ਬਠਿੰਡਾ, 2 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਵਿਚ ਤਾਇਨਾਤ ਸੀਨੀਅਰ ਆਈ.ਏ.ਐਸ ਅਧਿਕਾਰੀ ਗੁਰਦੇਵ ਸਿੰਘ ਘੁੰਮਣ ਨੂੰ ਸਿਆਸੀ ਸਰਪਰਸਤੀ ਪ੍ਰਾਪਤ ਹੋਣ ਕਰਕੇ ਵਿਦੇਸ਼ ਭੱਜਣ ਵਿਚ ਕਾਮਯਾਬ ਹੋ ਗਿਆ ।ਸਿਦਕ ਰਾਈਟਸ ਅਵੇਅਰਨੈਸ ਐਡ ਇਰੈਡੀਕੇਸ਼ਨ ਆਫ ਸ਼ੋਸ਼ਲ ਈਵਲਜ਼ ਫੌਰਮ, ਬਠਿੰਡਾ ਵਲੋ ਜਾਰੀ ਪ੍ਰੈਸ ਨੋਟ ਵਿਚ ਇਹ ਦੋਸ਼ ਲਾਉਂਦਿਆਂ ਪ੍ਰਧਾਨ ਸਾਧੂ ਰਾਮ ਕੁਸਲਾ ਨੇ ਕਿਹਾ ਹੈ ਕਿ ਸੀਨੀਅਰ ਆਈ.ਏ.ਐਸ ਅਧਿਕਾਰੀ ਦੇ ਖਿਲਾਫ 28 ਦਸੰਬਰ 2015 ਅਤੇ 13 ਜਨਵਰੀ 2016 ਨੂੰ ਭਰਿਸ਼ਟਾਚਾਰ ਦੇ ਮੁਕੱਦਮੇ ਵਿਜੀਲੈਸ ਵਿਭਾਗ ਵਲੋ ਦਰਜ ਕੀਤੇ ਜਾ ਚੁੱਕੇ ਹਨ, ਪ੍ਰੰਤੂ ਵਿਜੀਲੈਸ ਅਧਿਕਾਰੀਆਂ ਨੇ ਸਰਕਾਰੀ ਦਬਾਅ ਥੱਲੇ ਨਾ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਤੇ ਨਾ ਹੀ ਇਸ ਦਾ ਪਾਸਪੋਰਟ ਜ਼ਬਤ ਕੀਤਾ।ਜਦਕਿ ਅਜਿਹੇ ਕੇਸਾਂ ਵਿਚ ਛੋਟੇ ਮੁਲਾਜਮਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ ਵਿਚ ਸੁੱਟ ਦਿੱਤਾ ਜਾਂਦਾ ਹੈ ਅਤੇ ਪਾਸਪੋਰਟ ਜੇਕਰ ਹੋਵੇ ਤਾਂ ਤੁਰੰਤ ਜ਼ਬਤ ਕੀਤਾ ਜਾਂਦਾ ਹੈ। ਇਸ ਭਰਿਸ਼ਟ ਅਧਿਕਾਰੀ ਨੂੰ ਬਚਾਉਣ ਵਿਚ ਲੱਗੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਚੀਫ ਸਕੱਤਰ ਪੰਜਾਬ ਸਰਕਾਰ ਜੋ ਵਿਜੀਲੈਸ ਵਿਭਾਗ ਦੇ ਪ੍ਰਮੁੱਖ ਸਕੱਤਰ ਵੀ ਹਨ ਅਤੇ ਹੋਰਨਾਂ ਨੂੰ ਲਿਖੇ ਪੱਤਰ ਵਿਚ ਕੀਤੀ ਗਈ ਹੈ
ਸਾਧੂ ਰਾਮ ਕੁਸਲਾ ਨੇ ਦੱਸਿਆ ਕਿ ਗੁਰਦੇਵ ਸਿੰਘ ਘੁੰਮਣ ਜੋ ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵਿਚ ਸੰਯੁਕਤ ਵਿਕਾਸ ਕਮਿਸ਼ਨਰ ਦੇ ਆਹੁੱਦੇ ਤੇ ਤਾਇਨਾਤ ਸੀ ਦੇ ਖਿਲਾਫ ਵਿਜੀਲੈਸ ਬਿਓਰੋ ਪੰਜਾਬ ਨੇ 28 ਦਸੰਬਰ 2015 ਨੂੰ ਅਧੀਨ ਧਾਰਾ 13(1) ਈ ਐਡ 13(2) ਆਫ ਪਰੀਵੈਨਸ਼ਨ ਆਫ ਕੁਰੱਪਸ਼ਨ ਐਕਟ ਤਹਿਤਮੁਹਾਲੀ ਥਾਣੇ ਵਿਚ ਮੁਕੱਦਮਾ ਦਰਜ ਕੀਤਾ ਸੀ ਕਿਉਕਿ ਇਸ ਅਧਿਕਾਰੀ ਨੇ ਮੋਟੀਆਂ ਰਿਸ਼ਵਤਾਂ ਲੈ ਕੇ ਬਣਾਈ ਆਪਣੀ ਜਾਇਦਾਦ 1 ਕਰੋੜ 64 ਲੱਖ 59 ਹਜਾਰ 910 ਰੁਪਏ ਨੂੰ ਸਹੀ ਨਹੀ ਠਹਿਰਾ ਸਕਿਆ ਸੀ ।ਇਸੇ ਤਰਾਂ 11 ਲੱਖ ਰੁਪਏ ਦੇ ਜਾਅਲੀ ਟੀ.ਏ ਲੈਣ ਅਤੇ ਠਹਿਰ ਦਿੱਲੀ ਦੇ ਪੰਜ ਤਾਰਾ ਹੋਟਲ ਵਿਚ ਦਿਖਾਉਣ ਕਾਰਨ ਇਸ ਦੇ ਖਿਲਾਫ ਦੂਸਰਾ ਮੁਕੱਦਮਾ 13 ਜਨਵਰੀ 2016 ਨੂੰ ਦਰਜ ਕੀਤਾ ਗਿਆ ਹੈ ਕਿਉਕਿ ਨਿਯਮਾਂ ਅਧੀਨ ਪੰਜਬ ਸਰਕਾਰ ਦੇ ਅਧਿਕਾਰੀ ਨੇ ਨਵੀ ਦਿੱਲੀ ਵਿਖੇ ਪੰਜਾਬ ਭਵਨ ਵਿਚ ਠਹਿਰਣਾ ਹੁੰਦਾ ਹੈ।
ਸਿਦਕ ਫੌਰਮ ਵਲੋ ਮਿਤੀ 14-1-2016 ਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਚੀਫ ਡਾਇਰੈਕਟਰ ਵਿਜੀਲੈਸ ਬਿਓਰੋ ਨੂੰ ਲਿਖੇ ਪੱਤਰ ਵਿਚ ਮੰਗ ਕੀਤੀ ਗਈ ਸੀ ਇਸ ਅਧਿਕਾਰੀ ਨੂੰ ਤੁਰੰਤ ਮੁਅਤਲ ਕੀਤਾ ਜਾਵੇ ਅਤੇ ਗ੍ਰਿਫਤਾਰ ਕੀਤਾ ਜਾਵੇ ਅਤੇ ਇਸ ਅਧਿਕਾਰੀ ਵਲੋ ਮੌਜੂਦਾ ਆਹੁਦੇ ਦੌਰਾਨ ਕੀਤੇ ਗਏ ਹੁਕਮਾਂ ਤੇ ਵੀ ਨਜ਼ਰਸਾਨੀ ਕੀਤੀ ਜਾਵੇ। ਲਿਖੇ ਗਏ ਪੱਤਰ ਅਤੇ ਅਖਬਾਰਾਂ ਵਿਚ ਛਪੀਆਂ ਖਬਰਾਂ ਤੋ ਬਾਅਦ ਪੰਜਾਬ ਸਰਕਾਰ ਨੇ ਇਸ ਅਧਿਕਾਰੀ ਨੂੰ ਸੰਯੁਕਤ ਵਿਕਾਸ ਕਮਿਸ਼ਨਰ, ਪੰਜਾਬ, ਪੇਡੂ ਵਿਕਾਸ ਵਿਭਾਗ ਮੁਹਾਲੀ ਦੇ ਆਹੁਦੇ ਤੋ 4 ਫਰਵਰੀ ਨੂੰ ਤਬਦੀਲ ਕਰ ਦਿੱਤਾ ਸੀ ਅਤੇ ਹੁਕਮ ਤੁਰੰਤ ਲਾਗੂ ਕਰਨ ਬਾਰੇ ਲਿਖਿਆ ਸੀ, ਪ੍ਰੰਤੂ ਪੰਜਾਬ ਸਰਕਾਰ ਦੀ ਸਿਆਸੀ ਸ਼ਹਿ ਪ੍ਰਾਪਤ ਹੋਣ ਕਾਰਨ ਇਸ ਅਧਿਕਾਰੀ ਨੇ ਬਦਲੀ ਦੇ ਹੁਕਮਾਂ ਨੂੰ ਟਿੱਚ ਜਾਣਿਆ ਅਤੇ ਆਪਣੇ ਆਹੁਦੇ ਤੇ ਬਣੇ ਰਹਿੰਦਿਆਂ ਕਈ ਕੋਰਟ ਕੇਸਾਂ ਦੇ ਫੈਸਲੇ ਕੀਤੇ, ਕਈ ਛੋਟੇ ਕਰਮਚਾਰੀ ਰਿਸ਼ਵਤ ਨਾ ਦੇ ਸਕੇ ਉਨ੍ਹਾਂ ਦੀ ਛਾਂਟੀ ਦੇ ਹੁਕਮ ਕੀਤੇ ਅਤੇ ਜਿਲਾ ਦਿਹਾਤੀ ਵਿਕਾਸ ਏਜੰਸੀਆਂ ਵਿਚ ਕੰਮ ਕਰਦੇ ਕਰਮਚਾਰੀਆਂ ਪਾਸੋ ਰਿਸ਼ਵਤ ਲੈਣ ਦੇ ਮਕਸਦ ਨਾਲ ਨਿਯਮਾਂ ਦੇ ਉਲਟ ਬਦਲੀ ਦੇ ਹੁਕਮ ਕੀਤੇ ਜੋ ਰਿਸ਼ਵਤ ਲੈ ਕੇ ਕੈਸਲ ਕੀਤੇ ਗਏ।ਲਿਖੇ ਗਏ ਪੱਤਰ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਇਸ ਅਧਿਕਾਰੀ ਨੇ ਮੁਹਾਲੀ ਵਿਖੇ ਏ.ਡੀ.ਸੀ (ਵਿਕਾਸ) ਦੇ ਦਫਤਰ ਵਿਚ ਇਕ ਕਰਮਚਾਰੀ ਨੂੰ ਤੁਰੰਤ ਰਲੀਵ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਪ੍ਰੰਤੂ ਬਾਅਦ ਵਿਚ ੲ.ਡੀ.ਸੀ (ਵਿਕਾਸ) ਪੁਨੀਤ ਗੋਇਲ ਨਾਲ ਮਿਲੀ ਭੁਗਤ ਕਰਕੇ ਇਸ ਕਰਮਚਾਰੀ ਨੂੰ ਉਸੇ ਹੀ ਦਫਤਰ ਵਿਚ ਰੈਗੂਲਰ ਭਰਤੀ ਕਰ ਦਿੱਤਾ ਅਤੇ ਪਰਖਕਾਲ ਸਮਾਂ ਵੀ ਪੱਕੇ ਕਰਨ ਵਾਲੇ ਹੁਕਮਾਂ ਵਿਚ ਪੂਰਾ ਤਸੱਲੀਬਖਸ਼ ਕਰ ਦਿੱਤਾ, ਜਿਸ ਦੀ ਪੜਤਾਲ ਦੀ ਮੰਗ ਕੀਤੀ ਗਈ ਹੈ।ਉਨ੍ਹਾਂ ਨੇ ਦੱਸਿਆ ਕਿ ਮੁੱਖ ਸਕੱਤਰ ਪੰਜਾਬ ਸਰਕਾਰ ਅਤੇ ਚੀਫ ਡਾਇਰੈਕਟਰ, ਵਿਜੀਲੈਸ ਬਿਓਰੋ ਪੰਜਾਬ ਨੂੰ ਲਿਖੇ ਪੱਤਰ ਵਿਚ ਮੁੜ ਮੰਗ ਕੀਤੀ ਗਈ ਹੈ ਕਿ ਇਸ ਭਰਿਸ਼ਟ ਅਧਿਕਾਰੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਇਸ ਨੂੰ ਬਚਾਉਣ ਵਾਲੇ ਅਧਿਕਾਰੀਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ।ਇਸ ਵਲੋ ਕੀਤੇ ਗਏ ਸਾਰੇ ਹੁਕਮਾਂ ਦੀ ਨਜਰਸਾਨੀ ਇਕ ਕਮੇਟੀ ਬਣਾ ਕੇ ਕੀਤੀ ਜਾਵੇ ਤਾਂ ਜੋ ਇਸ ਵਲੋ ਕੀਤੇ ਭਰਿਸ਼ਟਾਚਾਰ ਦੇ ਚਿੱਠੇ ਸਾਹਮਣੇ ਆ ਸਕਣ।ਕੁਸਲਾ ਨੇ ਇਹ ਵੀ ਦੱਸਿਆ ਕਿ ਜੇਕਰ ਪਜੰਾਬ ਸਰਕਾਰ ਨੇ ਕੁੱਝ ਨਾ ਕੀਤਾ ਤਾਂ ਮਜਬੂਰਨ ਮਾਨਯੋਗ ਪੰਜਾਬ ਐਡ ਹਰਿਆਣਾ ਹਾਈ ਕੋਰਟ ਵਿਚ ਪੀ.ਆਈ.ਐਲ ਦਾਖਲ ਕਰਨੀ ਪਵੇਗੀ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media