Saturday, July 25, 2026

ਯੂ.ਕੇ ਚੋਣਾਂ ’ਚ ਲੇਬਰ ਪਾਰਟੀ ਵਲੋਂ ’84 ਦਾ ਮੁੱਦਾ ਉਭਾਰਣਾ ਸਵਾਗਤਯੋਗ – ਹਰਨਾਮ ਸਿੰਘ ਖ਼ਾਲਸਾ

ਮਹਿਤਾ, 13 ਮਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) –Baba Harnam S Dhuma ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਯੂ.ਕੇ ਦੀਆਂ 8 ਜੂਨ ਨੂੰ ਹੋ ਰਹੀਆਂ ਆਮ ਚੋਣਾਂ ਲਈ ਲੇਬਰ ਪਾਰਟੀ ਵਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਸਾਕਾ ਨੀਲਾ ਤਾਰਾ ਅਤੇ ਨਵੰਬਰ ’84 ਦੇ ਸਿੱਖ ਨਸਲਕੁਸ਼ੀ ਦੇ ਮੁੱਦੇ ਨੂੰ ਵੀ ਸ਼ਾਮਿਲ ਕੀਤੇ ਜਾਣ ਦਾ ਭਰਵਾਂ ਸਵਾਗਤ ਕੀਤਾ ਹੈ ਅਤੇ ਕੇਂਦਰ ਸਰਕਾਰ ਤੋਂ ਸਾਕਾ ਨੀਲਾ ਤਾਰਾ ਨਾਲ ਸਬੰਧਿਤ ਸਾਰੇ ਗੁਪਤ ਇਤਿਹਾਸਕ ਦਸਤਾਵੇਜ਼ਾਂ ਨੂੰ ਜਨਤਕ ਕਰ ਦੇਣ ਦੀ ਮੰਗ ਕੀਤੀ ਹੈ।
ਜੂਨ ’84 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਦੀ ਤਿਆਰੀ ਨੂੰ ਲੈ ਕੇ ਪਿੰਡ-ਪਿੰਡ ਦੀਵਾਨ ਸਜਾ ਰਹੇ ਦਮਦਮੀ ਟਕਸਾਲ ਦੇ ਮੁਖੀ ਨੇ ਪਿੰਡ ਉਦੋਨੰਗਲ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਅਜੋਕੇ ਬਦਲਦੇ ਸਮੀਕਰਨਾਂ ਦੌਰਾਨ ਵੱਡੇ ਅਤੇ ਛੋਟੇ ਘੱਲੂਘਾਰਿਆਂ ਦੀ ਤਰਾਂ ’84 ਦੇ ਕਦੀ ਵੀ ਨਾ ਭੁੱਲਣਯੋਗ ਤ੍ਰਾਸਦੀ ਬਾਰੇ ਕੌਮਾਂਤਰੀ ਪੱਧਰ ਉੱਤੇ ਨਵੀਂ ਬਹਿਸ ਛਿੜ ਚੁੱਕੀ ਹੈ,ਤਾਂ ਭਾਰਤ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਸਿੱਖਾਂ ਨਾਲ ਨਾ ਇਨਸਾਨੀ ਕਰਨ ਵਾਲੀ ਅਤੇ ਉਕਤ ਦੁਖਾਂਤ ਨੂੰ ਅੰਜ਼ਾਮ ਦੇਣ ਵਾਲੀ ਇੰਦਰਾ ਗਾਂਧੀ ਹਕੂਮਤ ਦੀਆਂ ਕੋਝੀਆਂ ਕਾਰਵਾਈਆਂ ਨੂੰ ਸੰਸਾਰ ਸਨਮੁੱਖ ਲਿਆਉਣ ਲਈ ਸੰਬੰਧਿਤ ਸਾਰੇ ਗੁਪਤ ਇਤਿਹਾਸਕ ਦਸਤਾਵੇਜ਼ਾਂ ਜਨਤਕ ਕਰਨ ਵੱਲ ਤੁਰੰਤ ਕਦਮ ਚੁੱਕਣ।
ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ’84 ਦੇ ਮੁੱਦੇ ਨੂੰ ਯੂ.ਕੇ ਚੋਣਾਂ ’ਚ ਉਠਾਉਣ ਅਤੇ ਕੈਨੇਡਾ ਦੀ ਸੂਬਾ ਉਂਟਾਰਿਓ ਦੀ ਸੰਸਦ ਵਲੋਂ ਸਿੱਖ ਨਸਲਕੁਸ਼ੀ ਬਾਰੇ ਪਾਸ ਮਤਿਆਂ ਨਾਲ ’84 ਦਾ ਮੁੱਦਾ ਮਜ਼ਬੂਤੀ ਨਾਲ ਉੱਭਰਦਿਆਂ ਮੁੜ ਕੌਮਾਂਤਰੀ ਪੱਧਰ ਤੇ ਫੋਕਸ ’ਚ ਆ ਗਿਆ ਹੈ ਅਤੇ ਸਮੁੱਚੀ ਮਾਨਵਤਾ ਸਿੱਖ ਕੌਮ ਨਾਲ ਹੋਈ ਬੇਇਨਸਾਫ਼ੀ ਬਾਰੇ ਜਾਣਨ ਲਈ ਉਤਾਵਲੀ ਹੈ।ਉਹਨਾਂ ਕਿਹਾ ਕਿ ਉਕਤ ਸਮੇਂ ਦੀ ਤ੍ਰਾਸਦੀ ਕੇਵਲ ਸਿੱਖ ਕੌਮ `ਤੇ ਕੀਤੇ ਗਏ ਹਮਲੇ ਤਕ ਸੀਮਤ ਨਹੀਂ ਸਗੋਂ ਵਿਸ਼ਵ ਨੂੰ ਇਹ ਜਾਨਣ ਦਾ ਹੱਕ ਹੈ ਕਿ ਉਕਤ ਦੁਖਾਂਤ ਦਾ ਸੰਬੰਧ ਲੰਮੇ ਸਮੇਂ ਤੋਂ ਹੋ ਰਹੀ ਪੰਜਾਬ ਦੀ ਧਰਤੀ ਦੇ ਪਾਣੀਆਂ ਅਤੇ ਹੋਰ ਕੁਦਰਤੀ ਸਾਧਨਾਂ ਦੀ ਲੁੱਟ ਦੀ ਕਹਾਣੀ ਵੀ ਬਿਆਨ ਕਰ ਰਹੀ ਹੈ।ਉਹਨਾਂ ਸਮਰੱਥਾਵਾਨ ਸੰਗਠਨਾਂ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਉਕਤ ਮੁੱਦੇ ਨੂੰ ਸੰਯੁਕਤ ਰਾਸ਼ਟਰ ਦੀ ਕੌਮਾਂਤਰੀ ਨਿਆਂ ਪ੍ਰਣਾਲੀ ਤਕ ਲੈ ਜਾਣ ਦੀ ਜ਼ਿੰਮੇਵਾਰੀ ਨਿਭਾਉਣ ਅਤੇ ਇਤਿਹਾਸਕ ਭੂਮਿਕਾ ਅਦਾ ਕਰਨ ਦਾ ਵੀ ਸੱਦਾ ਦਿੱਤਾ।ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਦੀ ਤਸੱਲੀ ਇਨਸਾਫ਼ ਮਿਲਣ ਨਾਲ ਹੀ ਹੋਵੇਗੀ, ਪਰ ਦੁੱਖ ਦੀ ਗੱਲ ਹੈ ਕਿ 33 ਸਾਲ ਬਾਅਦ ਵੀ ਪੀੜਤ ਸਿੱਖਾਂ ਨੂੰ ਇਨਸਾਫ਼ ਮਿਲਦਾ ਨਜ਼ਰ ਨਹੀਂ ਆ ਰਿਹਾ।ਨਾ ਹੀ ਭਾਰਤ ਵਿਚ ਸਿੱਖ ਅਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਵਿਚ ਵਿਸ਼ਵਾਸ ਬਹਾਲ ਕਰਨ ਲਈ ਫਿਰਕੂ ਹਿੰਸਾ ਨੂੰ ਪ੍ਰਭਾਵੀ ਢੰਗ ਨਾਲ ਰੋਕਣ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਪ੍ਰਤੀ ਕੋਈ ਪ੍ਰਭਾਵਸ਼ਾਲੀ ਕਾਨੂੰਨ ਬਣਾਇਆ ਗਿਆ ਹੈ।
ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਮੱਧ ਪ੍ਰਦੇਸ਼ ਵਿਚ ਸਿਕਲੀਗਰ ਭਾਈਚਾਰੇ `ਤੇ ਸਰਕਾਰ ਵੱਲੋਂ ਅਣਮਨੁੱਖੀ ਅਤਿਆਚਾਰ ਕਰਨ ਦੀ ਵੀ ਸਖ਼ਤ ਨਿਖੇਧੀ ਕੀਤੀ ਹੈ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply