Wednesday, July 22, 2026

ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ਵੱਲੋਂ ਗੁਰੂ ਨਗਰੀ ਨੂੰ ਸੁੰਦਰ ਬਨਾਉਣ ਦਾ ਤਹੱਈਆ

ਅੰਮ੍ਰਿਤਸਰ  ਦੇ ਅਧੂਰੇ ਪ੍ਰੋਜਕਟਾਂ ਨੂੰ 6 ਮਹੀਨੇ ਅੰਦਰ ਕੀਤਾ ਜਾਵੇਗਾ ਮੁਕੰਮਲ-ਸਿੱਧੂ

PPN1405201713ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਦੇ ਵਿਕਾਸ ਨੂੰ ਲੈ ਕੇ ਅੱਜ ਖਜ਼ਾਨਾ ਮੰਤਰੀ  ਮਨਪ੍ਰੀਤ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ  ਨਵਜੋਤ ਸਿੰਘ ਸਿੱਧੂ ਵੱਲੋਂ ਸਥਾਨਕ ਨਗਰ ਨਿਗਮ ਦਫਤਰ ਵਿਖੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਸ਼ਹਿਰ ਦੇ ਵਿਧਾਇਕਾਂ ਓਮ ਪ੍ਰਕਾਸ਼ ਸੋਨੀ, ਡਾ. ਰਾਜ ਕੁਮਾਰ ਵੇਰਕਾ, ਇੰਦਰਬੀਰ ਸਿੰਘ ਬੁਲਾਰੀਆ, ਸੁਨੀਲ ਦੱਤੀ, ਡਿਪਟੀ ਕਮਿਸ਼ਨਰ  ਕਮਲਦੀਪ ਸਿੰਘ ਸੰਘਾ, ਕਮਿਸ਼ਨਰ ਨਗਰ ਨਿਗਮ ਗੁਰਲਵਲੀਨ ਸਿੰਘ ਸਿੱਧੂ ਸਮੇਤ ਜ਼ਿਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਅੰਮ੍ਰਿਤਸਰ ਸ਼ਹਿਰ ਦੇ ਅਧੂਰੇ ਪਏ ਵਿਕਾਸ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਦੇ ਨਾਲ ਲੋਕਾਂ ਦੀ ਸਹੂਲਤ ਲਈ ਕੁਝ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ।ਮੀਟਿੰਗ ਦੌਰਾਨ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁਰੂ ਨਗਰੀ ਨੂੰ ਸੁੰਦਰ ਬਨਾਉਣ ਦਾ ਤਹਈਆ ਕੀਤਾ। ਮੀਟਿੰਗ ਸਬੰਧੀ ਵੇਰਵਿਆਂ ਨੂੰ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਸਾਂਝਿਆਂ ਕਰਦਿਆਂ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰੰਘ ਬਾਦਲ ਨੇ ਕਿਹਾ ਕਿ ਪਵਿੱਤਰ ਸ਼ਹਿਰ ਅੰਮਿਤਸਰ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਰਕਾਰ ਦੇ ਖਜ਼ਾਨੇ ਦੀਆਂ ਚਾਬੀਆਂ ਉਹ ਅੰਮਿ੍ਰਤਸਰ ਵਾਸੀਆਂ ਨੂੰ ਸੌਂਪਦੇ ਹਨ।ਉਨਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਨਵੀਂ ਨੀਤੀ ਬਣਾ ਕੇ ਅੰਮਿ੍ਰਤਸਰ ਸ਼ਹਿਰ ਨੂੰ ਖਿੱਤੇ ਦਾ ਸਭ ਤੋਂ ਖੂਬਸੂਰਤ ਤੇ ਵਿਕਸਤ ਸ਼ਹਿਰ ਬਣਾਇਆ ਜਾਵੇਗਾ।
ਖਜ਼ਾਨਾ ਮੰਤਰੀ ਬਾਦਲ ਨੇ ਕਿਹਾ ਕਿ ਪਿਛਲ਼ੇ 10 ਸਾਲਾਂ ’ਚ ਅਕਾਲੀ-ਭਾਜਪਾ ਸਰਕਾਰ ਵੱਲੋਂ ਵਿਕਾਸ ਕਾਰਜਾਂ ਦੇ ਨਾਮ ’ਤੇ ਜੋ ਵੀ ਰਾਸ਼ੀ ਖਰਚ ਕੀਤੀ ਗਈ ਹੈ ਉਸਦਾ ਥਰਡ ਪਾਰਟੀ ਆਡਿਟ ਕਰਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪਿਛਲੀ ਸਰਕਾਰ ਵੇਲੇ ਜੋ ਵੀ ਵਿੱਤੀ ਬੇਨਿਯਮੀਆਂ ਹੋਈਆਂ ਹਨ ਉਨਾਂ ਨੂੰ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ। ਸੂਬੇ ਦੀ ਮਾਲੀ ਹਾਲਤ ਨੂੰ ਸੁਧਾਰਨ ਦੀ ਗੱਲ ਕਰਦਿਆਂ  ਬਾਦਲ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਪ੍ਰਤੀ ਪੂਰੀ ਸੁਹਿਰਦਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜੀ.ਐਸ.ਟੀ ਲਾਗੂ ਹੋਣ ਨਾਲ ਸੂਬਾ ਸਰਕਾਰ ਨੂੰ ਕੇਂਦਰ ਤੋਂ ਮਿਲਣ ਵਾਲੇ ਟੈਕਸਾਂ ਦੇ ਹਿੱਸੇ ਤੋਂ ਪਹਿਲਾਂ ਨਾਲੋਂ ਵੱਧ ਆਮਦਨ ਹੋਵੇਗੀ। ਉਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਅਗਲੇ 5 ਸਾਲਾਂ ਤੱਕ ਜੀ.ਐਸ.ਟੀ ਤਹਿਤ ਰਾਜਾਂ ਨੂੰ 14 ਫੀਸਦੀ ਟੈਕਸ ਦਾ ਹਿੱਸਾ ਦੇਣ ਦੀ ਗਰੰਟੀ ਦਿੱਤੀ ਹੈ।  ਬਾਦਲ ਨੇ ਕਿਹਾ ਕਿ ਸਰਕਾਰ ਵੱਲੋਂ ਆਪਣੇ ਖਰਚਿਆਂ ਨੂੰ ਵੀ ਸੰਕੋਚਿਆ ਗਿਆ ਹੈ ਜਿਸ ਤਹਿਤ 1000 ਕਰੋੜ ਰੁਪਏ ਦੇ ਕਰੀਬ ਖਰਚੇ ਘੱਟ ਕੀਤੇ ਗਏ ਹਨ।

ਬੀ.ਆਰ.ਟੀ.ਐਸ ਪ੍ਰੋਜੈਕਟ  
ਪ੍ਰੈਸ ਕਾਨਫਰੰਸ ਦੌਰਾਨ ਸਥਾਨਿਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੀ ਬਾਦਲ ਸਰਕਾਰ ਵੱਲੋਂ ਬਿਨਾਂ ਕਿਸੇ ਤਰਾਂ ਦੀ ਯੋਜਨਾ ਬਣਾਏ ਅੰਮਿ੍ਰਤਸਰ ਸ਼ਹਿਰ ’ਚ ਬੀ.ਆਰ.ਟੀ.ਸੀ. ਪ੍ਰੋਜੈਕਟ ਸ਼ੁਰੂ ਕੀਤਾ ਸੀ।ਉਨਾਂ ਕਿਹਾ ਕਿ ਇਹ ਪ੍ਰੋਜੈਕਟ ਬਾਦਲਾਂ ਦਾ ਰਾਜਨੀਤਿਕ ਸਟੰਟ ਸੀ ਜਿਸ ਵਿੱਚ ਬਹੁਤ ਖਾਮੀਆਂ ਸਨ ਜਿਸ ਕਾਰਨ ਇਹ ਕਾਮਯਾਬ ਨਹੀਂ ਹੋ ਸਕਿਆ। ਉਨਾਂ ਕਿਹਾ ਕਿ ਇਹ ਪ੍ਰੋਜੈਕਟ ਤਕਰੀਬਨ 600 ਕਰੋੜ ਰੁਪਏ ਦੀ ਸੀ ਜਿਸ ਵਿੱਚੋਂ 400 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਬਾਦਲ ਸਰਕਾਰ ਨੇ ਬਿਨਾਂ ਪੂਰੇ ਕੀਤੇ ਹੀ ਇਹ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਜਿਸ ਕਾਰਨ ਇਹ ਬੁਰੀ ਤਰਾਂ ਫੇਲ ਹੋ ਗਿਆ ਹੈ।ਉਨਾਂ ਕਿਹਾ ਕਿ ਅੱਜ ਦੀ ਮੀਟਿੰਗ ’ਚ ਇਹ ਫੈਸਲਾ ਕੀਤਾ ਗਿਆ ਹੈ ਕਿ ਇਸ ਪ੍ਰੋਜੈਕਟ ਨੂੰ ਕਾਮਯਾਬ ਕੀਤਾ ਜਾਵੇ ਤਾਂ ਜੋ ਹੁਣ ਤੱਕ ਲੱਗੇ 400 ਕਰੋੜ ਰੁਪਏ ਮਿੱਟੀ ਨਾ ਹੋ ਜਾਣ।ਸਿੱਧੂ ਨੇ ਦੱਸਿਆ ਕਿ ਬੀ.ਆਰ.ਟੀ.ਸੀ ਪ੍ਰੋਜੈਕਟ ਨੂੰ ਪੀ.ਪੀ.ਪੀ ਮੋਡ ’ਤੇ ਨਿਜੀ ਭਾਈਵਾਲੀ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ।ਉਨਾਂ ਕਿਹਾ ਕਿ ਸਿਟੀ ਬੱਸ ਸਰਵਿਸ ਦੀਆਂ 60 ਬੱਸਾਂ ਵੀ ਇਸ ’ਚ ਸ਼ਾਮਲ ਕੀਤੀਆਂ ਜਾਣਗੀਆਂ।ਉਨਾਂ ਕਿਹਾ ਕਿ ਬੀ.ਆਰ.ਟੀ.ਸੀ. ਬੱਸ ਸਰਵਿਸ ਲਈ ਵਖੋ-ਵੱਖਰੇ ਰੂਟ ਨਿਰਧਾਰਤ ਕੀਤੇ ਜਾਣਗੇ ਅਤੇ ਹਰ ਰੂਟ ’ਤੇ ਚੱਲਣ ਵਾਲੀਆਂ ਬੱਸਾਂ ਦੀ ਵੱਖਰੀ ਪਛਾਣ ਹੋਵੇਗੀ।

ਟਰੈਫਿਕ ਸਮੱਸਿਆ ਦਾ ਕੀਤਾ ਜਾਵੇਗਾ ਹੱਲ
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੰਮਿ੍ਰਤਸਰ ਸ਼ਹਿਰ ’ਚ ਟਰੈਫਿਕ ਸਮੱਸਿਆ ਨੂੰ ਦੂਰ ਕਰਨ ਲਈ ਵੀ ਇਕ ਯੋਜਨਾ ਬਣਾਈ ਗਈ ਹੈ।ਉਨਾਂ ਦਸਿਆ ਕਿ ਸਾਰੇ ਵਿਧਾਇਕਾਂ ਦੀ ਸਲਾਹ ਨਾਲ ਇਹ ਫੈਸਲਾ ਹੋਇਆ ਹੈ ਕਿ ਟਰੈਫਿਕ ਸਮਸਿਆ ਨੂੰ ਹੱਲ ਕਰਨ ਲਈ ਗੁਰਦੁਆਰਾ ਸ਼ਹੀਦਾਂ ਸਾਹਿਬ ਅਗੇ ਇੱਕ ਅੰਡਰ ਬਰਿਜ ਬਣਾਇਆ ਜਾਵੇਗਾ।ਇਸ ਤੋਂ ਇਲਾਵਾ ਜੌੜਾ ਫਾਟਕ ’ਤੇ ਵੀ ਅੰਡਰ ਬਰਿਜ ਬਣੇਗਾ। ਹਾਲ ਗੇਟ ਤੋਂ ਖਜ਼ਾਨਾ ਗੇਟ ਤਕ ਵੀ ਟਰੈਫਿਕ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।ਉਨਾਂ ਕਿਹਾ ਕਿ ਝਬਾਲ ਰੋਡ ਤੋਂ ਵੱਲਾ ਰੋਡ ਤੱਕ ਵਾਇਆ ਬਹੋੜੂ ਇਕ ਸੜਕ ਬਣਾਈ ਜਾਵੇਗੀ ਤਾਂ ਜੋ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਉਨਾਂ ਕਿਹਾ ਕਿ ਮੌਜੂਦਾ ਬਸ ਸਟੈਂਡ ਨੂੰ ਲੋਕਲ ਟਰਾਂਸਪੋਰਟ ਲਈ ਵਰਤਣ ਦੀ ਬਾਰੇ ਸਲਾਹ ਬਣ ਰਹੀ ਹੈ। ਉਨਾਂ ਦੱਸਿਆ ਕਿ ਲੰਮੇ ਰੂਟ ਦੀਆਂ ਬੱਸਾਂ ਲਈ ਸ਼ਹਿਰੋਂ ਬਾਹਰਵਾਰ ਨਵਾਂ ਬੱਸ ਸਟੈਂਡ ਬਣਾਇਆ ਜਾਵੇਗਾ ਤਾਂ ਜੋ ਵੱਡੀਆਂ ਬੱਸਾਂ ਸ਼ਹਿਰ ’ਚ ਦਾਖਲ ਨਾ ਹੋ ਸਕਣ।ਉਨਾਂ ਕਿਹਾ ਕਿ ਇਸ ਸਬੰਧੀ ਅਜੇ ਲੋਕਾਂ ਤੋਂ ਵਿਚਾਰ ਲਏ ਜਾਣਗੇ।

ਅੰਮ੍ਰਿਤਸਰ  ਸ਼ਹਿਰ ’ਚ 10 ਲੱਖ ਪੌਦੇ ਲਗਾਏ ਜਾਣ ਦਾ ਟੀਚਾ
ਕੈਬਨਿਟ ਮੰਤਰੀ  ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੰਮਿ੍ਰਤਸਰ ਸ਼ਹਿਰ ਨੂੰ ਹਰਾ-ਭਰਾ ਬਣਾਉਣ ਲਈ ਇਸ ਸੀਜ਼ਨ ਵਿੱਚ 10 ਲੱਖ ਪੌਦੇ ਲਗਾਏ ਜਾਣਗੇ।ਪੌਦੇ ਲਗਾਉਣ ਲਈ ਲੋਕ ਸਭਾ ਮੈਨਬਰ  ਗੁਰਜੀਤ ਸਿੰਘ ਔਜਲਾ ਨੇ 50 ਲੱਖ ਦੀ ਗ੍ਰਾਂਟ ਆਪਣੇ ਐਮ.ਪੀ. ਲੈਡ ’ਚੋਂ ਦੇਣ ਦਾ ਐਲਾਨ ਕੀਤਾ ਹੈ।ਸਿੱਧੂ ਨੇ ਕਿਹਾ ਕਿ ਨਵੀ ਨੀਤੀ ਤਹਿਤ ਹੁਣ ਹਰ ਘਰ ਦਾ ਨਕਸ਼ਾ ਪਾਸ ਕਰਾਉਣ ਮੌਕੇ ਮਕਾਨ ਮਾਲਕ 2 ਪੌਦੇ ਲਗਾਉਣ ਦਾ ਵਾਅਦਾ ਕਰੇਗਾ ਅਤੇ ਆਪਣੇ ਮਕਾਨ ’ਚ ਬਾਰਸ਼ ਦੇ ਪਾਣੀ ਨੂੰ ਜ਼ਮੀਨ ’ਚ ਜ਼ੀਰਨ ਦਾ ਪ੍ਰਬੰਧ ਵੀ ਕਰੇਗਾ। ਉਨਾਂ ਕਿਹਾ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਇਸ ਨੂੰ ਲਾਗੂ ਕਰਨ ਲਈ ਕੰਮ ਕਰੇਗੀ।

ਸਾਲਿਡ ਵੇਸਟ ਮੈਨਜਮੈਂਟ
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ’ਚ ਸ਼ਹਿਰਾਂ ਦੇ ਕੂੜੇ ਕਰਕਟ ਦੀ ਸਮਸਿਆ ਨੂੰ ਹਲ ਕਰਨ ਲਈ ਸਾਲਿਡ ਵੇਸਟ ਮੈਨਜਮੈਂਟ ਪ੍ਰੋਜੈਕਟਾਂ ਨੂੰ ਸ਼ੁਰੂ ਕੀਤਾ ਜਾਵੇਗਾ। ਉਨਾਂ ਦਸਿਆ ਕਿ ਇਸ ਸਮੇ ਸੂਬੇ ਦੇ ਇਕ ਵੀ ਸ਼ਹਿਰ ’ਚ ਇਹ ਪ੍ਰੋਜੈਕਟ ਨਹੀਂ ਚਲ ਰਿਹਾ।ਉਨਾਂ ਕਿਹਾ ਕਿ ਅੰਮਿ੍ਰਤਸਰ, ਬਠਿੰਡਾ ਅਤੇ ਜਲੰਧਰ ਸ਼ਹਿਰਾਂ ਲਈ ਅਜਿਹੇ ਪ੍ਰੋਜੈਕਟਾਂ ਨੂੰ ਸਥਾਪਤ ਕਰਨ ਲਈ ਯਤਨ ਕੀਤੇ ਜਾਣਗੇ।ਉਨਾਂ ਕਿਹਾ ਕਿ ਰਾਜ ਸਰਕਾਰ ਅਜਿਹੇ ਪ੍ਰੋਜੈਕਟਾਂ ਲਈ 100 ਤੋਂ 200 ਏਕੜ ਜ਼ਮੀਨ ਦਾ ਪ੍ਰਬੰਧ ਕਰੇਗੀ ਤਾਂ ਜੋ ਅਗਲੇ 50 ਸਾਲਾਂ ਤੱਕ ਕੂੜੇ ਦੀ ਸਮਸਿਆ ਦਾ ਪੱਕਾ ਹੱਲ ਹੋ ਸਕੇ। ਉਨਾਂ ਦੱਸਿਆ ਕਿ ਸਰਕਾਰ ਵਲੋਂ ਸ਼ਹਿਰਾਂ ਦੇ ਸੀਵਰੇਜ ਦੀ ਸਫਾਈ ਲਈ ਵਿਸ਼ੇਸ਼ ਮਸ਼ੀਨਾਂ ਲਈ ਵੀ ਕੰਟਰੈਕਟ ਕੀਤਾ ਜਾ ਰਿਹਾ ਹੈ।

ਵਿਗਿਆਨਪਨ ਨੀਤੀ
ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਵਿਗਿਆਪਨ ਨੀਤੀ ਬਣਾਈ ਜਾ ਰਹੀ ਹੈ, ਜਿਸ ਤਹਿਤ 200 ਕਰੋੜ ਰੁਪਏ ਸਲਾਨਾ ਤੋਂ ਵੱਧ ਰਕਮ ਇਕੱਠੀ ਕਰਨ ਦਾ ਟੀਚਾ ਹੈ।ਉਨਾਂ ਦਸਿਆ ਕਿ ਇਸ ਰਕਮ ਨੂੰ ਵਿਕਾਸ ਕਾਰਜਾਂ ’ਤੇ ਖਰਚ ਕੀਤਾ ਜਾ ਸਕੇਗਾ।

ਟਰਾਂਸਪੋਰਟ ਨੀਤੀ
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ’ਚ ਟਰਾਂਸਪੋਰਟ ਮਾਫੀਆ ਨੂੰ ਖਤਮ ਕਰਨ ਲਈ ਨਵੀਂ ਟਰਾਂਸਪੋਰਟ ਨੀਤੀ ਬਣਾਈ ਜਾ ਰਹੀ ਹੈ।ਉਨਾਂ ਦੱਸਿਆ ਕਿ ਨਵੀਂ ਨੀਤੀ ਤਹਿਤ ਪਬਲਿਕ ਟਰਾਂਸਪੋਰਟ ਨੂੰ ਮਜਬੂਤ ਕੀਤਾ ਜਾਵੇਗਾ ਅਤੇ ਵੱਡੀਆਂ ਟਰਾਂਸਪੋਰਟ ਕੰਪਨੀਆਂ ਦੀ ਅਜਾਰੇਦਾਰੀ ਨੂੰ ਖਤਮ ਕੀਤਾ ਜਾਵੇਗਾ।ਉਨਾਂ ਕਿਹਾ ਕਿ ਨਵੀਂ ਨੀਤੀ ਤਹਿਤ ਮਿਨੀ ਬੱਸਾਂ ਨੂੰ ਹੱਲਾਸ਼ੇਰੀ ਦਿੱਤੀ ਜਾਵੇਗੀ ਅਤੇ ਟੈਕਸ ਘੱਟ ਕੀਤੇ ਜਾਣਗੇ।ਉਨਾਂ ਕਿਹਾ ਕਿ ਨਵੀਂ ਨੀਤੀ ਦਾ ਮਕਸਦ ਪਬਲਿਕ ਟਰਾਂਸਪੋਰਟ ਨੂੰ ਮਜਬੂਤ ਕਰਕੇ ਲੋਕਾਂ ਨੂੰ ਵੱਧ ਤੋਂ ਵੱਧ ਆਵਾਜਾਈ ਸਹੂਲਤ ਪ੍ਰਦਾਨ ਕਰਨਾ ਹੈ।

ਕੈਬਨਿਟ ਮੰਤਰੀ  ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਦੀ ਖੁਸ਼ਹਾਲੀ ਲਈ ਦਿਨ ਰਾਤ ਇੱਕ ਕਰਕੇ ਆਪਣੇ ਕੰਮ ’ਚ ਲੱਗੀ ਹੋਈ ਹੈ ਅਤੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪਵਿੱਤਰ ਨਗਰ ਅੰਮਿ੍ਰਤਸਰ ਦੇ ਸਾਰੇ ਅਧੂਰੇ ਪ੍ਰੋਜੈਕਟਾਂ ਨੂੰ ਅਗਲੇ 6 ਮਹੀਨੇ ਤੱਕ ਮੁਕੰਮਲ ਕਰ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਗੁਰੂ ਨਗਰੀ ਅੰਮਿ੍ਰਤਸਰ ਨੂੰ ਖੂਬਸੂਰਤ ਤੇ ਵਿਕਸਤ ਸ਼ਹਿਰ ਬਣਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply