
ਸੰਦੌੜ, 17 ਸਤੰਬਰ (ਹਰਮਿੰਦਰ ਸਿੰਘ ਭੱਟ)- ਅਕਾਲੀ-ਭਾਜਪਾ ਤੇ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਤਬਾਹੀ ਦੇ ਕੰਢੇ ਪਹੁੰਚ ਚੁੱਕੇ ਪੰਜਾਬ ਨੂੰ ਬਚਾਉਣ ਅਤੇ ਸੂਬੇ ਨੂੰ ਭ੍ਰਿਸ਼ਟਾਚਾਰ, ਨਸ਼ਿਆਂ, ਬੇਰੁਜ਼ਗਾਰੀ ਅਤੇ ਧੱਕੇਸ਼ਾਹੀ ਦੀ ਦਲ-ਦਲ ‘ਚੋਂ ਬਾਹਰ ਕੱਢਣ ਲਈ ਇਸ ਵਾਰ ਕਾਂਗਰਸ ਤੇ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾ ਕੇ ਪੰਜਾਬ ਦੇ ਰਾਜ-ਭਾਗ ਦੀ ਵਾਂਗਡੋਰ ਆਮ ਆਦਮੀ ਪਾਰਟੀ ਦੇ ਹੱਥਾਂ ‘ਚ ਦੇਣਾ ਸਮੇਂ ਦੀ ਮੁੱਖ ਲੋੜ ਹੈ। ਇਹ ਪ੍ਰਗਟਾਵਾ ਇਲਾਕੇ ਦੇ ਸ਼ਕਤੀਸਾਲੀ ਆਗੂ ਟਰੱਕ ਯੂਨੀਅਨ ਮਾਲੇਰਕੋਟਲਾ ਦੇ ਸਾਬਕਾ ਪ੍ਰਧਾਨ ਸ.ਪਰਮਿੰਦਰ ਸਿੰਘ ਗੋਗਾ ਨੇ ਅੱਜ ਇਥੇ ਆਪਣੇ ਦਫਤਰ ਵਿਖੇ ਇਲਾਕੇ ਦੇ ਆਪ ਪਾਰਟੀ ਵਰਕਰਾਂ ਦੀ ਬੁਲਾਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਦੇ ਹੱਕ ‘ਚ ਚੱਲ ਰਹੀ ਲਹਿਰ ਅਤੇ ਆਪ ਵੱਲੋਂ ਪੂਰਨ ਬਹੁੱਮਤ ਨਾਲ ਪੰਜਾਬ ਅੰਦਰ ਸਰਕਾਰ ਬਣਾਉਣ ਦੀਆਂ ਆ ਰਹੀਆਂ ਸਰਵੇ ਰਿਪੋਰਟਾਂ ਤੋਂ ਬੋਖਲਾਹਟ ‘ਚ ਆਏ ਅਕਾਲੀ-ਕਾਂਗਰਸੀ ਹਰ ਤਰ੍ਹਾਂ ਦੀਆਂ ਘੱਟੀਆ ਤੋਂ ਘਟੀਆ ਦੁਸ਼ਣਬਾਜ਼ੀਆਂ ਆਪ ਵਰਕਰਾਂ ‘ਤੇ ਲਗਾ ਕੇ ਆਪ ਨੂੰ ਬਦਨਾਮ ਕਰਨ ਦੀਆਂ ਕੋਸ਼ਿਸਾਂ ਕਰ ਰਹੇ ਹਨ ਪਰੰਤੂ ਪੰਜਾਬ ਦੇ ਸੂਝਵਾਨ ਲੋਕ ਹੁਣ ਇਨ੍ਹਾਂ ਦੀਆਂ ਕੋਝੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਸ. ਗੋਗਾ ਨੇ 2017 ‘ਚ ਪੰਜਾਬ ਅੰਦਰ ਆਪ ਦੀ ਸਰਕਾਰ ਬਣਨ ਦਾ ਦਾਅਵਾ ਕਰਦਿਆਂ ਕਿਹਾ ਕਿ ਅਗਾਮੀ ਵਿਧਾਨ ਚੋਣਾਂ ‘ਚ ਸਾਡੀ ਪਾਰਟੀ ਦੀ ਲੜਾਈ ਮੱਕਾਰ ਤੇ ਡਰਾਮੇਬਾਜ਼ ਪਾਰਟੀਆਂ ਨਾਲ ਹੈ, ਜਿਹੜੀਆਂ ਆਮ ਆਦਮੀ ਪਾਰਟੀ ਨੂੰ ਸੱਤਾ ‘ਚ ਆਉਣ ਤੋਂ ਰੋਕਣ ਲਈ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਖਾਤਰ ਛੋਟੇ-ਛੋਟੇ ਮੁੱਦਿਆਂ ਨੂੰ ਚੁੱਕ ਕੇ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਹਨ।ਉਨ੍ਹਾਂ ਸੱਤਾ ਦੀਆਂ ਲਾਲਚੀ ਅਕਾਲੀ ਦਲ ਤੇ ਕਾਂਗਰਸ ਪਾਰਟੀਆਂ ‘ਤੇ ਪੰਜਾਬ ਦੇ ਮਹੌਲ ਨੂੰ ਖਰਾਬ ਕਰਨ ਅਤੇ ਸਮਾਜਿਕ ਭਾਈਚਾਰੇ ‘ਚ ਫੁੱਟ ਪਾਉਣ ਦੀਆਂ ਕੋਸ਼ਿਸਾਂ ਕਰਨ ਦੇ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਪੰਜਾਬ ਅੰਦਰ ਆਪ ਪਾਰਟੀ ਦੀ ਸਰਕਾਰ ਬਣਨ ਤੋਂ ਹੁਣ ਕੋਈ ਨਹੀਂ ਰੋਕ ਸਕਦਾ, ਕਿਉਂ ਕਿ ਸੂਬੇ ਅੰਦਰ ਆਪ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਪੰਜਾਬ ਵਾਸੀ ਸੂਬੇ ਦੇ ਭ੍ਰਿਸ਼ਟਾਚਾਰੀ ਤੰਤਰ ਅਤੇ ਗੰਦਲੀ ਹੋ ਚੁੱਕੀ ਪੰਜਾਬ ਦੀ ਸਿਆਸਤ ਨੂੰ ਬਦਲਣ ਲਈ ਆਮ ਆਦਮੀ ਪਾਰਟੀ ਨੂੰ ਨਵੀਂ ਆਸ ਦੀ ਕਿਰਨ ਵੱਜੋਂ ਦੇਖ ਰਹੇ ਹਨ। ਸ. ਗੋਗਾ ਨੇ ਕਿਹਾ ਕਿ ਦੂਜੇ ਤੇ ਤੀਜੇ ਨੰਬਰ ਦੀ ਲੜਾਈ ਲੜ੍ਹ ਰਹੀਆਂ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਤੱਕ ਵੀ ਜ਼ਬਤ ਹੋਣਗੀਆਂ। ਸ.ਗੋਗਾ ਨੇ ਪੰਜਾਬ ਵਾਸੀਆਂ ਨੂੰ ਸੂਬੇ ਅੰਦਰ ਆਪ ਦੀ ਸਰਕਾਰ ਬਣਾਉਣ ਦਾ ਸੱਦਾ ਦਿੰਦਿਆਂ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਦੇ ਹੱਕ ‘ਚ ਵੋਟਾਂ ਪਾਉਣ ਤਾਂ ਜੋ ਲੋਕਾਂ ਦੀ ਸਰਕਾਰ ਬਣਾ ਕੇ ਇੱਕ ਆਮ ਆਦਮੀ ਲਈ ਵਧੀਆ ਜੀਵਨ ਜਿਉਣ ਦਾ ਮਹੌਲ ਪੈਦਾ ਕੀਤਾ ਜਾ ਸਕੇ। ਮੀਟਿੰਗ ਦੌਰਾਨ ਹਾਜ਼ਰ ਵਰਕਰਾਂ ਨੂੰ ਆਪੋ-ਆਪਣੇ ਪਿੰਡਾਂ ‘ਚ ਹੁਣੇ ਤੋਂ ਪੂਰੀਆਂ ਸ਼ਕਤੀਆਂ ਝੋਕ ਕੇ ਮੋਰਚੇ ਸੰਭਾਲਣ ਦਾ ਸੱਦਾ ਵੀ ਦਿੱਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਹਨ ਸਿੰਘ, ਸੁਰੇਸ਼ ਖੁਰਦ, ਗੁਰਦੀਪ ਸਿੰਘ ਧਾਲੀਵਾਲ, ਰਘਵੀਰ ਸਿੰਘ, ਦਰਸ਼ਨ ਸਿੰਘ, ਗੋਲਡੀ ਅਤੇ ਜਸਵੀਰ ਸਿੰਘ ਜੱਸੀ ਆਦਿ ਵੀ ਹਾਜ਼ਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media