
ਅੰਮ੍ਰਿਤਸਰ, 23 ਸਤੰਬਰ (ਜਗਦੀਪ ਸਿੰਘ ਸੱਗੂ)-ਇਤਿਹਾਸਕ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਹਿੱਸਾ ਬਣੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ਸਰਕਾਰੀ ਕਾਲਜਾਂ, ਕਾਂਸਟੀਚਿਊਟ ਕਾਲਜਾਂ ਅਤੇ ਐਸੋਸੀਏਸਟ ਇੰਸਟੀਚਿਊਟ ਦੇ ਯੁਵਕ ਮੇਲੇ ਉਤਸ਼ਾਹ ਭਰਪੂਰ ਬਾਜ਼ੀ ਮਾਰਦਿਆਂ ਟਰਾਫ਼ੀ ਆਪਣੇ ਨਾਂਅ ਕਰਕੇ ਕਾਲਜ ਦੇ ਨਾਂਅ ਨੂੰ ਚਾਰ-ਚੰਨ ਲਗਾਇਆ। 4 ਰੋਜ਼ਾ ਚਲੇ ਇਸ ਮੇਲੇ ਵਿੱਚ 34 ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਵਿੱਚ ਵਿਦਿਆਰਥੀਆਂ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਵਿਦਿਆਰਥਣਾਂ ਨੇ ਜਿੱਤ ਹਾਸਲ ਕਰਨ ਉਪਰੰਤ ਅੱਜ ਕਾਲਜ ਵਿਖੇ ਢੋਲ ਦੇ ਡਗੇ ‘ਤੇ ਭੰਗੜਾ-ਗਿੱਧਾ ਤੇ ਬੋਲੀਆਂ ਪਾਉਂਦਿਆਂ ਉਤਸ਼ਾਹ ਭਰਪੂਰ ਜਸ਼ਨ ਮਨਾਇਆ।
ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥਣਾਂ ਦੀ ਇਸ ਉਪਲਬੱਧੀ ‘ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕਾਲਜ ਪ੍ਰਿੰ: ਡਾ. ਨਾਨਕ ਸਿੰਘ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਵਿੱਦਿਆ ਦੇ ਨਾਲ-ਨਾਲ ਹੋਰਨਾਂ ਸਰਗਰਮੀਆਂ ਵਿੱਚ ਸ਼ਾਨਦਾਰ ਉਪਲਬੱਧੀਆਂ ਹਾਸਲ ਕਰ ਰਹੀਆਂ ਹਨ। ਉਨ੍ਹਾਂ ਉਕਤ ਕਾਲਜ ਦੇ ਗਵਰਨਿੰਗ ਕੌਂਸਲ ਦਾ ਹਿੱਸਾ ਬਣਨ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਮੈਨੇਜ਼ਮੈਂਟ ਸ੍ਰੀ ਗੁਰੂ ਤੇਗ ਬਹਾਦਰ ਫਾਰ ਵੂਮੈਨ ਕਾਲਜ ਨੂੰ ਵਿੱਦਿਅਕ ਅਤੇ ਸਹੂਲਤਾਂ ਪੱਖੋਂ ਹਰੇਕ ਸਹਿਯੋਗ ਲਈ ਵਚਨਬੱਧ ਹੈ।
ਇਸ ਮੌਕੇ ਪ੍ਰਿੰ: ਨਾਨਕ ਸਿੰਘ ਨੇ ਜਾਣਕਾਰੀ ਦਿੰਦਿਆਂ ‘ਵਰਸਿਟੀ ਦੇ ਉਕਤ ਮੁਕਾਬਲਿਆਂ ਦੇ ਐਸੋਸੀਏਟ ਇੰਸਟੀਚਿਊਟ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫਾਰ ਵੂਮੈਨ ਚੈਂਪੀਅਨ, ਐੱਸ. ਐੱਸ. ਐੱਸ. ਐੱਸ. ਕਾਲਜ ਆਫ਼ ਆਰਟਸ ਫਾਰ ਵੂਮੈਨ ਰਨਰਜ਼ਅਪ ਅਤੇ ਸੰਤ ਅਵਤਾਰ ਸਿੰਘ ਜੀ ਯਾਦਗਾਰੀ ਕਾਲਜ, ਸੀਂਚੇਵਾਲ ਨੇ ਤੀਸਰਾ ਸਥਾਨ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਕਤ ਮੁਕਾਬਲਿਆਂ ਵਿੱਚ ‘ਏ’ ਡਵੀਜ਼ਨ ਵਿੱਚ ਐੱਸ. ਆਰ. ਸਰਕਾਰੀ ਕਾਲਜ (ਲੜਕੀਆਂ) ਚੈਂਪੀਅਨ, ਐਨ.ਜੇ.ਐਸ.ਏ. ਸਰਕਾਰੀ ਕਾਲਜ, ਕਪੂਰਥਲਾ ਰਨਰਜ਼ਅੱਪ, ਸਰਕਾਰੀ ਕਾਲਜ, ਗੁਰਦਾਸਪੁਰ ਤੀਜਾ ਸਥਾਨ ਅਤੇ ‘ਬੀ’-ਡਵੀਜ਼ਨ ਵਿੱਚ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਮਿਠੜਾ ਚੈਂਪੀਅਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਚੁੰਗ ਰਨਰਜ਼ਅੱਪ ਅਤੇ ਸਰਕਾਰੀ ਕਾਲਜ, ਅਜਨਾਲਾ ਨੇ ਤੀਜੀ ਪੁਜੀਸ਼ਨ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਨੂੰ ਸਮੇਂ ਦੇ ਹਾਣ ਦਾ ਅਤੇ ਕਾਬਲੀਅਤ ਨੂੰ ਉਭਾਰਣ ਲਈ ਅਜਿਹੇ ਮੁਕਾਬਲਿਆਂ ਦਾ ਹਿੱਸਾ ਬਣਨਾ ਚਾਹੀਦਾ ਹੈ, ਜਿਸ ਨਾਲ ਉਹ ਆਪਣੇ ਜੀਵਨ ਵਿੱਚ ਉਪਲਬੱਧੀਆਂ ਹਾਸਲ ਕਰਨ ਲਈ ਉਤਸ਼ਾਹਿਤ ਹੁੰਦਾ ਹੈ।
Punjab Post Daily Online Newspaper & Print Media