
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ ਸੱਗੂ) – ਪੰਜਾਬ ਭਾਜਪਾ ਦੇ ਸਾਬਕਾ ਪ੍ਰਦੇਸ਼ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕ੍ਰਿਕੇਟ ਤੋਂ ਸਿਆਸੀ ਨੇਤਾ ਬਣੇ ਨਵਜੋਤ ਸਿੰਘ ਸਿੱਧੂ ‘ਤੇ ਤਿੱਖੇ ਹਮਲੇ ਕਰਦੇ ਹੋਏ ਉਨ੍ਹਾਂ ਨੂੰ ਇਕ ਅਸਫ਼ਲ ਤੇ ਮਤਲਬੀ ਨੇਤਾ ਦੱਸਿਆ ਹੈ। ਅੱਜ ਚੰਡੀਗੜ੍ਹ ਵਿੱਚ ਸਿੱਧੂ ਵੱਲੋਂ ਭਾਜਪਾ ‘ਤੇ ਕੀਤੇ ਗਏ ਤਿੱਖੇ ਹਮਲਿਆਂ ਦੇ ਵਿਰੋਧ ਵਿੱਚ ਸ: ਛੀਨਾ ਨੇ ਕਿਹਾ ਕਿ ਸਿੱਧੂ ਕਦੇ ਭਾਜਪਾ ਨੂੰ ਆਪਣੀ ਮਾਂ ਮੰਨਦਾ ਸੀ ਤਾਂ ਅੱਜ ਫ਼ਿਰ ਉਹ ਪੁੱਤ ਤੋਂ ਕਪੁੱਤ ਕਿਵੇਂ ਹੋ ਗਿਆ?
ਸ: ਛੀਨਾ ਜਿਹੜੇ ਹਮੇਸ਼ਾਂ ਹੀ ਸਿੱਧੂ ਦੇ ਵਿਰੋਧੀਆਂ ਵਿੱਚ ਗਿਣੇ ਜਾਂਦੇ ਸਨ, ਨੇ ਕਿਹਾ ਕਿ ਭਾਜਪਾ ‘ਤੇ ਸਿੱਧੂ ਵੱਲੋਂ ਲਗਾਏ ਗਏ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਨੇ ਕਿਹਾ ਕਿ ਪਾਰਟੀ ਨੇ ਸਿੱਧੂ ਨੂੰ ਹਮੇਸ਼ਾਂ ਹੀ ਉਨ੍ਹਾਂ ਦਾ ਬਣਦਾ ਹੋਇਆ ਸਨਮਾਨ ਦਿੱਤਾ ਹੈ। ਪਰ ਉਹ ਪੁੱਛਣਾ ਚਾਹੁੰਦੇ ਹਨ ਕਿਸ ਸਿੱਧੂ ਨੇ ਭਾਜਪਾ ਲਈ ਕੀ ਕੀਤਾ? ਉਨ੍ਹਾਂ ਨੇ ਕਿਹਾ ਕਿ ਸਿੱਧੂ ਇਕ ਅਸਫ਼ਲ ਸਾਂਸਦ ਸਨ, ਨਾਲ ਹੀ ਉਨ੍ਹਾਂ ਨੇ ਕਦੇ ਵੀ ਆਪਣੀ ਹਲਕੇ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਛੀਨਾ ਨੇ ਸਿੱਧੂ ਤੋਂ ਸਵਾਲ ਕਰਦੇ ਹੋਏ ਕਿਹਾ ਕਿ ਉਹ ਦੱਸੇ ਕਿ ਉਨ੍ਹਾਂ ਕਿਹੜਾ ਵੱਡਾ ਪ੍ਰੋਜੈਕਟ ਆਪਣੇ ਹਲਕੇ ਵਿੱਚ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧੂ ਦੀ ਸੰਸਦ ਵਿੱਚ ਮੌਜ਼ੂਦਗੀ ਪੰਜਾਬ ਦੇ ਸਾਰੇ ਸਾਂਸਦਾਂ ਦੀ ਤੁਲਨਾ ਵਿੱਚ ਸਭ ਤੋਂ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧੂ ਨੇ ਹਮੇਸ਼ਾਂ ਹੀ ਸਵਾਰਥਪੂਰਵਕ ਕਾਰਜ ਕੀਤੇ ਹਨ ਅਤੇ ਲੋਕ ਅਤੇ ਪਾਰਟੀ ਦੇ ਹਿੱਤਾਂ ਲਈ ਕੰਮ ਕਰਨ ਵਿੱਚ ਨਾਕਾਮਯਾਬ ਰਹੇ ਹਨ।
Punjab Post Daily Online Newspaper & Print Media