Monday, July 6, 2026

ਹਾਕੀ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨਸ਼ੀਲ ਹੁੰਦਲ ਪਰਿਵਾਰ

PPN0506201607
ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ ਬਿਊਰੋ)- ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿਚ ਵੀ ਕੁਝ ਪਰਿਵਾਰ ਅਜਿਹੇ ਹੁੰਦੇ ਹਨ ਜੋ ਸਮਾਜ ਲਈ ਇਕ ਪ੍ਰੇਰਨਾ ਸ੍ਰੋਤ ਤੇ ਰੋਸ਼ਨ ਮੁਨਾਰਾ ਹੋ ਨਿਬੜਦੇ ਹਨ।ਉਨ੍ਹਾਂ ਵਿਚੋਂ ਹੀ ਇਕ ਹੈ, ਹਾਕੀ ਖੇਡ ਖੇਤਰ ਨੂੰ ਸਮਰਪਿਤ ਪਾਖਰਪੁਰਾ ਹੁੰਦਲ ਪਰਿਵਾਰ।ਜਿਸ ਨੇ 8 ਰਾਸ਼ਟਰੀ, ਅੰਤਰਾਸ਼ਟਰੀ ਤੇ ਸੂਬਾ ਪੱਧਰੀ ਹਾਕੀ ਖਿਡਾਰੀ ਦਿੱਤੇ ਹਨ ਤੇ ਕੇਂਦਰ ਤੇ ਪੰਜਾਬ ਸਰਕਾਰ ਦੇ ਅਹਿਮ ਵਿਭਾਗਾਂ ਦੇ ਵਿਚ ਉਚ ਅਹੁਦਿਆਂ ਤੇ ਤੈਨਾਤ ਹਨ।ਅੰਮ੍ਰਿਤਸਰ ਤੇ ਗੁਰਦਾਸਪੁਰ ਸਰਹੱਦੀ ਜਿਲਿਆਂ ਨੂੰ ਆਪਸ ਵਿਚ ਵੰਡਣ ਵਾਲੀ ਹੱਦ ਤੇ ਵੱਸੇ ਪਿੰਡ ਪਾਖਰਪੁਰਾ ਦੇ ਇੰਨਕਲਾਬੀ ਤੇ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਮਾਲਕ ਜਮਹੂਰੀ ਕਦਰਾਂ ਕੀਮਤਾਂ ਦੇ ਉਤਰਦਾਈ ਅਤੇ ਸਮਾਜਿਕ ਰਿਸ਼ਤਿਆਂ ਦੇ ਰਹਿਨੁਮਾ ਸੇਵਾ ਮੁਕਤ ਰੇਲ ਕਰਮਚਾਰੀ ਬਾਪੂ ਕਰਨੈਲ ਸਿੰਘ ਹੁੰਦਲ ਪਾਖਰਪੁਰਾ ਤੇ ਮਾਤਾ ਬਲਵਿੰਦਰ ਕੋਰ ਦੇ ਘਰ ਜਨਮ ਲੈਣ ਵਾਲੇ ਰਾਸ਼ਟਰੀ ਤੇ ਅੰਤਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀਆਂ ਦੇ ਵਿਚ ਰਣਜੀਤ ਸਿੰਘ ਹੁੰਦਲ, ਕੁਲਜੀਤ ਸਿੰਘ ਹੁੰਦਲ, ਪ੍ਰਮਜੀਤ ਸਿੰਘ ਹੁੰਦਲ ਤੇ ਤਸਵੁਰਜੀਤ ਸਿੰਘ ਹੁੰਦਲ ਦੇ ਨਾਮ ਸ਼ਾਮਲ ਹਨ।ਜਦੋਂ ਕਿ ਬਾਪੂ ਜੀ ਦੇ ਪੋਤਰਿਆਂ ਦੇ ਵਿਚ ਅਰਾਏਜੀਤ ਸਿੰਘ ਸੰਹੁੰਦਲ ਸਬ ਜੂਨੀਅਰ ਨੈਸ਼ਨਲ ਖਿਡਾਰੀ ਹੈ ਤੇ ਪ੍ਰਵਾਜ਼ਜੀਤ ਸਿੰਘ ਹੁੰਦਲ, ਹਸਰਤਜੀਤ ਸਿੰਘ ਹੁੰਦਲ, ਜਫਰਜੱਗਬੀਰ ਸਿੰਘ ਹੁੰਦਲ ਜਿਲਾ ਤੇ ਸੂਬਾ ਪੱਧਰ ਦੇ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਹਨ। ਰਣਜੀਤ ਸਿੰਘ ਹੁੰਦਲ ਨੇ ਕੰਬਾਇੰਡ ਯੂਨਿਵਰਸਿਟੀ ਤੇ ਇੰਟਰਵਰਸਿਟੀ ਪੱਧਰ ਦੇ ਰਾਸ਼ਟਰੀ ਤੇ ਅੰਤਰਾਸ਼ਟਰੀ ਖੇਡ ਮੁਕਾਬਲੇ ਵਿਚ ਆਪਣੀ ਕਲਾ ਦਾ ਜੋਹਰ ਦਿਖਾ ਕੇ ਰੇਲਵੇ ਵਿਚ ਬਤੌਰ ਟੀਟੀਈ ਨੋਕਰੀ ਹਾਸਲ ਕੀਤੀ।ਇਸੇ ਤਰ੍ਹਾਂ ਕੁਲਜੀਤ ਸਿੰਘ ਹੁੰਦਲ ਨੇ ਸੀਨੀਅਰ ਨੈਸ਼ਨਲ, ਇੰਡੀਆ ਕੈਂਪ, ਕੰਬਾਇੰਡ ਯੂਨਿਵਰਸਿਟੀ ਤੇ ਇੰਟਰਵਰਸਿਟੀ ਹਾਕੀ ਪ੍ਰਤੀਯੋਗਿਤਾ ‘ਚ ਗੋਲਡ ਮੈਡਲ ਹਾਸਲ ਕਰਕੇ ਰੇਲਵੇ ਵਿਚ ਬਤੋਰ ਟੀਟੀ ਨੋਕਰੀ ਹਾਸਲ ਕੀਤੀ।ਪ੍ਰਮਜੀਤ ਸਿੰਘ ਹੁੰਦਲ ਨੇ ਕੰਬਾਇੰਡ ਯੂਨਿਵਰਸਿਟੀ ਤੇ ਇੰਟਰਵਰਸਿਟੀ ਖੇਡ ਪ੍ਰਤੀਯੋਗਿਤਾ ਦੇ ਵਿਚ ਨਾਮਣਾ ਖੱਟ ਕੇ ਪੰਜਾਬ ਸਿੱਖਿਆ ਵਿਭਾਗ ਦੇ ਵਿਚ ਨੋਕਰੀ ਹਾਸਲ ਕੀਤੀ। ਜਦੋਂ ਕਿ ਅੰਤਰਾਸ਼ਟਰੀ ਹਾਕੀ ਖਿਡਾਰੀ ਤਸੱਵਰਜੀਤ ਸਿੰਘ ਹੁੰਦਲ ਨੇ ਸੀਨੀਅਰ ਨੈਸ਼ਨਲ ਤੇ ਇੰਟਰਵਰਸਿਟੀ ਪ੍ਰਤੀਯੋਿਗਤਾ ਵਿਚ ਗੋਲਡ ਮੈਡਲ ਹਾਸਲ ਕਰਨ ਦੇ ਨਾਲ ਨਾਲ ਅੰਤਰਾਸ਼ਟਰੀ ਪੱਧਰ ਤੇ ਵੀ ਆਪਣੇ ਪਿੰਡ ਪਾਖਰਪੁਰਾ ਤੇ ਹੁੰਦਲ ਪਰਿਵਾਰ ਦਾ ਨਾਮ ਚਮਕਾ ਕੇ ਏਅਰ ਇੰਡੀਆ ਅਕੈਡਮੀ ਵਿਚ ਨੋਕਰੀ ਹਾਸਲ ਕੀਤੀ ਤੇ ਬਾਅਦ ਵਿਚ ਪੰਜਾਬ ਐਂਡ ਸਿੰਧ ਬੈਂਕ ਵਿਚ ਸੇਵਾ ਕਰਨ ਦਾ ਮਾਣ ਹਾਸਲ ਕੀਤਾ।ਪਰ ਅਫਸੋਸ 3 ਸਤੰਬਰ 2014 ਨੂੰ ਇਹ ਖਿਡਾਰੀ ਹਾਕੀ ਖੇਡ ਖੇਤਰ ਤੇ ਖੇਡ ਪ੍ਰੇਮੀਆਂ ਨੂੰ ਵਿਲਕਦੇ ਛੱਡਦਿਆਂ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ। ਅਰਾਏਜੀਤ ਸਿੰਘ ਸੰਜੀਲਾ ਹੁੰਦਲ ਨੇ ਸੀਬੀਐਸਈ ਨੈਸ਼ਨਲ ‘ਚ ਤੇ ਸਕੂਲ ਨੈਸ਼ਨਲ ‘ਚ ਗੋਲਡ ਮੈਡਲ ਹਾਸਲ ਕਰਨ ਦੇ ਨਾਲ ਨਾਲ ਸਬ ਜੂਨੀਅਰ ਨੈਸ਼ਨਲ ਹਾਕੀ ‘ਚ ਹਿੱਸਾ ਲਿਆ।ਕੁੱਲ ਮਿਲਾ ਕੇ ਪਾਖਰਪੁਰਾ ਹੁੰਦਲ ਪਰਿਵਾਰ ਹਾਕੀ ਖੇਡ ਖੇਤਰ ਦੇ ਪ੍ਰਚਾਰ ਪ੍ਰਸਾਰ ਤੇ ਉਤਸ਼ਾਹ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply