ਸਈਉ ਸਉਣ ਦਾ ਮਹੀਨਾ, ਜਦੋਂ ਪੀਂਘ ਮੈਂ ਚੜ੍ਹਾਈ,
ਚੋਇਆ ਮੁੱਖ ਤੋਂ ਪਸੀਨਾ, ਸਈਉ ਸਉਣ ਦਾ ਮਹੀਨਾ।
ਮੇਰੀ ਅੱਥਰੀ ਜਵਾਨੀ, ਟਾਕੀ ਅੰਬਰਾਂ ਨੂੰ ਲਾਵੇ।
ਗੁੱਤ ਸੱਪਣੀ ਦੇ ਵਾਂਗ. ਲੱਕ ਉਤੇ ਵਲ ਖਾਵੇ।
ਦੇਣ ਪੀਂਘ ਨੂੰ ਹੁਲਾਰਾ ਸਭ ਸਖ਼ੀਆਂ ਹੁਸੀਨਾ,
ਸਈਉ ਸਉਣ ਦਾ ਮਹੀਨਾ………………….. ।
ਤੀਆਂ ਵਿਚ ਗਿੱਧੇ ਦਾ, ਸਰੂਰ ਜਿਹਾ ਆ ਗਿਆ।
ਕੁੜੀਆਂ ਦਾ ਗਿੱਧਾ, ਅੱਜ ਧਰਤੀ ਹਿਲਾ ਗਿਆ।
ਕੋਈ ਦੂਰੋਂ ਵੇਖ ਮਾਰੇ ਸੀਟੀ, ਗਭਰੂ ਕਮੀਨਾ,
ਸਈਉ ਸਉਣ ਦਾ ਮਹੀਨਾ…………………. ।
ਗਾਉਣ ਅੱਜ ਤੀਆਂ ਵਿਚ ‘ਕੱਠੀਆਂ ਸਹੇਲੀਆਂ।
ਨਿੱਕੇ ਹੁੰਦੇ ਵਿਹੜੇ ਬਹਿਕੇ ਗੀਟੀਆਂ ਸੀ ਖੇਲੀਆਂ।
ਅੱਜ ਮਾਰੇ ਲਿਸ਼ਕਾਰੇ, ਮੇਰੇ ਲੌਂਗ ਦਾ ਨਗ਼ੀਨਾ,
ਸਈਉ ਸਉਣ ਦਾ ਮਹੀਨਾ ………………….. ।
ਸੱਸ ਦਾ ਸੰਧਾਰਾ ਆਇਆ ਤੀਆਂ ਦੇ ਤਿਉਹਾਰ ਦਾ।
ਸੁਹਲ ਆਇਆ ਸੁਪਨਾ ਸੀ ਮਾਹੀ ਦਿਲਦਾਰ ਦਾ।
ਮੁੱਕ ਚਲੀਆਂ ਨੇ ਤੀਆਂ, ਲੈਣ ਆ ਜਾ ਤੂੰ ਸ਼ਕੀਨਾ,
ਸਈਉ ਸਉਣ ਦਾ ਮਹੀਨਾ, ਚੋਇਆ ਮੁੱਖ਼ ਤੋਂ ਪਸੀਨਾ।
ਮਲਕੀਅਤ ਸੁਹਲ
ਗ਼ਜ਼ਲ ਨਿਵਾਸ, ਨੋਸ਼ਹਿਰਾ ਬਹਾਦਰ,
ਡਾਕ- ਤਿੱਬੜੀ (ਗੁਰਦਾਸਪੁਰ)
ਮੋ-9872848610