ਨਵੀਂ ਦਿੱਲੀ, 3 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਪੁਲਿਸ ਮੁਖੀ ਕੇ.ਪੀ.ਐਸ. ਗਿਲ ਦੇ ਭੋਗ ਤੇ ਜਾਣ ਤੇ ਦਿੱਲੀ ਸਿੱਖ ਗੁਰਦੁਆਰਾ
ਪ੍ਰਬੰਧਕ ਕਮੇਟੀ ਨੇ ਆਪਣਾ ਰੁੱਖ ਸਖ਼ਤ ਕਰ ਲਿਆ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅਮਰਿੰਦਰ ਦੀ ਹਾਜ਼ਰੀ ਨੂੰ ਸਿੱਖਾਂ ਦੇ ਜਖ਼ਮਾਂ ’ਤੇ ਲੂਣ ਛਿੜਕਣ ਵੱਜੋਂ ਪ੍ਰਭਾਸ਼ਿਤ ਕੀਤਾ ਹੈ।ਮੀਡੀਆ ਨੂੰ ਜਾਰੀ ਆਪਣੇ ਬਿਆਨ ’ਚ ਜੀ.ਕੇ ਨੇ ਕਿਹਾ ਕਿ ਅਮਰਿੰਦਰ ਨੇ ਗਿੱਲ ਦੇ ਭੋਗ ’ਤੇ ਜਾ ਕੇ ਅਸਿੱਧੇ ਤਰੀਕੇ ਨਾਲ ਗਿਲ ਵੱਲੋਂ ਸਿੱਖ ਨੌਜਵਾਨਾਂ ਦੇ ਖੂਨ ਨਾਲ ਖੇਡੀ ਗਈ ਹੋਲੀ ਨੂੰ ਸਰਕਾਰੀ ਮਾਨਤਾ ਦੇ ਦਿੱਤੀ ਹੈ।
ਜੀ.ਕੇ ਨੇ ਕਿਹਾ ਕਿ ਸਿੱਖ ਕੌਮ ਗਿੱਲ ਨੂੰ ਅੱਜ ਵੀ ਆਪਣਾ ਕਾਤਿਲ ਮੰਨਦੀ ਹੈ।ਜਿਸ ਕਰਕੇ ਉਸਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਗਿੱਲ ਦੀ ਅੰਤਿਮ ਰਸਮਾ ਵਿਚ ਭਾਗ ਲੈਣ ਤੋਂ ਸਿੱਖਾਂ ਨੂੰ ਵਰਜਿਆਂ ਗਿਆ ਸੀ। ਪਰ ਅਮਰਿੰਦਰ ਨੇ ਕਾਂਸੀਟਿਯੂਸ਼ਨ ਕਲੱਬ ’ਚ ਭੋਗ ਸਮਾਗਮ ਤੇ ਜਾ ਕੇ ਸਿੱਖ ਕੌਮ ਦੀ ਭਾਵਨਾਵਾਂ ਨੂੰ ਅਨਦੇਖਾ ਕੀਤਾ ਹੈ। ਜੀ.ਕੇ. ਨੇ ਕਿਹਾ ਕਿ ਇਹੀ ਅਮਰਿੰਦਰ ਜੂਨ 1984 ’ਚ ਸੀ੍ਰ ਦਰਬਾਰ ਸਾਹਿਬ ’ਤੇ ਹਮਲੇ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਕਾਤਿਲ ਜਮਾਤ ਦੱਸਦੇ ਹੋਏ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਪਣੇ ਆਪ ਨੂੰ ਪੰਥਕ ਦੱਸਣ ਦੇ ਦਗਮਜੇ ਮਾਰਦਾ ਸੀ। ਪਰ ਅੱਜ ਅਮਰਿੰਦਰ ਨੇ ਜੂਨ 2017 ’ਚ ਸਿੱਖ ਕੌਮ ਦੇ ਕਾਤਿਲ ਦੇ ਭੋਗ ਵਿਚ ਜਾ ਕੇ ਸਿੱਖੀ ਅਣਖ ਅਤੇ ਰਵਾਇਤਾ ਦਾ ਭੋਗ ਪਾ ਦਿੱਤਾ ਹੈ।
ਜੀ.ਕੇ ਨੇ ਸਾਫ਼ ਕਿਹਾ ਕਿ ਗਿੱਲ ਨੂੰ ਸੀ੍ਰ ਅਕਾਲ ਤਖ਼ਤ ਸਾਹਿਬ ਤੋਂ 5 ਸਿੰਘ ਸਾਹਿਬਾਨਾਂ ਨੇ ਪੰਥ ਚੋਂ ਛੇਕਿਆ ਹੋਇਆ ਸੀ, ਇਸ ਕਰਕੇ ਅਮਰਿੰਦਰ ਨੇ ਅੱਜ ਕਿਤੇ ਨਾ ਕਿਤੇ ਤਖਤ ਸਾਹਿਬ ਦੇ ਵੱਕਾਰ ਨੂੰ ਵੀ ਚੁਨੌਤੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਮੁੱਖ ਮੰਤਰੀ ਬਣਨ ਉਪਰੰਤ ਅਮਰਿੰਦਰ ਸਰਕਾਰ ਵੱਲੋਂ ਲਏ ਗਏ ਕਈ ਫੈਸਲਿਆਂ ਦੀ ਵੀ ਜੀ.ਕੇ ਨੇ ਨਿਖੇਧੀ ਕੀਤੀ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਨੂੰ ਡੀ.ਐਸ.ਪੀ ਲਗਾਉਣਾ, ਖਾਲਸਾ ਕਾਲਜ ਅੰਮ੍ਰਿਤਸਰ ਨੂੰ ਯੂਨੀਵਰਸਿਟੀ ਬਣਾਉਣ ਦੀ ਮਿਲੀ ਮਾਨਤਾ ਨੂੰ ਰੱਦ ਕਰਨਾ ਅਤੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਵਿਰਾਸਤ-ਏ-ਖਾਲਸਾ ਨੂੰ ਚਿੱਟਾ ਹਾਥੀ ਦੱਸਣ ਨੂੰ ਜੀ.ਕੇ ਨੇ ਪੰਜਾਬ ਸਰਕਾਰ ਵੱਲੋਂ ਸਿੱਖਾਂ ਨੂੰ ਚਿੜਾਉਣ ਵੱਜੋਂ ਦੱਸਿਆ।
ਜੀ.ਕੇ ਨੇ ਦਾਅਵਾ ਕੀਤਾ ਕਿ ਅਮਰਿੰਦਰ ਨੇ ਗਿੱਲ ਦੇ ਭੋਗ ’ਤੇ ਜਾ ਕੇ ਬੇਦੋਸ਼ੇ ਮਾਰੇ ਗਏ ਸਿੱਖ ਨੌਜਵਾਨਾਂ ਦੇ ਕਤਲ ਨੂੰ ਜਾਇਜ਼ ਸਾਬਿਤ ਕੀਤਾ ਹੈ।ਗਿੱਲ ਨੂੰ ਅੰਤਿਮ ਰਸਮਾਂ ਨਿਭਾਉਣ ਲਈ ਗੁਰਦੁਆਰਾ ਸਾਹਿਬ ਕੌਮ ਵੱਲੋਂ ਉਪਲਬਧ ਨਾ ਕਰਾਉਣ ਦੇ ਲਏ ਗਏ ਕੌਮੀ ਫੈਸਲੇ ਨੂੰ ਜੀ.ਕੇ ਨੇ ਸਿੱਖੀ ਭੇਖ ’ਚ ਕੌਮ ਨਾਲ ਧ੍ਰੋਹ ਕਮਾਉਣ ਵਾਲੇ ਲੋਕਾਂ ਲਈ ਚੇਤਾਵਨੀ ਵੱਜੋਂ ਦੱਸਿਆ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media