Thursday, June 11, 2026

ਖੁਦਾਈ ਖਿਦਮਤਗਾਰ ਸੰਸਥਾ ਵਲੋਂ ਵਾਤਾਵਰਣ ਲਈ ਕੰਮ ਕਰਨ ਵਾਲੇ ਸਾਬਕਾ ਡਿਪਟੀ ਕਮਿਸ਼ਨਰਾਂ ਦਾ ਸਨਮਾਨ

PPN2603201709 ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਅੰਮ੍ਰਿਤਸਰ ਜਿਲ੍ਹੇ ਵਿਚ ਸਰਕਾਰੀ ਕੰਮਾਂ ਦੇ ਨਾਲ-ਨਾਲ ਵਾਤਾਵਰਣ ਦੀ ਸ਼ੁਧਤਾ ਲਈ ਤਹਿ ਦਿਲੋਂ ਕੰਮ ਕਰਨ ਵਾਲੇ ਜਿਲ੍ਹੇ ਦੇ ਸਾਬਕਾ ਡਿਪਟੀ ਕਮਿਸ਼ਨਰ, ਜੋ ਕਿ ਇਸ ਵੇਲੇ ਹੋਰ ਵਿਭਾਗਾਂ ਜਾਂ ਜਿਲ੍ਹਿਆਂ ਵਿਚ ਸੇਵਾਵਾਂ ਨਿਭਾਅ ਰਹੇ ਹਨ, ਨੂੰ ਯਾਦ ਕਰਦੇ ਹੋਏ ਅੱਜ ਇਕ ਵਿਸੇਸ਼ ਸਮਾਗਮ ਸਮਾਜ ਸੇਵਾ ਵਿਚ ਰੁੱਝੀ ਸੰਸਥਾ ‘ਖੁਦਾਈ ਖਿਦਮਤਗਾਰ’ ਵੱਲੋਂ ਕਰਦੇ ਹੋਏ ਜਿਲ੍ਹਾ ਵਾਸੀਆਂ ਦੀ ਤਰਫੋਂ ਉਕਤ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਮੁਖੀ ਸ੍ਰੀ ਪਕਾਸ਼ ਸਿੰਘ ਭੱਟੀ ਨੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਅਸੀਂ ਸੰਨ 2007 ਵਿਚ ਜਦ ਸ. ਕਾਹਨ ਸਿੰਘ ਪੰਨੂੰ ਅੰਮ੍ਰਿਤਸ ਦੇ ਡਿਪਟੀ ਕਮਿਸ਼ਨਰ ਸਨ, ਉਸ ਵੇਲੇ ਇੰਨਾਂ ਦੀ ਪ੍ਰੇਰਨਾ ਨਾਲ ਵਾਤਾਵਰਣ ਸੰਭਾਲ ਦਾ ਬੀੜਾ ਚੁੱਕਿਆ ਸੀ, ਜੋ ਕਿ ਲਗਾਤਾਰ ਜਾਰੀ ਹੈ। ਉਨਾਂ ਦੱਸਿਆ ਕਿ ਉਸ ਵੇਲੇ ਸ. ਪੰਨੂੰ ਦੇ ਯਤਨਾਂ ਨਾਲ ਇੰਨਾਂ ਦੀ ਅਗਵਾਈ ਹੇਠ ਅਸੀਂ 32 ਲੱਖ ਬੂਟੇ ਫੌਜ, ਬੀ ਐਸ ਐਫ, ਸਕੂਲ ਸਟਾਫ ਤੇ ਬੱਚਿਆਂ ਦੇ ਸਾਥ ਨਾਲ ਵੱਖ-ਵੱਖ ਥਾਵਾਂ ’ਤੇ ਲਗਾਏ। ਇਸ ਮਗਰੋਂ ਸ੍ਰੀ ਵਰੁਣ ਰੂਜਮ ਦੀ ਡੀ. ਸੀ ਸ਼ਿਪ ਵਿਚ ਕੰਮ ਕਰਦੇ ਹੋਏ ਅਸੀਂ ਇਕ ਸੀਜ਼ਨ ਦੌਰਾਨ ਸਾਲ 2016 ਵਿਚ 55 ਹਜ਼ਾਰ ਪੌਦੇ ਵੱਖ-ਵੱਖ ਥਾਵਾਂ ’ਤੇ ਲਗਾਏ। ਸ੍ਰੀ ਭੱਟੀ ਨੇ ਇਸ ਵੇਲੇ ਸ. ਪੰਨੂੰ ਵੱਲੋਂ ਸ਼ੁਰੂ ਕੀਤੀ ਪੰਘੂੜਾ ਸਕੀਮ, ਜੋ ਸੈਂਕੜੇ ਬੱਚਿਆਂ ਦੀਆਂ ਜਾਨਾਂ ਬਚਾਉਣ ਵਿਚ ਸਹਾਈ ਹੋਈ ਅਤੇ ਪਹਿਲ ਸਕੂਲ ਦੀ ਸ਼ੁਰੂਆਤ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ।
ਇਸ ਮੌਕੇ ਸੰਬੋਧਨ ਕਰਦੇ ਸ੍ਰੀ ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਮੈਂ ਇਸ ਧਰਤੀ ’ਤੇ ਕੰਮ ਕਰਨ ਦੇ ਸਮੇੇਂ ਨੂੰ ਆਪਣਾ ਸੁਭਾਗ ਸਮਝਦਾ ਹਾਂ। ਉਨਾਂ ਕਿਹਾ ਕਿ ਆਵਾਜਾਈ ਸਾਧਨਾਂ ਦੇ ਵਾਧੇ ਕਾਰਨ ਸੜਕਾਂ ਚੌੜੀਆਂ ਕਰਨੀਆਂ ਸਾਡੀ ਲੋੜ ਹੈ ਅਤੇ ਰਹੇਗੀ , ਪਰ ਸਾਨੂੰ ਸਾਰਿਆਂ ਨੂੰ ਇਸ ਕਾਰਨ ਸਰਕਾਰ ਵੱਲੋਂ ਕੀਤੀ ਜਾਂਦੀ ਰੁੱਖਾਂ-ਬੂਟਿਆਂ ਦੀ ਕਟਾਈ ਦੀ ਬਜਾਏ ਅਲੋਚਨਾ ਕਰਨਦੇ ਇਸ ਦਾ ਚੰਗਾ ਬਦਲ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਸ ਤਰਾਂ ਕਿ ਇਸ ਸੰਸਥਾ ਨੇ ਕੀਤਾ ਹੈ। ਉਨਾਂ ਕਿਹਾ ਕਿ ਮੈਂ ਉਸ ਵੇੇਲੇ 10 ਗੁਰੂ ਸਾਹਿਬਾਨ ਦੀ ਯਾਦ ਵਿਚ 10 ਲੱਖ ਬੂਟੇ ਲਗਾਏ ਸਨ, ਜੋ ਕਿ ਬੜੀ ਕਾਮਯਾਬੀ ਨਾਲ ਚੱਲੇ ਅਤੇ ਇਹ ਮੁਹਿੰਮ 32 ਲੱਖ ਬੂਟਿਆਂ ਤੱਕ ਪਹੁੰਚ ਗਈ, ਜਿਸ ਵਿਚ ਅਸੀਂ ਕਈ ਵਿਭਾਗਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਦਾ ਸਹਿਯੋਗ ਲਿਆ। ਉਨਾਂ ਦੱਸਿਆ ਕਿ ਉਸ ਵੇਲੇ ਉਪਗ੍ਰਹਿ ਨਾਲ ੨ਲਈਆਂ ਤਸਵੀਰਾਂ ਵਿਚ ਵੀ ਅੰਮ੍ਰਿਤਸ ਜਿਲ੍ਹੇ ਵਿਚ ਹਰੀ ਬੈਲਟ ਦਾ ਘੇਰਾ ਵੱਧ ਪਾਇਆ ਗਿਆ ਤਾਂ ਸਾਨੂੰ ਸਾਰਿਆਂ ਨੂੰ ਦਿਲੀ ਖੁਸ਼ੀ ਹੋਈ। ਉਨਾਂ ਹੁਣ ਵੀ ਭਰੋਸਾ ਦਿੱਤਾ ਕਿ ਉਹ ਸੰਸਥਾ ਦੇ ਸਾਥ ਲਈ ਹਰ ਵੇਲੇੇ ਤਤਪਰ ਰਹਿਣਗੇ ਅਤੇ ਵਾਤਾਵਰਣ ਦੀ ਸੰਭਾਲ ਲਈ ਹਰ ਵੇਲੇ ਮੇਰੇ ਦਰਵਾਜੇ ਖੁੱਲੇ ਹਨ। PPN2603201710
ਇਸ ਮੌਕੇ ਸੰਬੋਧਨ ਕਰਦੇ ਤਤਕਾਲੀਨ ਡਿਪਟੀ ਕਮਿਸ਼ਨਰ ਅਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀ ਵਰੁਣ ਰੂਜ਼ਮ ਨੇ ਕਿਹਾ ਕਿ ਅਸੀਂ ਸਾਲ 2016 ਵਿਚ 50 ਹਜ਼ਾਰ ਬੂਟੇ ਲਗਾਉਣ ਦਾ ਟੀਚਾ ਮਿਥਿਆ ਸੀ, ਪਰ ਸ਼ਹਿਰ ਵਾਸੀਆਂ, ਸੰਸਥਾਵਾਂ ਅਤੇ ਵਿਭਾਗਾਂ ਦੇ ਸਹਿਯੋਗ ਨਾਲ 55 ਹਜ਼ਾਰ ਬੂਟੇ ਲਗਾਉਣ ਵਿਚ ਕਾਮਯਾਬ ਹੋਏ। ਉਨਾਂ ਕਿਹਾ ਕਿ ਹੁਣ ਵੀ ਆਪਣੀ ਇਸ ਮੁਹਿੰਮ ਨੂੰ ਜਾਰੀ ਰੱਖਣਗੇ ਅਤੇ ਮੌਜੂਦਾ ਵਿਭਾਗ, ਜਿਸ ਵਿਚ ਗਮਾਡਾ ਅਤੇ ਲੋਕ ਸੰਪਰਕ ਵਿਭਾਗ ਸ਼ਾਮਿਲ ਹਨ, ਦੀਆਂ ਸੇਵਾਵਾਂ ਨਾਲ ਵਾਤਾਵਰਣ ਬਚਾਉ ਦਾ ਸੁਨੇਹਾ ਦਿੰਦੇ ਹੋਏ ਵੱਧ ਤੋਂ ਵੱਧ ਕੰਮ ਵਾਤਾਵਰਣ ਦੀ ਸ਼ੁਧਤਾ ਲਈ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ ਟੀ ਓ ਸ੍ਰੀ ਰੋਹਿਤ ਗੁਪਤਾ, ਡਾ ਦਲਜੀਤ ਸਿੰਘ, ਗੁਰਭੇਜ ਸਿੰਘ ਯੂਟਿਲਟੀ ਸਟੋਰ ਅਤੇ ਹੋਰ ਨਾਮਵਰ ਸਖਸ਼ੀਅਤਾਂ ਹਾਜ਼ਰ ਸਨ। ਸਾਰੀਆਂ ਹਸਤੀਆਂ ਨੇ ਇਸ ਮੌਕੇ ਬੂਟੇ ਲਗਾ ਕੇ ਇਸ ਮੁਹਿੰਮ ਨੂੰ ਜਾਰੀ ਰੱਖਣ ਦਾ ਪ੍ਰਣ ਲਿਆ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ, ਜੋ ਕਿ ਜ਼ਰੂਰੀ ਰੁਝੇਵਿਆਂ ਕਾਰਨ ਅੱਜ ਸਮਾਗਮ ਵਿਚ ਸ਼ਾਮਿਲ ਨਹੀਂ ਸਨ ਹੋ ਸਕੇ, ਨੇ ਆਪਣੇ ਸੰਦੇਸ਼ ਵਿਚ ਭਰੋਸਾ ਦਿਵਾਇਆ ਕਿ ਉਹ ਵਾਤਾਵਰਣ ਦੀ ਸ਼ੁਧਤਾ ਲਈ ਜਿਲ੍ਹੇ ਵਿਚ ਵੱਧ ਤੋਂ ਵੱਧ ਕੰਮ ਕਰਨਗੇ, ਤਾਂ ਜੋ ਸ਼ਹਿਰ ਵਿਚ ਮੁੜ ਹਰਿਆਲੀ ਲਿਆਂਦੀ ਜਾ ਸਕੇ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply