‘ਫੁੱਲ ਤੇ ਕੁੜੀਆਂ’ ਕਮਲਜੀਤ ਕੌਰ ‘ਕਮਲ’ ਦੀ ਪਲੇਠੀ ਕਾਵਿ-ਰਚਨਾ ਹੈ।”ਰੇਡੀਓ ਸੱਚ ਦੀ ਗੂੰਜ” ਹਾਲੈਂਡ ਦੇ ਚੇਅਰਮੈਨ ਸ. ਹਰਜੋਤ ਸਿੰਘ ਸੰਧੂ ਮੁੱਖ ਸੰਪਾਦਕ ‘ਪੰਜਾਬੀ ਇਨ ਹਾਲੈਂਡ’ ਦਾ ਵਿਸ਼ੇਸ਼ ਸਹਿਯੋਗ ਹੈ, ਇਸ ਅਦਾਰੇ ਦਾ ਮੁੱਖ ਮਨੋਰਥ ਸਾਮਾਜਿਕ ਕੁਰੀਤੀਆਂ,
ਭਰੂਣ ਹੱਤਿਆ, ਜਾਤੀਵਾਦੀ ਸਿਸਟਮ, ਨਸ਼ਿਆਂ ਵਿਰੁੱਧ ਸਮਾਜ ਨੂੰ ਜਾਗਿਰਤ ਕਰਨਾ ਤੇ ਪਰਵਾਸੀ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਉਘਾੜਨ ਤੇ ਉਨਾਂ ਨੂੰ ਲੋਕ ਭਲਾਈ ਲਈ ਉਤਸ਼ਾਹਿਤ ਕਰਨਾ ਹੈ।
ਨਵੀਂ ਪੀੜ੍ਹੀ ਦੀਆਂ ਪੰਜਾਬੀ ਕਵਿੱਤਰੀਆਂ ਵਿੱਚ ਕਮਲਜੀਤ ਕੌਰ ਦਾ ਆਪਣਾ ਵਿਸ਼ੇਸ਼ ਸਥਾਨ ਹੈ। ਕਮਲਜੀਤ ਕੌਰ ਦੀਆਂ ਕਵਿਤਾਵਾਂ ਫੇਸਬੁੱਕ ਅਤੇ ਮੈਗਜ਼ੀਨਾਂ ਵਿੱਚ ਲੰਬੇ ਸਮੇਂ ਤੋਂ ਪ੍ਰਕਾਸ਼ਿਤ ਹੋ ਰਹੀਆਂ ਹਨ।ਇਹਨਾਂ ਦੀਆਂ ਰਚਨਾਵਾਂ ਨੂੰ ‘ਸਿਰਜਣਹਾਰੀਆਂ’ ਕਾਵਿ-ਸੰਗ੍ਰਹਿ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਉਸ ਦੀਆਂ ਬਹੁਤੀਆਂ ਕਵਿਤਾਵਾਂ ਕੁੜੀਆਂ/ਧੀਆਂ ਨੂੰ ਸੰਬੋਧਨੀ ਰੂਪ ਵਿੱਚ ਮੁਖਾਤਿਬ ਹੁੰਦੀਆਂ ਹਨ।ਉਸ ਦੇ ਮਨ ਵਿੱਚ ਧੀਆਂ ਪ੍ਰਤੀ ਪਿਆਰ ਅਤੇ ਹੋਂਦ ਦਾ ਨਿੱਘਾ ਅਹਿਸਾਸ ਵੀ ਨਿਰੰਤਰ ਬਣਿਆ ਹੋਇਆ ਹੈ। ਕਮਲਜੀਤ ਕੌਰ ਆਪਣੇ ਆਲੇ-ਦੁਆਲੇ ਸੱਚ ਦੇਖਣਾ ਚਾਹੁੰਦੀ ਹੈ, ਜੋ ਆਪਣੇ ਲਈ ਹੀ ਨਹੀਂ ਬਲਕਿ ਪੂਰੇ ਸਮਾਜ ਲਈ ਹੈ, ਕਮਲਜੀਤ ਕੌਰ ਨੇ ਇਸ ਕਾਵਿ-ਸੰਗ੍ਰਹਿ ਵਿੱਚ ਪੰਜਾਬ ਅਤੇ ਕਿਸਾਨ ਦੀ ਮਾੜੀ ਹਾਲਤ ਦਾ ਵਰਨਣ ਵੀ ਭਾਵਪੂਰਤ ਸ਼ਬਦਾਂ ਵਿੱਚ ਕੀਤਾ ਹੈ ।
‘ਅੰਨ ਭਗਵਾਨ’ ਤੇ ਮੇਰੇ ਦੇਸ਼ ਦੇ ਕਿਸਾਨਾ’ ਰਚਨਾਵਾਂ ਦੇ ਨਾਂ ਵਰਨਣਯੇਗ ਹਨ।ਕਾਵਿ-ਸੰਗ੍ਰਹਿ ‘ਫੁੱਲ ਤੇ ਕੁੜੀਆਂ’ ਵਿਚਲੀਆਂ ਸਾਰੀਆਂ ਹੀ ਕਵਿਤਾਵਾਂ ਤੇ ਗੀਤ ਪੜਣ ਤੇ ਵਿਚਾਰਨ ਯੋਗ ਹਨ। ਕਮਲਜੀਤ ਕੌਰ ਨੇ ਆਪਣੀ ਇਸ ਕਾਵਿ-ਪੁਸਤਕ ਵਿਚ ਇੱਕ ਔਰਤ ਦੇ ਦਿਲ ਦਾ ਹਾਲ, ਹਾਵ ਭਾਵ, ਮਨੋ-ਦਸ਼ਾ, ਅੱਡ-ਅੱਡ ਹਾਲਾਤ ਉਸ ਨੂੰ ਵੱਖ-ਵੱਖ ਮੌਕਿਆਂ ‘ਤੇ ਕਿਵੇਂ ਟੱਕਰਦੇ ਨੇ ਉਨਾਂ ਪਲਾਂ ਦੀ ਬਾਤ ਪਾਈ ਹੈ।ਕਮਲਜੀਤ ਕੌਰ ਦੀ ਕਵਿਤਾ ਵਿੱਚ ਸਾਰੇ ਰੰਗ ਹਨ।ਜਿਥੇ ਉਹ ਔਰਤ ਦੀ ਦੀ ਕੋਮਲਤਾ, ਉਸ ਦੇ ਬਿਰਹਾ ਤੇ ਨਾਜ਼ੁਕ ਅਹਿਸਾਸਾਂ ਦੀ ਗੱਲ ਕਰਦੀ ਹੈ, ਉਥੇ ਔਰਤ ਦੀ ਤਾਕਤ ਤੋਂ ਵੀ ਵਾਕਫ਼ ਹੈ।ਸਦੀਆਂ ਤੋਂ ਦੱਬੀ ਭਾਰਤੀ ਨਾਰੀ ਨੂੰ ਇਨਸਾਫ਼ ਦਿਵਾਉਣ ਲਈ ਜਿੱਥੇ ਸਾਹਿੱਤਕ ਪੱਧਰ ‘ਤੇ ਗੱਲ ਹੋਣੀ ਸ਼ੁਰੂ ਹੋਈ ਹੈ।ਉਥੇ ਵਿਹਾਰਕ ਪੱਧਰ ‘ਤੋ ਵੀ ਹੋਣੀ ਲਾਜ਼ਮੀ ਹੈ, ਕਿਉਂਕਿ ਅਜੋਕੇ ਭਾਰਤੀ ਸਮਾਜ ਵਿੱਚ ਵਿਹਾਰਕ ਪੱਧਰ ‘ਤੇ ਉਹੀ ਜੁੱਗਾਂ ਪੁਰਾਣੀ ਮਾਨਸਿਕਤਾ ਕਾਇਮ ਹੈ, ਜਿੱਥੇ ਜਨਮ ਸਮੋਂ ਕੁੜੀ ਨੂੰ ਗਲ ਘੁੱਟ ਕੇ ਜਾਂ ਜ਼ਹਿਰ ਦੇ ਕੇ ਮਾਰਨ ਦੀ ਗੱਲ ਸੀ, ਉਸ ਦੀ ਥਾਂ ਹੁਣ ਭਰੂਣ ਹੱਤਿਆ ਦੇ ਕੁਕਰਮ ਨੇ ਲੈ ਲਈ।
ਆਜ਼ਾਦ ਭਾਰਤ ਵਿੱਚ ਵੀ ਸੰਤਾਪ ਹੰਢਾਉਂਦੀ ਨਾਰੀ ਜਾਤੀ ਲਈ ਕਮਲਜੀਤ ਕੌਰ ਨੇ ਕਈ ਅਰਥ ਭਰਪੂਰ ਨਜ਼ਮਾਂ ਲਿਖੀਆਂ ਹਨ ਜਿਨਾਂ ਵਿੱਚੋਂ …… ‘ਦਿਓ’ …ਹੈ।’ਦਿਓ’ ਛੋਟੋ ਹੁੰਦਿਆਂ ਦਾਦੀ ਮੇਰੀ ਸਣਾਉਂਦੀ ਸੀ ਕਹਾਣੀ।ਇੱਕ ਦਿਓ ਦੀ!ਜੋ ਚੁੱਕ ਕੇ ਲੈ ਜਾਂਦਾ ਸੀ, ਪਿੰਡ ‘ਚੋਂ ਕੋਈ ਵੀ ਕੁੜੀ।ਮੰਨ ਜਾਂਦੀ ਸੀ ਮੈਂ ਉਵੇਂ।ਪਰ ਹੁਣ ਸਮੇਂ ਦੇ ਨਾਲ, ਵਿਗਿਆਨਕ ਜੁੱਗ ਵਿੱਚ, ਮੇਰੀ ਸੋਚਣੀ ਵਿਕਸਤ ਹੋਈ, ਸਮਝ ਆ ਗਿਆ ਮੈਨੂੰ।ਦਿਓ ਤਾਂ ਹੁਣ ਵੀ ਜਿਊਂਦੈ, ਜਾਗਦੈ ਅਖ਼ਬਾਰਾਂ ‘ਚ ਨਿੱਤ, ਸੁਰਖੀਆਂ ਵੀ ਬਟੋਰਦੈ।ਧੀਆਂ ਵੀ ਚੁੱਕਦੈ।ਜ਼ਮਾਨਾ ਤਾਂ ਬਦਲਿਆ, ਪਰ ਨਹੀ ਬਦਲੀ ਤਾਂ ਕਹਾਣੀ ਉਸ ਭੁੱਖੇ ਦਿੳ ਦੀ ।
ਕਮਲਜੀਤ ਕੌਰ ਨੇ ਸਮੁੱਚੇ ‘ਕਾਵਿ-ਸੰਗ੍ਰਹਿ’ ਦਾ ਨਿਚੋੜ ਪਾਠਕ ਦੀ ਤਲੀ ‘ਤੇ ਰੱਖ ਦਿੱਤਾ ਹੈ।’ਕਲਮ ਦਾ ਕੋਈ ਵਤਨ ਨਹੀ ਹੁੰਦਾ’ ਕਲਮ ਤਾਂ ਆਜ਼ਾਦ ਹੁੰਦੀ, ਟੱਪਦੀ ਸਰਹੱਦਾਂ ਭੁੱਲ ਜਾਂਦੀ ਸਾਰੀਆਂ ਹੱਦਾਂ। ਨਾ ਡਰੇ ਨਾ ਤੌਬਾ ਕਰੇ, ਕਰੇ ਤਾਂ ਕਰੇ ਸੱਚੀਆਂ ਤੇ ਖਰੀਆਂ ਗੱਲਾਂ।ਕਮਲਜੀਤ ਕੌਰ ਦੀ ਕਲਮ ਆਪਣੇ ਵਤਨ, ਕੌਮ, ਸਮਾਜ, ਦੱਬੇ-ਕੁਚਲੇ ਅਵਾਮ ਦੇ ਹਿੱਤਾ ਲਈ ਨਿਰੰਤਰ ਜੂਝਦੀ ਰਹੇ।ਪੰਜਾਬੀ ਸਾਹਿਤ ਦੇ ਅੰਬਰ ਵਿੱਚ ਉਸ ਦੀ ਇਹ ਭਰਵੀਂ ਤੇ ਮਨਮੋਹਕ ਉਡਾਣ ਦਸਦੀ ਹੈ ਕਿ ਉਹ ਜਲਦੀ ਹੀ ਸਾਹਿਤ ਗਗਨ ਵਿੱਚ ਆਪਣੇ ਹਿੱਸੇ ਦਾ ਆਕਾਸ਼ ਮੱਲ ਲਵੇਗੀ। ਕਮਲਜੀਤ ਕੌਰ ਦੀ ਪੁਤਸਕ ‘ਫੁੱਲ ਤੇ ਕੁੜੀਆਂ’ ਨਵੀ ਚਰਚਾਵਾਂ ਦਾ ਸਬੱਬ ਬਣੇਗੀ ਤੇ ਕਾਵਿ-ਜਗਤ ਅੰਦਰਲੀਆਂ ਦਿਸ਼ਾਵਾਂ ਦੀ ਗੱਲ ਤੋਰਾਂਗੀ।
ਮੈਂ ਉਸ ਦੀ ਪਲੇਠੀ ਕਿਤਾਬ ਦੀ ਆਮਦ ‘ਤੇ ਉਸ ਨੂੰ ਵਧਾਈ ਦਿੰਦੀ ਹੋਈ ਦਿਲੋਂ ਖੁਸ਼ੀ ਮਹਿਸੂਸ ਕਰ ਰਹੀ ਹਾਂ।
ਅਰਵਿੰਦਰ ਕੌਰ ਸੰਧੂ
ਸਿਰਸਾ, ਹਰਿਆਣਾ