
ਫਾਜਿਲਕਾ, 20 ਜੂਨ (ਵਿਨੀਤ ਅਰੋੜਾ)- ਸਮਾਜ ਵਿਚ ਵੱਧ ਰਹੀ ਭ੍ਰਿਸ਼ਟਾਚਾਰ, ਨਸ਼ਾਖੋਰੀ, ਦਾਜ ਦੀ ਲਾਹਨਤ ਤੋਂ ਇਲਾਵਾ ਹੋਰਨਾਂ ਸਮਾਜਿਕ ਬੁਰਾਈਆਂ ਤੇ ਠੱਲ੍ਹ ਪਾਉਣ ਲਈ ਪੰਜਾਬ ਵਿਚ ਐਂਟੀ ਕਰੁੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਦੇ ਰਾਸ਼ਟਰੀ ਪ੍ਰਧਾਨ ਰਾਜ ਲਾਲ ਸਿੰਘ ਨੇ ਪੰਜਾਬ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਉਨ੍ਹਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਕਮੇਟੀ ਦੇ ਗਠਨ ਤੋਂ ਬਾਅਦ ਕਮੇਟੀ ਦੇ ਅਹੁਦੇਦਾਰਾਂ ਦੀ ਪਲੇਠੀ ਮੀਟਿੰਗ ਸਥਾਨਕ ਗਊਸ਼ਾਲਾ ਰੋਡ ਸਥਿਤ ਦਫ਼ਤਰ ਵਿਚ ਕੀਤੀ ਗਈ। ਇਸ ਮੀਟਿੰਗ ਵਿਚ ਵੱਖ ਵੱਖ ਮੁੱਦਿਆਂ ਤੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਗਈਆਂ ਅਤੇ ਉਨ੍ਹਾਂ ਦੇ ਹੱਲ ਲਈ ਪ੍ਰਸ਼ਾਸ਼ਨ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਅਹਿਦ ਲਿਆ ਗਿਆ। ਮੀਟਿੰਗ ਵਿਚ ਬੋਲਦੇ ਹੋਏ ਪੰਜਾਬ ਪ੍ਰਧਾਨ ਅਮਨਦੀਪ ਨੇ ਕਿਹਾ ਕਿ ਰਾਸ਼ਟਰੀ ਪ੍ਰਧਾਨ ਰਾਜ ਲਾਲ ਸਿੰਘ ਦਾ ਮੁੱਖ ਉਦੇਸ਼ ਭਾਰਤ ਵਿਚੋਂ ਮੁੱਖ ਬੁਰਾਈਆਂ ਨਸ਼ਾ, ਰਿਸ਼ਵਤਖੋਰੀ, ਜਿਸਮਫਰੋਸ਼ੀ ਅਤੇ ਹੋਰ ਅਸਮਾਜਿਕ ਕੰਮਾਂ ਨੂੰ ਖਤਮ ਕਰਨਾ ਹੈ। ਜਿਸ ਤਹਿਤ ਦੇਸ਼ ਭਰ ਦੇ ਵੱਖ ਵੱਖ ਸੂਬਿਆਂ ਵਿਚ ਇਕਾਈਆਂ ਦਾ ਗਠਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਹੀ ਪੰਜਾਬ ਵਿਚ ਵੀ ਐਂਟੀ ਕਰੁੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਸਥਾਪਤ ਕੀਤੀ ਗਈ ਹੈ। ਜਿਹੜੀ ਪੰਜਾਬ ਵਿਚ ਆਉਣ ਵਾਲੇ ਸਮੇਂ ਵਿਚ ਆਪਣੀ ਵਿਸ਼ੇਸ਼ ਮੁਹਿੰਮ ਦਾ ਅਗਾਜ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਜ਼ਿਲ੍ਹਾ ਪੱਧਰ ਤੇ ਇਕਾਈਆਂ ਦਾ ਗਠਨ ਕੀਤਾ ਜਾਵੇਗਾ। ਜੋ ਕਿ ਪੰਜਾਬ ਦੇ ਭਲੇ ਲਈ ਆਪਣੇ ਆਪਣੇ ਜ਼ਿਲ੍ਹੇ ਵਿਚ ਕੰਮ ਕਰਨਗੀਆਂ। ਇਸ ਤਹਿਤ ਹੀ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਵਿਚ ਇਕਾਈ ਦਾ ਗਠਨ ਕਰਦਿਆਂ ਸ਼ੈਲਿੰਦਰ ਸਿੰਘ ਸ਼ੈਲੀ ਨੂੰ ਫਾਜ਼ਿਲਕਾ ਦਾ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਹੈ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਰੁਪੇਸ਼ ਸ਼ਰਮਾ, ਹਰਮੀਤ ਸਿੰਘ, ਰੁਮਿੰਦਰ ਸਿੰਘ, ਅਮਨਪ੍ਰੀਤ ਸਿੰਘ, ਅਮਰ ਸੋਨੀ ਤੋਂ ਇਲਾਵਾ ਹੋਰ ਅਹੁਦੇਦਾਰ ਹਾਜਰ ਸਨ।
Punjab Post Daily Online Newspaper & Print Media