
ਬਠਿੰਡਾ, 26 ਦਸੰਬਰ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਕਾਲਜ ਬਠਿੰਡਾ ਵਿਖੇ 5 ਰੋਜ਼ਾ ‘ਇੰਸਪਾਇਰ ਸਾਇੰਸ ਇੰਟਰਨਸ਼ਿਪ ਕੈਂਪ’ ਅੱਜ ਬੜੇ ਉਤਸ਼ਾਹ ਅਤੇ ਜੋਸ਼ ਨਾਲ ਸ਼ੁਰੂਆਤ ਹੋਈ।ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਇਸ ਕੈਂਪ ਦਾ ਮੁੱਖ ਮੰਤਵ ਦੇਸ਼ ਦੇ ਨੋਜਵਾਨ ਵਿਦਿਆਰਥੀਆਂ ਵਿੱਚ ਵਿਗਿਆਨ ਪ੍ਰਤੀ ਉਤਸੁਕਤਾ ਪੈਦਾ ਕਰਨਾ ਅਤੇ ਵਿਗਿਆਨ ਦੀ ਪੜ੍ਹਾਈ ਕਰ ਰਹੇ ਛੋਟੀ ਉਮਰ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਖੋਜ ਕਾਰਜ ਕਰਨ ਲਈ ਆਕਰਸ਼ਿਤ ਕਰਨਾ ਹੈ।ਇਸ ਕੈਂਪ ਦੇ ਉਦਘਾਟਨੀ ਸਮਾਰੋਹ ਮੌਕੇ ਮੁੱਖ ਮਹਿਮਾਨ ਪ੍ਰੋ. (ਡਾ.) ਆਰ. ਕੇ ਕੋਹਲੀ ਵਾਇਸ ਚਾਂਸਲਰ, ਕੇਂਦਰੀ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਅਤੇ ਮੁੱਖ ਬੁਲਾਰੇ ਪ੍ਰੋ. (ਡਾ.) ਮਨਪ੍ਰੀਤ ਸਿੰਘ ਮੰਨਾ, ਡਾਇਰੈਕਟਰ, ਏ.ਆਈ.ਸੀ.ਟੀ.ਈ. ਨਵੀਂ ਦਿੱਲੀ ਨੇ ਸ਼ਮਾਂ ਰੋਸ਼ਨ ਕਰਕੇ ਇਸ ਕੈਂਪ ਦੀ ਸ਼ੂਰੁਆਤ ਕੀਤੀ। ਦੱਸਣ ਯੋਗ ਹੈ ਕਿ ਇਸ ਕੈਂਪ ਵਿੱਚ ਇਸ ਖਿੱਤੇ ਦੇ 36 ਵੱਖ-ਵੱਖ ਸਕੂਲਾਂ ਤੋਂ ਕੁੱਲ 198 ਵਿਦਿਆਰਥੀ ਬਹੁਤ ਹੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ।ਇਸ ਕੈਂਪ ਦੌਰਾਨ ਐਰੀਜੋਨਾ ਸਟੇਟ ਯੂਨੀਵਰਸਿਟੀ (ਯੂ.ਐਸ.ਏ) ਤੋਂ ਪ੍ਰੋ. (ਡਾ.) ਲੀਲੈਂਡ ਐੱਚ. ਹਾਰਟਵੈੱਲ (ਫਿਜ਼ਿਉਲੋਜੀ ਜਾਂ ਮੈਡੀਸਨ ਵਿੱਚ ਨੋਬਲ ਇਨਾਮ ਜੇਤੂ) ਵਿਸ਼ੇਸ਼ ਤੌਰ ’ਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਉੱਚ ਕੋਟੀ ਦੇ ਵਿਗਿਆਨੀ ਜਿੰਨ੍ਹਾਂ ਵਿੱਚ ਆਈ.ਆਈ. ਟੀਜ਼, ਪੰਜਾਬ ਯੂਨੀਵਰਸਿਟੀ ਅਤੇ ਹੋਰ ਉੱਚ ਪੱਧਰ ਦੇ ਵਿੱਦਿਅਕ ਅਦਾਰਿਆਂ ਤੋਂ ਭਟਨਾਗਰ ਐਵਾਰਡੀ ਅਤੇ ਪਦਮ ਐਵਾਰਡੀ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ। ਰਿਸਰਚ ਐਂਡ ਡਿਵੈਲਪਮੈਂਟ ਵਿਭਾਗ ਦੇ ਡੀਨ ਡਾ. ਮਨੀਸ਼ ਗੁਪਤਾ ਨੇ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ।ਉਹਨਾਂ ਨੇ ‘ਇੰਸਪਾਇਰ’ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦਾ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਲਗਾਤਾਰ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਖੋਜ ਅਤੇ ਵਿਕਾਸ ਕਾਰਜਾਂ ਦੇ ਪਸਾਰ ਲਈ ਯਤਨਸ਼ੀਲ ਹੈ।ਇਨੋਵੇਸ਼ਨ ਇਨ ਸਾਇੰਸ ਪਰਸੁਇਟ ਫ਼ਾਰ ਇੰਸਪਾਇਰਡ ਰਿਸਰਚ (ਇੰਸਪਾਇਰ) ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੁਆਰਾ ਲਾਗੂ ਇੱਕ ਰਾਸ਼ਟਰੀ ਪ੍ਰੋਗਰਾਮ ਹੈ, ਜੋ ਵਿਦਿਆਰਥੀਆਂ ਦੇ ਵਿਚਕਾਰ ਮੌਜੂਦ ਪ੍ਰਤਿਭਾ ਨੂੰ ਵਿਗਿਆਨ ਦੇ ਅਧਿਐਨ ਲਈ ਅਤੇ ਖੋਜ ਕਾਰਜ ਵਿੱਚ ਕੈਰੀਅਰ ਨਿਰਮਾਣ ਦੇ ਲਈ ਪ੍ਰੇਰਿਤ ਕਰਦਾ ਹੈ।
ਇਸ ਕੈਂਪ ਦੇ ਪਹਿਲੇ ਦਿਨ ਦੇ ਮੁੱਖ ਬੁਲਾਰੇ ਪ੍ਰੋ.(ਡਾ.) ਮਨਪ੍ਰੀਤ ਸਿੰਘ ਮੰਨਾ, ਡਾਇਰੈਕਟਰ, ਏ.ਆਈ.ਸੀ.ਟੀ.ਈ. ਨਵੀਂ ਦਿੱਲੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕੋਈ ਵੀ ਵਿਅਕਤੀ ਆਪਣੇ ਹੁਨਰ ਅਤੇ ਕੁਸ਼ਲਤਾ ਦੀ ਸਾਰਥਿਕ ਰੂਪ ਵਿੱਚ ਸਹੀ ਵਰਤੋ ਕਰਕੇ ਸਫਲ ਹੋ ਸਕਦਾ ਹੈ।ਉਹਨਾਂ ਨੇ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਵਿੱਚ ਹਰ ਇਕ ਨੂੰ ਤਕਨੀਕ ਦੀ ਵਰਤੋਂ ਕਰਨੀ ਚਾਹੀਦੀ ਹੈ ਪਰ ਦਿਸ਼ਾਹੀਣ ਹੋ ਕੇ ਨਹੀਂ।ਉਹਨਾਂ ਨੇ ਕਿਹਾ ਕਿ ਇਹ ਸਮਾਂ ਆਪਣੀ ਸਮਰੱਥਾ ਅਤੇ ਤਾਕਤ ਦੇ ਗੱਠਜੋੜ ਦਾ ਹੈ।ਉਹਨਾਂ ਨੇ ਵਿਦਿਆਰਥੀਆਂ ਨੂੰ ‘ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ’ ਅਤੇ ‘ਸਵੈਮ’ ਤੋਂ ਇਲਾਵਾ ‘ਸਮਾਰਟ ਇੰਡੀਆ ਹੈਕਾਥੋਨ 2017’ ਬਾਰੇ ਵੀ ਵਿਸਥਾਰ ਨਾਲ ਦੱਸਿਆ। ਇਸ ਕੈਂਪ ਦੇ ਮੁੱਖ ਮਹਿਮਾਨ ਪ੍ਰੋ. (ਡਾ.) ਆਰ. ਕੇ ਕੋਹਲੀ ਵਾਇਸ ਚਾਂਸਲਰ, ਕੇਂਦਰੀ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਆਪਣੀਆਂ ਸੁੱਭ ਕਾਮਨਾਵਾਂ ਦਿੱਤੀਆਂ ਅਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਬਾਬਾ ਫ਼ਰੀਦ ਗੁਰੱਪ ਆਫ਼ ਇੰਸਟੀਚਿਊਸ਼ਨਜ਼ ਦੀ ਸਮੁੱਚੀ ਮੈਨੇਜਮੈਂਟ ਨੂੰ ਇਸ ਕੈਂਪ ਦੇ ਆਯੋਜਨ ਲਈ ਵਧਾਈ ਦਿੱਤੀ।ਉਹਨਾਂ ਆਪਣੇ ਤਜਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਵਿਗਿਆਨ ਨਾਲ ਜੁੜਨ ਦੇ ਮੰਤਵ, ਵਿਗਿਆਨ ਦੀ ਮਹੱਤਤਾ, ਖੋਜ ਦੀ ਮਹੱਤਤਾ ਅਤੇ ਕੈਰੀਅਰ ਗਾਇਡੈਂਸ ਬਾਰੇ ਚਾਨਣਾ ਪਾਇਆ।ਇਸ ਤੋਂ ਇਲਾਵਾ ਉਹਨਾਂ ਨੇ ਵਿਦਿਆਰਥੀਆਂ ਨੂੰ ਮਨੁੱਖੀ ਕਦਰਾਂ ਕੀਮਤਾਂ ਨੂੰ ਅਪਨਾਉਣ ਬਾਰੇ ਵੀ ਪ੍ਰੇਰਿਤ ਕੀਤਾ।ਉਹਨਾਂ ਨੇ ਖੋਜ ਅਤੇ ਪਸਾਰ ਲਈ ਸਰਕਾਰੀ ਫੰਡਿਗ ਯੋਜਨਾਵਾਂ ਅਤੇ ਏਜੰਸੀਆਂ ਬਾਰੇ ਵੀ ਜਾਣੂ ਕਰਵਾਇਆ। ਇਸ ਉਪਰੰਤ ਸੰਸਥਾ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੰਸਥਾ ਦੇ ਡਿਪਟੀ ਡਾਇਰੈਕਟਰ (ਅਕਾਦਮਿਕ) ਡਾ. ਪ੍ਰਦੀਪ ਕੌੜਾ, ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਸ੍ਰੀ ਬੀ.ਡੀ. ਸ਼ਰਮਾ ਅਤੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵੱਖ-ਵੱਖ ਕਾਲਜਾਂ/ਸਕੂਲਾਂ ਦੇ ਪ੍ਰਿੰਸੀਪਲ ਅਤੇ ਵੱਖ-ਵੱਖ ਵਿਭਾਗਾਂ ਦੇ ਮੁੱਖੀ ਹਾਜ਼ਰ ਸਨ।ਅੰਤ ਵਿੱਚ ਸੰਸਥਾ ਦੇ ਡਿਪਟੀ ਡਾਇਰੈਕਟਰ (ਸਹੂਲਤਾਂ) ਹਰਪਾਲ ਸਿੰਘ ਨੇ ਸਭਨਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਅਤੇ ਵਿਹਾਰਕ ਗਿਆਨ ਸਿੱਖਣ ਲਈ ਪ੍ਰੇਰਿਤ ਕੀਤਾ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media