ਜਾ ਰਹੀ ਹੈ।ਇਸ ਮੌਕੇ ਯੂਨੀਅਨ ਆਗੂਆਂ ਵੱਲੋਂ ਨਵੰਬਰ 2015 ਵਿਚ ਕੱਢੀਆਂ ਗਈਆਂ ਮਾਸਟਰ ਕੇਡਰ ਦੀਆਂ 6050 ਅਸਾਮੀਆਂ ਦੀ ਗਿਣਤੀ ਵਧਾ ਕੇ 20000 ਕਰਨ, ਵਿਸ਼ਾਵਾਰ ਪਰੀਖਿਆ ਜਲਦ ਲੈ ਕੇ ਭਰਤੀ ਪਰਕਿਰਿਆ ਨੂੰ ਜਲਦੀ ਪੂਰਾ ਕਰਨ, ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਅਤੇ ਬੱਚੀ ਦੀ ਮੌਤ ਲਈ ਜਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ।ਇਸ ਮੌਕੇ ਹੋਰਨਾ ਅਧਿਆਪਕਾਂ ਸਮੇਤ ਯਸ਼ ਸ਼ਰਮਾ, ਕਿਸ਼ਨ ਵਿਜ, ਮੰਜੂ ਬਾਲਾ, ਸਰਬਜੀਤ ਸਿੰਘ, ਕਮਲਜੀਤ ਕੌਰ ਅਧਿਆਪਕ ਆਗੂ ਹਾਜਰ ਸਨ।
Punjab Post Daily Online Newspaper & Print Media