ਫਾਜ਼ਿਲਕਾ, 7 ਫਰਵਰੀ (ਪੰਜਾਬ ਪੋਸਟ – ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਬਨਵਾਲਾ ਹਨਵੰਤਾ ਵਿਚ ਤਿੰਨ ਦਿਨਾਂ ਬਾਬਾ ਰਾਮਦੇਵ ਜੀ ਦਾ ਇਤਿਹਾਸਕ ਮੇਲਾ ਅੱਜ ਧੂਮਧਾਮ ਨਾਲ ਅਮਿਟ ਯਾਦਾਂ ਛੱਡਕੇ ਖ਼ਤਮ ਹੋ ਗਿਆ।
ਤਿੰਨ ਦਿਨਾਂ ਦੇ ਇਸ ਮੇਲੇ ਵਿਚ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਇੱਕ ਲੱਖ ਤੋਂ ਉਪਰ ਪਹੁੰਚ ਗਈ। ਮੇਲੇ ਦੇ ਆਖ਼ਰੀ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਪਹੁੰਚਕੇ ਬਾਬਾ ਜੀ ਦੇ ਸਾਹਮਣੇ ਸ਼ੀਸ਼ ਝੁਕਾਇਆ ਅਤੇ ਮੱਥਾ ਟੇਕਿਆ। ਇਸ ਮੌਕੇ ਸ਼ਰਧਾਲੂਆਂ ਵੱਲੋਂ ਬਾਬਾ ਰਾਮਦੇਵ ਜੀ, ਬਾਬਾ ਖੇਤਰਪਾਲ, ਮਾਤਾ ਡਾਲੀ ਬਾਈ ਦੀਆਂ ਮੂਰਤੀਆਂ ਅਤੇ ਸਮਾਧੀ ਤੇ ਮੱਥਾ ਟੇਕਦੇ ਹੋਏ ਝਾੜੂ, ਨਮਕ ਅਤੇ ਨਾਰੀਅਲ ਦਾ ਪ੍ਰਸਾਦ ਚੜ੍ਹਾਇਆ ਗਿਆ। ਇਸ ਦੌਰਾਨ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਵੱਖ ਵੱਖ ਤਰ੍ਹਾਂ ਦੇ ਖੇਡ ਮੁਕਾਬਲੇ ਕਰਵਾਏ ਗਏਮੰਦਰ ਵੱਲੋਂ ਸ਼ਰਧਾਲੂਆਂ ਲਈ ਲੰਗਰ ਅਤੇ ਚਾਹ ਦੀ ਪੂਰੀ ਵਿਵਸਥਾ ਕੀਤੀ ਗਈ।
ਇਸ ਤੋਂ ਇਲਾਵਾ ਸ਼ਰਧਾਲੂਆਂ ਦੇ ਲਈ ਰਾਤ ਨੂੰ ਆਰਾਮ ਕਰਨ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ। ਮੇਲੇ ਦਾ ਪੂਰਾ ਪ੍ਰਬੰਧ ਵੇਖਣ ਲਈ ਲਗਭਗ 250 ਸੇਵਾਦਾਰਾਂ ਨੇ ਪੂਰੀ ਗੰਭੀਰਤਾ ਅਤੇ ਸੇਵਾ ਭਾਵਨਾ ਨਾਲ ਆਪਣੀਆਂ ਡਿਊਟੀਆਂ ਕੀਤੀਆਂ। ਮੇਲੇ ਵਿਚ ਪਹੁੰਚੇ ਸ਼ਰਧਾਲੂਆਂ ਨੇ ਮੰਦਰ ਵਿਚ ਸ਼ੀਸ਼ ਝੁਕਾਉਂਣ ਤੋਂ ਬਾਅਦ ਮੇਲੇ ਵਿਚ ਲਗਾਈਆਂ ਮੁਨਿਆਰੀ ਅਤੇ ਹੋਰ ਸਮਾਨ ਦੀਆਂ ਸਟਾਲਾਂ ਤੋਂ ਸਮਾਨ ਖਰੀਦਿਆ।ਮੰਦਰ ਵਿਚ ਖੁਦਾਈ ਦੇ ਦੌਰਾਨ ਮਿਲੀ 150 ਸਾਲ ਪੁਰਾਣੀ ਬਾਵੜੀ ਵੀ ਸ਼ਰਧਾਲੂਆਂ ਲਈ ਆਸਥਾ ਦਾ ਕੇਂਦਰ ਰਹੀ। ਇਸ ਦੌਰਾਨ ਮੰਦਰ ਦੇ ਸੇਵਾਦਾਰਾਂ ਵੱਲੋਂ ਮੇਲੇ ਦੇ ਵੇਹੜੇ ਵਿਚ ਸਫ਼ਾਈ ਅਭਿਆਨ ਚਲਾਉਂਦੇ ਹੋਏ ਗੰਦਗੀ ਨੂੰ ਸਾਫ਼ ਕੀਤਾ ਗਿਆ ਅਤੇ ਸ਼ਰਧਾਲੂਆਂ ਨੂੰ ਸਵੱਛਤਾ ਦਾ ਸੁਨੇਹਾ ਦਿੱਤਾ ਗਿਆ।ਮੰਦਰ ਪ੍ਰਬੰਧਕ ਕਮੇਟੀ ਨੇ ਮੇਲੇ ਵਿਚ ਸਹਿਯੋਗ ਕਰਨ ਵਾਲੇ ਸੇਵਾਦਾਰਾਂ, ਪ੍ਰਸ਼ਾਸਨ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media