
ਅੰਮ੍ਰਿਤਸਰ, 15 ਅਕਤੂਬਰ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਖ਼ਤ ਲਫਜ਼ਾਂ ਵਿੱਚ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਅਸ਼ੀਸ਼ ਖੇਤਾਨ ਅਤੇ ਸੰਜੈ ਸਿੰਘ ਮੇਰੇ ਵੱਲੋਂ ਸਥਾਨਿਕ ਅਦਾਲਤ ਵਿੱਚ ਕੀਤੇ ਗਏ ਅਪਰਾਧਿਕ ਮਾਣਹਾਨੀ ਕੇਸ ਪ੍ਰਤੀ ਪਹਿਲੇ ਦਿਨੋਂ ਹੀ ਨਿੱਜੀ ਪੇਸ਼ੀ ਅਤੇ ਰੋਜ਼ਾਨਾ ਸੁਣਵਾਈ ਤੋਂ ਭੱਜ ਕੇ ਕੇਸ ਨੂੰ ਲਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਮੈਨੂੰ ਪਰਮਾਤਮਾ ਅਤੇ ਨਿਆਂ ਪ੍ਰਣਾਲੀ ਵਿੱਚ ਪੱਕਾ ਵਿਸ਼ਵਾਸ ਹੈ ਅਤੇ ਮੈਂ ਇਸ ਝੂਠਾਂ ਦੇ ਟੋਲੇ ਦਾ ਪਰਦਾਫਾਸ਼ ਕਰ ਕੇ ਇਹਨਾਂ ਨੌਕਟੰਕੀਬਾਜਾਂ ਨੂੰ ਜੇਲ੍ਹ ਭੇਜ ਕੇ ਹੀ ਦਮ ਲਵਾਂਗਾ।
ਮਜੀਠੀਆ ਜੋ ਕਿ ਅੱਜ ਕੇਜਰੀਵਾਲ ਅਤੇ ਸਾਥੀਆਂ ਖ਼ਿਲਾਫ਼ ਅੰਮ੍ਰਿਤਸਰ ਦੀ ਵਧੀਕ ਸੀ. ਜੇ. ਐਮ. ਸ੍ਰੀਮਤੀ ਰਵੀਇੰਦਰ ਕੌਰ ਦੀ ਅਦਾਲਤ ਵਿੱਚ ਚੱਲ ਰਹੇ ਅਪਰਾਧਿਕ ਮਾਣਹਾਨੀ ਕੇਸ ਦੀ ਸੁਣਵਾਈ ਮਗਰੋਂ ਕਚਹਿਰੀ ਕੰਪਲੈਕਸ ਵਿੱਚ ਪ੍ਰੈੱਸ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਨੇ ਦੱਸਿਆ ਕਿ ‘ਪਾਪ’ ਪਾਰਟੀ ਦੀ ਫਿਲਾਸਫ਼ੀ ਅਤੇ ਪਾਲਿਸੀ ਝੂਠ ਅਤੇ ਲੋਕਾਂ ਨੂੰ ਗੁਮਰਾਹ ਕਰਨਾ ਹੀ ਰਹਿ ਗਿਆ ਹੈ।
ਉਨਾਂ ਕਿਹਾ ਕਿ ਅੱਜ ਉਕਤ ਤਿੰਨੇ ਆਗੂ ਬੇ ਗੈਰਤਾਂ ਵਾਂਗ ‘ਮਸ਼ਰੂਫ’ ਹੋਣ ਦਾ ਬਹਾਨਾ ਬਣਾ ਕੇ ਅਦਾਲਤ ਤੋਂ ਭਜ ਰਹੇ ਹਨ, ਇਹਨਾਂ ਨੂੰ ਆਪਣੀ ਕਹੀ ਗਲ ‘ਤੇ ਭਰੋਸਾ ਹੁੰਦਾ ਤਾਂ ਇਹ ਭੱਜ ਦੇ ਨਾ।ਇਹਨਾਂ ਦੇ ਭਜਣ ਤੋਂ ਇਹ ਸਾਫ਼ ਪਤਾ ਲਗਦਾ ਹੈ ਕਿ ਇਹਨਾਂ ਲੋਕਾਂ ਵੱਲੋਂ ਸੌੜੇ ਰਾਜਸੀ ਹਿਤਾਂ ਲਈ ਮੇਰੇ ਵਿਰੁੱਧ ਲਗਾਏ ਗਏ ਇਲਜ਼ਾਮਾਂ ਵਿੱਚ ਕੋਈ ਦਮ ਨਹੀਂ। ਉਨ੍ਹਾਂ ਕਿਹਾ ਕਿ ਮੈਨੂੰ ਗੁਰੂ ਅਤੇ ਨਿਆਂ ਪਾਲਕਾ ‘ਤੇ ਪੂਰਾ ਭਰੋਸਾ ਹੈ ਅਤੇ ਉਹ ਦਿਨ ਦੂਰ ਨਹੀਂ ਜਦ ਕੇਜਰੀਵਾਲ ਅਤੇ ਇਸ ਦੇ ਸਾਥੀ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਹੋਣਗੇ।
ਹਾਲ ਹੀ ਵਿੱਚ ਇੱਕ ਨਿੱਜੀ ਚੈਨਲ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਕੀਤੇ ਗਏ ਸਰਵੇ ਬਾਰੇ ਪੁੱਛੇ ਜਾਣ ‘ਤੇ ਮਜੀਠੀਆ ਨੇ ਪੂਰੇ ਆਤਮ ਵਿਸ਼ਵਾਸ ਨਾਲ ਕਿਹਾ ਇਹ ਅਕਾਲੀ ਦਲ ਲਈ ਬੜਾ ਸ਼ੁੱਭ ਸ਼ਗਨ ਹੈ ਅਤੇ ਮੈਂ ਚੈਨਲ ਨੂੰ ਇਸ ਲਈ ਵਧਾਈ ਦਿੰਦਾ ਹਾਂ, ਕਿਉਂਕਿ ਸੰਨ 2012 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਵੀ ਇਸ ਚੈਨਲ ਨੇ ਹੀ ਆਪਣੇ ਸਰਵੇ ਵਿੱਚ ਸਾਨੂੰ ਵੱਡੀ ਹਾਰ ਵਿਖਾਈ ਸੀ, ਪਰ ਲੋਕਾਂ ਨੇ ਵੱਡੇ ਫਰਕ ਨਾਲ ਸ. ਪਰਕਾਸ਼ ਸਿੰਘ ਬਾਦਲ ਨੂੰ ਫਤਵਾ ਦਿੰਦਿਆਂ ਸੂਬੇ ਦੀ ਵਾਗਡੋਰ ਸੌਂਪੀ ਸੀ।
ਇਸ ਮੌਕੇ ਸ. ਮਜੀਠੀਆ ਦੇ ਵਕੀਲ ਆਰ. ਕੇ. ਹਾਡੂੰ ਨੇ ਦੱਸਿਆ ਕਿ ਅੱਜ ਤਿੰਨਾਂ ਕਥਿਤ ਦੋਸ਼ੀਆਂ ਨੂੰ ਕੇਸ ਦੀ ਸੁਣਵਾਈ ਅੱਗੇ ਤੋਰਨ ਲਈ ਨੋਟਿਸ ਦਿੱਤੇ ਜਾਣੇ ਸਨ, ਪਰ ਤਿੰਨੇ ਦੋਸ਼ੀ ਇੱਕੋ ਬਹਾਨਾ ‘ਮਸ਼ਰੂਫ ਹਾਂ’ ਦਾ ਰੱਟ ਲਗਾ ਕੇ ਅਦਾਲਤ ਵਿੱਚ ਪੇਸ਼ ਨਹੀਂ ਹੋਏ।ਅਸੀਂ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਕਤ ਤਿੰਨੋ ਕਥਿਤ ਦੋਸ਼ੀਆਂ ਨੂੰ ਨਿੱਜੀ ਪੇਸ਼ੀ ਤੋਂ ਦਿੱਤੀ ਛੋਟ ਰੱਦ ਕਰਕੇ ਕੇਸ ਦੀ ਕਾਰਵਾਈ ਅੱਗੇ ਚਲਾਈ ਜਾਵੇ।
ਇਸ ਮੌਕੇ ਇੰਦਰ ਇਕਬਾਲ ਸਿੰਘ ਅਟਵਾਲ, ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਮੇਜਰ ਸ਼ਿਵੀ, ਤਲਬੀਰ ਸਿੰਘ ਗਿੱਲ, ਜੋਧ ਸਿੰਘ ਸਮਰਾ, ਪ੍ਰੋ. ਸਰਚਾਂਦ ਸਿੰਘ ਮੀਡੀਆ ਸਲਾਹਕਾਰ, ਸੁਖਵਿੰਦਰ ਸਿੰਘ ਗੋਲਡੀ, ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਅਜੈਬੀਰ ਪਾਲ ਸਿੰਘ ਰੰਧਾਵਾ, ਕੌਂਸਲਰ ਅੰਮੂ ਗੁੰਮਟਾਲਾ ਸਮੇਤ ਭਾਰੀ ਗਿਣਤੀ ਵਿੱਚ ਸ: ਮਜੀਠੀਆ ਦੇ ਸਮਰਥਕ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media