Thursday, February 26, 2026

ਨਾੜ ਸਾੜਣੋਂ ਰੋਕਣ ਲਈ ਉਪਗ੍ਰਹਿ ਰਾਹੀਂ 24 ਘੰਟੇ ਖੇਤਾਂ ’ਤੇ ਨਜ਼ਰ ਰੱਖੇਗੀ ਟਾਸਕ ਫੋਰਸ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਇਸ ਵਾਰ ਕਣਕ ਦੇ ਨਾੜ ਨੂੰ ਸਾੜਨ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਯੋਜਨਾਬੰਦੀ ਕੀਤੀ ਗਈ ਹੈ ਅਤੇ ਇਸ ਲਈ 24 ਘੰਟੇ ਟਾਸਕ ਫੋਰਸ ਕਿਸਾਨ ਦੇ ਖੇਤਾਂ ’ਤੇ ਉਪਗ੍ਰਹਿ ਰਾਹੀਂ ਨਜ਼ਰ ਰੱਖੇਗੀ। ਜਿੱਥੇ ਵੀ ਕਿਧਰੇ ਖੇਤ ਵਿਚ ਅੱਗੇ ਲੱਗਣ ਦੀ ਤਸਵੀਰ ਉਪਗ੍ਰਹਿ ਨੇ ਵਿਖਾਈ, ਉਸ ਇਲਾਕੇ ਦੀ ਪੁਲਿਸ, ਮਾਲ, ਅੱਗ ਬੁਝਾਊ ਦਸਤਾ ਤੇ ਖੇਤੀ ਵਿਭਾਗ ਦੇ ਅਧਿਕਾਰੀ ਸਾਂਝੇ ਤੌਰ ’ਤੇ ਕਾਰਵਾਈ ਕਰਦੇ ਹੋਏ ਜਿੱਥੇ ਅੱਗ ਬੁਝਾਉਣ ਦਾ ਕੰਮ ਕਰਨਗੇ, ਉਥੇ ਸਬੰਧਤ ਕਿਸਾਨ ’ਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਉਸ ਕੋਲੋਂ ਉਸਦੀ ਬਣਦਾ ਜੁਰਮਾਨਾ ਵੀ ਲੈਣਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਜਿਲ੍ਹਾ ਖੇਤੀ ਅਧਿਕਾਰੀ ਦਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਇਹ ਟਾਸਕ ਫੋਰਸ 24 ਘੰਟੇ ਨਾਸਾ ਵੱਲੋਂ ਦਿੱਤੀ ਗਈ ਸਹਾਇਤਾ ਨਾਲ ਉਪਗ੍ਰਹਿ ਤਸਵੀਰ ’ਤੇ ਨਜ਼ਰ ਰੱਖੇਗੀ। ਇਸ ਟਾਸਕ ਫੋਰਸ ਵਿਚ ਮਾਲ, ਪੁਲਿਸ, ਪ੍ਰਦੂਸ਼ਣ ਅਤੇ ਖੇਤੀ ਵਿਭਾਗ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਇਹ ਟਾਸਕ ਫੋਰਸ ਜਿਸ ਵੀ ਇਲਾਕੇ ਵਿਚ ਅੱਗ ਲੱਗਣ ਦੀ ਸੂਚਨਾ ਜਿਲ੍ਹੇ ਵਿਚ ਦੇਵੇਗੀ, ਉਥੇ ਤਰੁੰਤ ਸਾਂਝੇ ਤੌਰ ’ਤੇ ਸਾਰੇ ਮਹਿਕਮੇ ਕਾਰਵਾਈ ਕਰਨਗੇ।
ਛੀਨਾ ਨੇ ਦੱਸਿਆ ਕਿ ਇਸ ਲਈ 2 ਏਕੜ ਜ਼ਮੀਨ ਦੀ ਮਾਲਕੀ ਵਾਲੇ ਕਿਸਾਨ ਨੂੰ ਢਾਈ ਹਜ਼ਾਰ, 5 ਏਕੜ ਤੱਕ 5 ਹਜ਼ਾਰ, 10 ਏਕੜ ਤੱਕ 10 ਹਜ਼ਾਰ ਅਤੇ ਇਸ ਤੋਂ ਵੱਧ ਲਈ 20 ਹਜ਼ਾਰ ਰੁਪਏ ਜੁਰਮਾਨਾ ਭਰਨਾ ਪਵੇਗਾ। ਉਨਾਂ ਦੱਸਿਆ ਕਿ ਗਰੀਨ ਟ੍ਰਿਬਿਊਨਲ ਕਣਕ-ਝੋਨੇ ਦੇ ਨਾੜ ਨੂੰ ਲੱਗਦੀ ਅੱਗ ਦੇ ਮਾਮਲੇ ’ਤੇ ਬਹੁਤ ਸਖਤ ਹੈ ਅਤੇ ਉਸ ਵੱਲੋ ਜਾਰੀ ਹਦਾਇਤਾਂ ’ਤੇ ਹੀ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਅਸੀਂ ਪਿੰਡ-ਪਿੰਡ ਕੈਂਪ ਲਗਾ ਕੇ ਕਿਸਾਨਾਂ ਨੂੰ ਇਹ ਜਾਣਕਾਰੀ ਦੇ ਰਹੇ ਹਾਂ ਅਤੇ ਫਸਲਾਂ ਦੀ ਰਹਿੰਦਂਖੂੰਹਦ ਨੂੰ ਖੇਤਾਂ ਵਿਚ ਵਹਾਉਣ ਦੇ ਤਰੀਕੇ ਵੀ ਦੱਸ ਰਹੇ ਹਾਂ। ਛੀਨਾ ਨੇ ਦੱਸਿਆ ਕਿ ਜੋ ਕਿਸਾਨ ਆਪਣੇ ਖੇਤਾਂ ਵਿਚ ਅੱਗ ਨਹੀਂ ਲਗਾਉਂਦੇ ਉਨਾਂ ਦੇ ਖੇਤਾਂ ਵਿਚ ਕਣਕ ਦਾ ਝਾੜ 4 ਤੋਂ 5 ਕੁਇੰਟਲ ਵੱਧ ਆ ਰਿਹਾ ਹੈ ਅਤੇ ਤੂੜੀ ਵੀ ਆਮ ਨਾਲੋਂ ਦੁੱਗਣੀ ਬਣ ਰਹੀ ਹੈ। ਇਸ ਤਰਾਂ ਕਿਸਾਨ ਨੂੰ 8 ਤੋਂ 10 ਹਜ਼ਾਰ ਪ੍ਰਤੀ ਏਕੜ ਦਾ ਵੱਧ ਮੁਨਾਫਾ ਵੀ ਹੋ ਰਿਹਾ ਹੈ। ਛੀਨਾ ਨੇ ਦੱਸਿਆ ਕਿ ਇਸ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਸਮੇਟਣ ਵਾਸਤੇ ਆਈ ਨਵੀਂ ਮਸ਼ੀਨਿਰੀ ਅਤੇ ਇਸ ਦੇ ਲਾਭ ਦੀ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣ ਲਈ ਵੀਡੀਓ ਵੈਨਾਂ ਦੀ ਵੀ ਮਦਦ ਲਈ ਜਾ ਰਹੀ ਹੈ।
ਛੀਨਾ ਨੇ ਦੱਸਿਆ ਕਿ ਹਰੇਕ ਪਿੰਡ ਵਿਚ ਇਹ ਸੰਦੇਸ਼ ਪਹੁੰਚਾਉਣ ਲਈ ਪਿੰਡਾਂ ਦੇ ਗੁਰਦੁਆਰਿਆਂ ਦੀ ਮਦਦ ਵੀ ਲਈ ਜਾਵੇਗੀ ਅਤੇ ਉਥੋਂ ਰੋਜ਼ਾਨਾ ਗ੍ਰੰਥੀ ਸਿੰਘ ਇਸ ਅੱਗ ਵਿਰੁੱਧ ਸੰਦੇਸ਼ ਸਪੀਕਰ ਤੋਂ ਪੜ੍ਹ ਕੇ ਸੁਣਾਏਗਾ। ਉਨਾਂ ਦੱਸਿਆ ਕਿ ਖੇਤੀ ਵਿਭਾਗ ਤੋਂ ਇਲਾਵਾ ਪ੍ਰਦੂਸ਼ਣ ਰੋਕਥਾਮ ਵਿਭਾਗ ਵੀ ਆਪਣੇ ਤੌਰ ’ਤੇ ਲੋਕਾਂ ਨੂੰ ਅੱਗ ਲਗਾਉਣ ਦੀ ਹਾਨੀ ਤੋ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕਰ ਰਿਹਾ ਹੈ। ਇਸ ਮੌਕੇ ਹਾਜ਼ਰ ਕੁਹਾਲਾ ਦੇ ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਉਨਾਂ ਅਜੇ ਤੱਕ ਕਦੇ ਵੀ ਆਪਣੇ ਖੇਤ ਵਿਚ ਅੱਗ ਨਹੀਂ ਲਗਾਈ ਅਤੇ ਇਸ ਤੋਂ ਵੱਧ ਝਾੜ ਦਾ ਲਾਭ ਵੀ ਸਾਨੂੰ ਮਿਲਿਆ ਹੈ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply