ਅੰਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਅੱਜ ਵਿੱਦਿਅਕ ਸੈਸ਼ਨ ਦੇ ਆਰੰਭਤਾ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀਆਂ ਨੂੰ ਵਿਦਿਆ ਦੇ ਨਾਲ ਸਮਾਜ ਸੇਵਾ ’ਚ ਨਿਪੁੰਨਤਾ ਲਈ ਉਤਸ਼ਾਹਿਤ ਕੀਤਾ। ਇਸ ਤੋਂ ਪਹਿਲਾਂ ਅਕਾਲ ਪੁਰਖ ਤੋਂ ਬੇਅੰਤ ਅਸੀਸਾਂ ਲੈਣ ਲਈ ‘ਆਰੰਭਿਕ ਅਰਦਾਸ ਦਿਵਸ’ ਮੌਕੇ ਕਾਲਜ ’ਚ ਆਰੰਭ ਹੋਏ ਸ੍ਰੀ ਸਹਿਜ ਪਾਠ ਦੇ ਭੋਗ ਪੈਣ ਉਪਰੰਤ ਵਿਦਿਆਰਥਣਾਂ ਅਤੇ ਸਟਾਫ਼ ਦੁਆਰਾ ਸ਼ਬਦ ਕੀਰਤਨ ਗਾਇਨ ਕਰਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਵਿੱਦਿਆ ਦੇ ਖ਼ੇਤਰ ’ਚ ਭ੍ਰਿਸ਼ਟਾਚਾਰ ਪੈਦਾ ਹੋ ਰਿਹਾ ਹੈ, ਕਈ ਅਜਿਹੇ ਸਕੂਲ, ਕਾਲਜ ਜਿੱਥੇ ਵੱਡੀਆਂ-ਵੱਡੀਆਂ ਰਕਮਾਂ ਲੈ ਕੇ ਦਾਖਲੇ ਕਰ ਲਏ ਜਾਂਦੇ ਹਨ ਅਤੇ ਪ੍ਰੀਖਿਆ ’ਚ ਅੰਕਾਂ ਦੀ ਗਿਣਤੀ ਜਿਆਦਾ ਪਰ ਵਿੱਦਿਅਕ ਤੇ ਲਿਆਕਤ ਪੱਖੋਂ ਕਮਜ਼ੋਰ ਹੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਆਫ਼ ਨਰਸਿੰਗ ਜਿੱਥੇ ਸ਼ਹਿਰੋਂ ਬਾਹਰ ਤੋਂ ਆਉਂਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਾਬਲੀਅਤ ’ਤੇ ਚੋਣ ਕਰਦੀ ਹੈ, ਉਥੇ ਇਹ ਸਰਹੱਦੀ ਖ਼ੇਤਰ ਦੇ ਵਿਦਿਆਰਥੀਆਂ ਦੀਆਂ ਹਰੇਕ ਸਹੂਲਤ ਲਈ ਤੱਤਪਰ ਹੈ। ਸ: ਛੀਨਾ ਨੇ ਕਿਹਾ ਕਿ ਜਿੱਥੇ ਡਾਕਟਰ ਮਰੀਜ ਦਾ ਇਲਾਜ ਕਰਕੇ ਆਪਣਾ ਫ਼ਰਜ ਪੂਰਾ ਕਰਦਾ ਹੈ, ਉਥੇ ਮਰੀਜਾਂ ਦੀ ਦੇਖਭਾਲ ਤੇ ਉਨ੍ਹਾਂ ਦੀ ਤੰਦਰੁਸਤੀ ’ਚ ਉਨ੍ਹਾਂ ਦਾ ਵੱਡਾ ਸਹਿਯੋਗ ਹੁੰਦਾ ਹੈ।ਉਨ੍ਹਾਂ ਕਿਹਾ ਕਿ ਕੌਂਸਲ ਪ੍ਰੰਪਰਾ ਮੁਤਾਬਕ ਸਮੂਹ ਵਿੱਦਿਅਕ ਅਦਾਰਿਆਂ ’ਚ ‘ਆਰੰਭਿਕ ਅਰਦਾਸ ਦਿਵਸ’ ਕਰਵਾਏ ਜਾਂਦੇ ਹਨ ਤਾਂ ਕਿ ਵਿਦਿਆਰਥੀ ਰਵਾਇਤੀ ਵਿੱਦਿਆ ਤੋਂ ਇਲਾਵਾ ਧਾਰਮਿਕ ਪੜ੍ਹਾਈ ਨਾਲ ਵੀ ਜੁੜ ਸਕੇ।ਕਾਲਜ ਪ੍ਰਿੰਸੀਪਲ ਡਾ. ਨੀਲਮ ਹੰਸ ਨੇ ਮੁੱਖ ਅਤੇ ਹੋਰ ਮਹਿਮਾਨਾਂ ਦਾ ਕਾਲਜ ਦੇ ਵਿਹੜੇ ’ਚ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਕੀਰਤਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸ: ਛੀਨਾ ਨੇ ਪ੍ਰਿੰ: ਡਾ. ਹੰਸ ਨਾਲ ਮਿਲਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸੁਖਦੇਵ ਸਿੰਘ ਅਬਦਾਲ, ਡਾ. ਇੰਦਰਜੀਤ ਸਿੰਘ ਗੋਗੋਆਣੀ, ਪ੍ਰੋ: ਮੋਨਿਕਾ, ਪ੍ਰੋ: ਪਰਮਪ੍ਰੀਤ ਕੌਰ, ਪ੍ਰੋ: ਸੁਮੀਤ, ਸਮੇਤ ਅਧਿਆਪਕ ਸਟਾਫ਼ ਅਤੇ ਵੱਡੀ ਗਿਣਤੀ ’ਚ ਵਿਦਿਆਰਥੀ ਮੌਜ਼ੂਦ ਸਨ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media