ਬਠਿੰਡਾ, 29 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਬਾਬਾ ਫ਼ਰੀਦ ਕਾਲਜ ਵੱਲੋਂ ‘ਵਿਸ਼ਵ ਰੰਗਮੰਚ ਦਿਵਸ’ ਦੇ ਸੰਬੰਧ ਵਿੱਚ ‘ਬਲਵੰਤ ਗਾਰਗੀ ਨਾਟ-ਮੰਚ ਸੈਮੀਨਾਰ’ ਕਰਵਾਇਆ ਗਿਆ।ਇਸ ਸੈਮੀਨਾਰ ਵਿੱਚ ਸੁਮਨ ਕੁਮਾਰ, ਡਿਪਟੀ ਸਕੱਤਰ, ਸੰਗੀਤ ਨਾਟਕ ਅਕਾਦਮੀ ਦਿੱਲੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਮੁੱਖ ਬੁਲਾਰੇ ਸ੍ਰੀਮਤੀ ਕਿਰਨ ਭਟਨਾਗਰ, ਸਾਬਕਾ ਡਿਪਟੀ ਸਕੱਤਰ,ਸੰਗੀਤ ਅਕਾਦਮੀ ਦਿੱਲੀ ਅਤੇ ਉਘੇ ਰੰਗਕਰਮੀ ਰਾਕੇਸ਼ ਭਾਰਦਵਾਜ ਵੀ ਹਾਜ਼ਰ ਹੋਏ।ਇਸ ਸੈਮੀਨਾਰ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਡਾ. ਸਤੀਸ਼ ਕੁਮਾਰ ਵਰਮਾ ਨੇ ਕੀਤੀ।ਇਸ ਸੈਮੀਨਾਰ ਦੇ ਡਿਪਟੀ ਡਾਇਰੈਕਟਰ (ਅਕਾਦਮਿਕ) ਡਾ. ਪ੍ਰਦੀਪ ਕੌੜਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਮੁੱਖ ਮਹਿਮਾਨ ਸੁਮਨ ਕੁਮਾਰ ਨੇ ਬਲਵੰਤ ਗਾਰਗੀ ਨੂੰ ਯਾਦ ਕਰਦਿਆਂ ਕਿਹਾ ਕਿ ਰੰਗਮੰਚ ਨਾਲ ਗਾਰਗੀ ਦਾ ਨਾਮ ਆਉਣਾ ਜ਼ਰੂਰੀ ਹੈ ਕਿਉਂਕਿ ਗਾਰਗੀ ਨੇ ਪੰਜਾਬੀ ਰੰਗਮੰਚ, ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨੂੰ ਵਿਸ਼ਵ ਨਾਲ ਜੋੜਿਆ ਹੈ।ਉਨ੍ਹਾਂ ਅੱਗੇ ਕਿਹਾ ਕਿ ਗਾਰਗੀ ਦੇ ਨਾਟਕ ਇੱਕ ਸੁਪਨੇ ਸਿਰਜਦੇ ਇਨਸਾਨ ਦੇ ਨਾਟਕ ਹਨ।ਸ੍ਰੀਮਤੀ ਕਿਰਨ ਭਟਨਾਗਰ ਨੇ ਦੱਸਿਆ ਕਿ ਜੋ ਅਸੀਂ ਨਹੀਂ ਕਰਨਾ ਚਾਹੁੰਦੇ ਪਰ ਉਹੀ ਕਰਦੇ ਹਾਂ, ਇਹੀ ਰੰਗਮੰਚ ਹੈ।ਇਸ ਮੌਕੇ ਰਾਕੇਸ਼ ਭਾਰਦਵਾਜ਼ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਰੰਗਮੰਚ ਭੇਦ ਭਾਵ ਵਾਲੀ ਮਾਨਸਿਕਤਾ ਨਾਲ ਨਹੀਂ ਹੋ ਸਕਦਾ ਕਿਉਂਕਿ ਰੰਗਮੰਚ ਤੁਹਾਨੂੰ ਤੁਹਾਡੀਆਂ ਮਾਨਤਾਵਾਂ ਤੋੜਨੀਆਂ ਸਿਖਾਉਂਦਾ ਹੈ।
ਪ੍ਰੋਫੈਸਰ ਡਾ. ਸਤੀਸ਼ ਕੁਮਾਰ ਵਰਮਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਬਠਿੰਡਾ ਦੀ ਧਰਤੀ ਜ਼ਿਹਨੀ ਤੌਰ ’ਤੇ ਜ਼ਰਖੇਜ਼ ਹੈ ਜਿਸ ਨੇ ਬਲਵੰਤ ਗਾਰਗੀ ਵਰਗੇ ਰੋਸ਼ਨ ਦਿਮਾਗ ਇਨਸਾਨ ਨੂੰ ਪੈਦਾ ਕੀਤਾ।ਬਲਵੰਤ ਗਾਰਗੀ ਥੀਏਟਰ ਦੀ ਦੁਨੀਆ ਦਾ ਉਹ ਅਮਰ ਇਨਸਾਨ ਹੈ ਜਿਸਨੇ ਪੰਜਾਬੀ ਰੰਗਮੰਚ ਤੇ ਪੰਜਾਬੀ ਜ਼ੁਬਾਨ ਨੂੰ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਪਹੁੰਚਾਇਆ ਹੈ।‘ਵਿਸ਼ਵ ਰੰਗਮੰਚ ਦਿਵਸ’ ਦੇ ਸੰਬੰਧ ਵਿੱਚ ਬਾਬਾ ਫ਼ਰੀਦ ਕਾਲਜ ਵੱਲੋਂ ‘ਅੰਤਰ ਕਾਲਜ ਥੀਏਟਰ ਮੁਕਾਬਲੇ’ ਵੀ ਕਰਵਾਏ ਗਏ ਜਿਸ ਤਹਿਤ ਮਿਮਿਕਰੀ ਮੁਕਾਬਲੇ ਵਿੱਚ ਸੁਖਦੀਪ ਵਿਸ਼ਿਸਟ ਨੇ ਪਹਿਲਾ ਅਤੇ ਦਿਲਪ੍ਰੀਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ।ਮੋਨੋ ਐਕਟਿੰਗ ਦੇ ਮੁਕਾਬਲੇ ’ਚ ਵਿੱਚ ਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ, ਅਸ਼ਮਨਦੀਪ ਸਿੰਘ ਨੇ ਦੂਜਾ ਸਥਾਨ ਤੇ ਇਸ਼ਾਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਸਕਿੱਟ ਦੇ ਮੁਕਾਬਲੇ ਵਿੱਚ ਅਸ਼ਮਨਦੀਪ ਸਿੰਘ ਦੀ ਟੀਮ ਨੇ ਪਹਿਲਾ, ਮਨਪ੍ਰੀਤ ਸਿੰਘ ਦੀ ਟੀਮ ਨੇ ਦੂਜਾ ਅਤੇ ਜੀਵਨਜੋਤ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।ਚੇਅਰਮੈਨ ਡਾ. ਗੁਰਮੀਤ ਸਿੰਘ ਨੇ ‘ਵਿਸ਼ਵ ਰੰਗਮੰਚ ਦਿਵਸ’ ਦੀ ਵਧਾਈ ਦਿੰਦਿਆਂ ਸੰਗੀਤ ਅਕਾਦਮੀ ਦਿੱਲੀ ਅਤੇ ਬਾਬਾ ਫ਼ਰੀਦ ਕਾਲਜ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।ਅੰਤ ਵਿੱਚ ਸੰਸਥਾ ਦੇ ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਬੀ.ਡੀ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media