Friday, March 20, 2026

ਇਤਿਹਾਸਕ ਹੋ ਨਿਬੜੀਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਖਾਲਸਾਈ ਖੇਡਾਂ

PPN1206201607
ਨਵੀਂ ਦਿੱਲੀ, 12 ਜੂਨ (ਪੰਜਾਬ ਪੋਸਟ ਬਿਊਰੋ) – ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੀ ਤੀਜੀ ਸ਼ਤਾਬਦੀ ਨੂੰ ਸਮਰਿਪਤ ਪ੍ਰੋਗਰਾਮਾਂ ਦੀ ਲੜੀ ਵਿਚ ਆਯੋਜਿਤ ‘ਖਾਲਸਾਈ ਖੇਡਾਂ’ ਸੰਗਤਾਂ ਦੇ ਹੁੰਗਾਰੇ ਅਤੇ ਇਸ ਕਿਸਮ ਦੇ ਮੁਕਾਬਲੇ ਦੇ ਆਯੋਜਨ ਪੱਖੋਂ ਇਤਿਹਾਸਕ ਹੋ ਨਿਬੜੀਆਂ। ਪੱਛਮੀ ਦਿੱਲੀ ਦੇ ਮੰਨੇ-ਪ੍ਰਮੰਨੇ ਇਲਾਕੇ ਪੰਜਾਬੀ ਬਾਗ ਦੀ ਐਮ.ਸੀ.ਡੀ. ਪਾਰਕ, ਗੁਰਦੁਆਰਾ ਟਿਕਾਣਾ ਸਾਹਿਬ ਦੇ ਸਾਹਮਣੇ ਵਿਚ ਆਯੋਜਿਤ ਇਨ੍ਹਾਂ ਖੇਡਾਂ ਦੌਰਾਨ ਗਤਕਾ, ਘੁੜਸਵਾਰੀ ਅਤੇ ਹੋਰ ਸਿੱਖ ਰਵਾਇਤੀ ਮਾਰਸ਼ਲ ਆਰਟਸ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਵਾਇਆ ਗਿਆ। ਦਿੱਲੀ ਕਮੇਟੀ ਦੇ ਇਤਿਹਾਸ ਵਿਚ ਅਜਿਹਾ ਖੇਡ ਪ੍ਰਦਰਸ਼ਨ ਪਹਿਲੀ ਵਾਰ ਕਰਵਾਇਆ ਗਿਆ ਸੀ, ਜਿਸ ਪ੍ਰਤੀ ਸਿੱਖ ਅਤੇ ਗੈਰ-ਸਿੱਖ ਸ਼ਰਧਾਲੂਆਂ ਵੱਲੋਂ ਬਰਾਬਰ ਦਿਲਚਸਪੀ ਅਤੇ ਉਤਸ਼ਾਹ ਦਰਸਾਇਆ ਗਿਆ।
ਖੇਡ ਪ੍ਰਦਰਸ਼ਨ ਦੇ ਆਯੋਜਨ ਵਿਚ 96 ਕਰੋੜੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਦਲ ਬਾਬਾ ਬਿਧੀਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਅਤੇ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀਆਂ ਮਾਰਸ਼ਲ ਆਰਟਸ ਟੀਮਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਪ੍ਰੋਗਰਾਮ ਦੌਰਾਨ ਉਕਤ ਜੱਥਿਆਂ ਨਾਲ ਸਬੰਧਿਤ ਨੌਜਵਾਨਾਂ ਨੇ ਗਤਕਾ ਕਲਾ ਦੇ ਜੌਹਰ ਦਿਖਾ ਕੇ ਦਰਸ਼ਕਾਂ ਦੀ ਵਾਹ-ਵਾਹੀ ਖੱਟੀ।ਘੁੜਸਵਾਰੀ ਪ੍ਰਦਰਸ਼ਨ ਦੌਰਾਨ ਘੁੜਸਵਾਰਾਂ ਵੱਲੋਂ ਦਿਖਾਏ ਗਏ ਕਰਤਬਾਂ ਨੂੰ ਵੇਖ ਕੇ ਸਰੋਤੇ ਅਸ਼-ਅਸ਼ ਕਰ ਉਠੇ। ਪ੍ਰੋਗਰਾਮ ਦੇ ਅੰਤ ਵਿਚ ਸਮੂਹ ਖਿਡਾਰੀਆਂ ਨੂੰ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਇਸ ਮੌਕੇ ਗਾਇਕਾ ਸਤਵਿੰਦਰ ਕੌਰ ਬਿੱਟੀ ਵੱਲੋਂ ਧਾਰਮਕ ਗੀਤਾਂ ਦੀ ਪੇਸ਼ਕਾਰੀ ਰਾਹੀਂ ਖਾਲਸਾ ਪੰਥ ਦੇ ਸੁਨਹਿਰੀ ਇਤਿਹਾਸ ਨੂੰ ਸੰਗਤਾਂ ਸਾਹਮਣੇ ਪੇਸ਼ ਕੀਤਾ ਗਿਆ।ਅਜਿਹੇ ਨਿਵੇਕਲੇ ਪ੍ਰੋਗਰਾਮ ਦੇ ਆਯੋਜਨ ਲਈ ਸੰਗਤਾਂ ਵੱਲੋਂ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਦੀ ਮੰਗ ਕੀਤੀ ਗਈ, ਜਿਸ ਪ੍ਰਤੀ ਮਨਜੀਤ ਸਿੰਘ ਜੀ.ਕੇ ਅਤੇ ਮਨਜਿੰਦਰ ਸਿੰਘ ਸਿਰਸਾ ਨੇ ਆਪਣੀ ਵਚਨਬੱਧਤਾ ਪ੍ਰਗਟਾਈ।
ਪ੍ਰੋਗਰਾਮ ਦੇ ਆਯੋਜਨ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੰਗਤਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ-ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ, ਉਨ੍ਹਾਂ ਦੀ ਸ਼ਹਾਦਤ ਦੀ ਮਹੱਤਤਾ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਇਸ ਸਬੰਧ ਵਿਚ ਆਉਣ ਵਾਲੇ ਦਿਨਾਂ ਵਿਚ ਆਯੋਜਿਤ ਕੀਤੇ ਜਾ ਰਹੇ ਬਾਕੀ ਪ੍ਰੋਗਰਾਮਾਂ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ।ਉਨ੍ਹਾਂ ਮਹਿਰੌਲੀ ਦੀ ਪਾਰਕ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲਗਾਉਣ ਲਈ ਦਿੱਲੀ ਸਰਕਾਰ ਵੱਲੋਂ ਇਜਾਜਤ ਨਾ ਦਿੱਤੇ ਜਾਣ ਨੂੰ ਮੰਦਭਾਗੀ ਅਤੇ ਸੌੜੀ ਸਿਆਸਤ ਨਾਲ ਭਰਪੂਰ ਕਾਰਵਾਈ ਕਰਾਰ ਦਿੱਤਾ।ਇਸ ਮੌਕੇ ਆਪਣੇ ਸੰਬੋਧਨ ਵਿਚ ਸ੍ਰ: ਸਿਰਸਾ ਨੇ ਕਿਹਾ ਕਿ ਉਨ੍ਹਾਂ ਖਾਲਸਾਈ ਖੇਡਾਂ ਦੇ ਆਯੋਜਨ ਵਾਲੀ ਇਸ ਪਾਰਕ ਦਾ ਨਾਮ 1984 ਕਤਲੇਆਮ ਦੇ ਸ਼ਹੀਦਾਂ ਦੇ ਨਾਮ ‘ਤੇ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਦਿੱਲੀ ਕਮੇਟੀ ਦੇ ਤਤਕਾਲੀ ਪ੍ਰਬੰਧਕਾਂ ਵੱਲੋਂ ਕਥਿਤ ਤੌਰ ‘ਤੇ ਪੰਥ ਨਾਲ ਕੀਤੇ ਗਏ ਧੋਖੇ ਕਾਰਨ ਇਥੋਂ ਦੀ ਤਤਕਾਲੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਅਜਿਹਾ ਹੋਣ ‘ਤੇ ਰੋਕ ਲਗਵਾ ਦਿੱਤੀ ਸੀ। ਖਾਲਸਾ ਖੇਡਾਂ ਦੇ ਇਸ ਪ੍ਰਦਰਸ਼ਨ ਦੇ ਮੁੱਖ ਮਹਿਮਾਨ ਗੁਰਦੁਆਰਾ ਟਿਕਾਣਾ ਸਾਹਿਬ, ਪੰਜਾਬੀ ਬਾਗ ਦੇ ਮੁਖੀ ਮਹੰਤ ਹਰਬੰਸ ਸਿੰਘ ਜੀ ਅਤੇ ਸੰਤ ਅੰਮ੍ਰਿਤਪਾਲ ਸਿੰਘ ਜੀ ਸਨ ਜਦਕਿ ਸਟੇਜ ਦਾ ਸੰਚਾਲਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿਚ ਆਈਆਂ ਸੰਗਤਾਂ ਲਈ ਛਬੀਲ ਅਤੇ ਲੰਗਰ ਦੀ ਸੇਵਾ ਗੁਰਦੁਆਰਾ ਟਿਕਾਣਾ ਸਾਹਿਬ ਦੇ ਮਹੰਤ ਹਰਬੰਸ ਸਿੰਘ ਜੀ ਅਤੇ ਸੰਤ ਅਮਿੰਰਤਪਾਲ ਸਿੰਘ ਜੀ ਵੱਲੋਂ ਕੀਤੀ ਗਈ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਐਮ.ਪੀ.ਐਸ. ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ ਅਤੇ ਮੈਂਬਰ ਕੁਲਮੋਹਨ ਸਿੰਘ, ਪਰਮਜੀਤ ਸਿੰਘ ਰਾਣਾ, ਰਵਿੰਦਰ ਸਿੰਘ ਖੁਰਾਣਾ, ਕੁਲਵੰਤ ਸਿੰਘ ਬਾਠ, ਗੁਰਲਾਡ ਸਿੰਘ ਕਾਹਲੋਂ, ਕੈਪਟਨ ਇੰਦਰਪ੍ਰੀਤ ਸਿੰਘ, ਓਂਕਾਰ ਸਿੰਘ ਥਾਪਰ, ਹਰਮੀਤ ਸਿੰਘ ਕਾਲਕਾ, ਚਮਨ ਸਿੰਘ, ਗੁਰਬਖਸ਼ ਸਿੰਘ ਮੌਂਟੂ ਸ਼ਾਹ, ਹਰਦੇਵ ਸਿੰਘ ਧਨੋਆ, ਪਰਮਜੀਤ ਸਿੰਘ ਚੰਢੋਕ, ਤਨਵੰਤ ਸਿੰਘ, ਜਸਬੀਰ ਸਿੰਘ ਜੱਸੀ, ਕੁਲਦੀਪ ਸਿੰਘ ਸਾਹਨੀ, ਸਮਰਦੀਪ ਸਿੰਘ ਸੰਨੀ, ਜਤਿੰਦਰ ਪਾਲ ਸਿੰਘ ਨਰੂਲਾ ਗੋਲਡੀ, ਬੀਬੀ ਧੀਰਜ ਕੌਰ, ਮਨਜੀਤ ਸਿੰਘ ਔਲਖ ਅਤੇ ਕੁਲਦੀਪ ਸਿੰਘ ਭੋਗਲ ਦੇ ਇਲਾਵਾ ਸਮੁੱਚੀ ਦਿੱਲੀ ਤੋਂ ਆਏ ਸਿੱਖ ਸਮਾਜ ਦੇ ਪਤਵੰਤੇ ਸੱਜਣਾਂ ਨੇ ਹਾਜਰੀਆਂ ਭਰੀਆਂ ਅਤੇ ਖਾਲਸਾਈ ਖੇਡਾਂ ਦਾ ਅਨੰਦ ਮਾਣਿਆ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply