
ਨਵੀਂ ਦਿੱਲੀ, 11 ਫਰਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਐਫ.ਡੀ.ਆਰ. ਨੂੰ ਲੈ ਕੇ ਬੀਤੇ ਲੰਮੇ ਸਮੇਂ ਤੋਂ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਮੂੰਹ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਵਾਪਿਸ ਸਰਨਾ ਵੱਲ ਮੋੜ ਦਿੱਤਾ।ਕਮੇਟੀ ਅਤੇ ਦਲ ਦੀ ਦਿੱਲੀ ਇਕਾਈ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਲਗਾਤਾਰ ਸਰਨਾ ਵੱਲੋਂ ਆਪਣੇ ਕਾਰਜਕਾਲ ਨੂੰ ਛੱਡਣ ਵੇਲੇ 125 ਕਰੋੜ ਦੀ ਐਫ.ਡੀ.ਆਰ ਕਮੇਟੀ ਵਿੱਚ ਛੱਡ ਕੇ ਜਾਣ ਦੇ ਕੀਤੇ ਜਾਂਦੇ ਦਾਅਵੇ ਨੂੰ ਝੂਠ ਦਾ ਪੁਲੰਦਾ ਕਰਾਰ ਦੇ ਦਿੱਤਾ।ਭਾਗੀ ਐਂਡ ਸਿੰਘ ਐਸੋਸੀਏਟ ਚਾਰਟਿਡ ਅਕਾਊਂਟਸ ਵੱਲੋਂ ਮਿਤੀ 20 ਜੁਲਾਈ 2012 ਨੂੰ ਵਿਤੀ ਵਰ੍ਹੇ 2012 ਦੀ ਜਾਰੀ ਕੀਤੀ ਗਈ ਆਡਿਟ ਰਿਪੋਰਟ ਨੂੰ ਜਨਤਕ ਕਰਦੇ ਹੋਏ ਉਨ੍ਹਾਂ ਨੇ 31 ਮਾਰਚ 2012 ਨੂੰ ਕਮੇਟੀ ਕੋਲ ਲਗਭਗ 71 ਕਰੋੜ 58 ਲੱਖ ਰੁਪਏ ਦੀ ਕੁੱਲ ਐਫ.ਡੀ.ਆਰ ਹੋਣ ਦਾ ਖੁਲਾਸਾ ਕੀਤਾ।
ਉਨ੍ਹਾਂ ਕਿਹਾ ਕਿ ਸਰਨਾ ਦੀ ਲਫਾਜ਼ੀ ਦਾ ਅਸੀਂ ਅੱਜ ਭੋਗ ਪਾ ਦਿੱਤਾ ਹੈ।ਕਿਉਂਕਿ ਬਿਨ੍ਹਾਂ ਕਿਸੇ ਸਬੂਤ ਅਤੇ ਤੱਥ ਦੇ ਸਰਨਾ ਭਰਾਵਾਂ ਵੱਲੋਂ ਲਗਾਤਾਰ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਸੀ।ਜਦਕਿ ਮੌਜ਼ੂਦਾ ਕਮੇਟੀ ਨੇ ਨਾ ਕੇਵਲ ਪੁਰਾਣੀ ਐਫ.ਡੀ.ਆਰ ਨੂੰ ਵਧਾਇਆ ਹੈ, ਸਗੋਂ ਲਗਭਗ 200 ਕਰੋੜ ਰੁਪਏ ਦਾ ਭੁਗਤਾਨ ਬੀਤੇ 4 ਸਾਲ ਦੌਰਾਨ ਕਮੇਟੀ ਦੇ ਰੋਜ਼ਮਰਾ ਦੇ ਖਰਚਿਆਂ ਤੋਂ ਇਲਾਵਾ ਕੀਤਾ ਹੈ।ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵਾਂ ਪ੍ਰਕਾਸ਼ ਪੁਰਬ, ਦਿੱਲੀ ਫਤਿਹ ਦਿਵਸ, ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਸ਼ਤਾਬਦੀ, ਕੁਦਰਤੀ ਕਰੋਪੀ ਦੌਰਾਨ ਨੇਪਾਲ-ਉਤਰਾਖੰਡ -ਜੰਮੂ ਕਸ਼ਮੀਰ ਤੇ ਚੇਨਈ ਵਿਖੇ ਰਾਹਤ ਕਾਰਜ, 1984 ਦੀਆਂ ਵਿਧਾਵਾਵਾਂ ਨੂੰ ਪੈਨਸ਼ਨ, 1984 ਯਾਦਗਾਰ ਤੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀਜ ਦੀ ਉਸਾਰੀ, ਬਾਲਾ ਸਾਹਿਬ ਹਸਪਤਾਲ ਨੂੰ 13.25 ਕਰੋੜ ਰੁਪਏ ਦੇ ਕੇ ਬੀ.ਐਲ. ਕਪੂਰ ਤੋਂ ਆਜ਼ਾਦ ਕਰਾਉਣਾ, 2 ਨਵੀਆਂ ਆਈ.ਟੀ.ਆਈ. ਖੋਲਣਾ, ਕਮੇਟੀ ਸਟਾਫ ਦੀ ਤਨਖਾਹ ਵਿੱਚ ਵਾਧਾ ਕਰਨਾ ਅਤੇ ਸਕੂਲ ਸਟਾਫ ਨੂੰ 6ਵੇਂ ਪੇਅ ਕਮਿਸ਼ਨ ਦੇ ਹਿਸਾਬ ਨਾਲ ਤਨਖਾਹ ਦੇਣਾ ਤੇ ਸਟਾਫ ਦੇ ਬੀਤੇ 11 ਸਾਲ ਦੇ ਬਕਾਇਆ 160 ਕਰੋੜ ਦਾ ਭੁਗਤਾਨ ਸ਼ਾਮਿਲ ਹੈ।
ਉਨਾਂ ਸਰਨਾ ਨੂੰ 125 ਕਰੋੜ ਦੀ ਐਫ.ਡੀ.ਆਰ ਛੱਡ ਕੇ ਜਾਣ ਦੇ ਸਬੂਤ ਜਨਤਕ ਕਰਨ ਦੀ ਵੀ ਚੁਨੌਤੀ ਦਿੱਤੀ। ਉਨ੍ਹਾਂ ਸਾਫ ਕੀਤਾ ਕਿ ਖਾਸ ਰਣਨੀਤੀ ਤਹਿਤ ਕਮੇਟੀ ਵੱਲੋਂ ਅੱਜ ਤੱਕ ਐਫ.ਡੀ.ਆਰ ਦੇ ਮਸਲੇ ’ਤੇ ਸਬੂਤ ਨਹੀਂ ਪੇਸ਼ ਕੀਤੇ ਜਾ ਰਹੇ ਸੀ, ਕਿਉਂਕਿ ਸਰਨਾ ਭਰਾਵਾਂ ਦੀ ਝੂਠ ਦੀ ਕੰਧ ਨੂੰ ਅਸੀਂ ਚੋਣਾਂ ਦੌਰਾਨ ਹੀ ਢਾਹੁਣ ਦੀ ਨੀਤੀ ਬਣਾਈ ਹੋਈ ਸੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media