ਕਿਹਾ ‘ਸਰਬੱਤ ਖ਼ਾਲਸਾ’ ਦੇ ‘ਜਥੇਦਾਰ’ ਸਪੱਸ਼ਟ ਕਰਨ ਕਿ ਉਹ ਭੋਗ ’ਤੇ ਜਾਣ ਵਾਲੇ ਸਿੱਖਾਂ ਨੂੰ ਪੰਥ ਵਿਚੋਂ ਛੇਕਣ ਵਾਲੇ ਬਿਆਨ ‘ਤੇ ਕਾਇਮ ਹਨ?
ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ ਬਿਊਰੋ) – ਸਿੱਖਾਂ ਦੇ ਗੁਨਾਹਗਾਰ ਸਾਬਕਾ ਡੀ.ਜੀ.ਪੀ ਕੇ.ਪੀ.ਐਸ ਗਿੱਲ ਨੂੰ ਪੰਥ ਵਿੱਚੋਂ ਛੇਕਣ ਅਤੇ ਉਸ ਦੇ ਭੋਗ ’ਤੇ ਜਾਣ ਵਾਲੇ
ਸਿੱਖਾਂ ਨੂੰ ਵੀ ਪੰਥ ਵਿੱਚੋਂ ਛੇਕ ਦਿੱਤਾ ਜਾਵੇਗਾ ਵਰਗੇ ਬਿਆਨ ਦੇਣ ਵਾਲੇ ‘ਸਰਬੱਤ ਖ਼ਾਲਸਾ’ ਦੇ ਨਾਮ ’ਤੇ ਬਣੇ ‘ਜਥੇਦਾਰ’ ਭਾਈ ਧਿਆਨ ਸਿੰਘ ਮੰਡ, ਬਾਬਾ ਬਲਜੀਤ ਸਿੰਘ ਦਾਦੂਵਾਲ, ਅਕਾਲੀ ਦਲ ਮਾਨ, ਸੰਯੁਕਤ ਅਕਾਲੀ ਦਲ (ਭਾਈ ਮੋਹਕਮ ਸਿੰਘ), ਹੁਣ ਕੈਪਟਨ ਅਮਰਿੰਦਰ ਸਿੰਘ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਵਿਰੁੱਧ ਕਾਰਵਾਈ ਕਰਨ ਦੀ ਥਾਂ ਚੁੱਪ ਕਿਉਂ ਹਨ? ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਆਗੂ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਰਵਿੰਦਰ ਸਿੰਘ ਬ੍ਰਹਮਪੁਰਾ, ਵੀਰ ਸਿੰਘ ਲੋਪੋਕੇ ਅਤੇ ਗੁਰਪ੍ਰਤਾਪ ਸਿੰਘ ਟਿਕਾ ਵੱਲੋਂ ਸਾਂਝੇ ਤੌਰ ’ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ।ਅਕਾਲੀ ਆਗੂਆਂ ਨੇ ਕਿਹਾ ਕਿ ਇਹ ਇਤਿਹਾਸਕ ਸੱਚ ਹੈ ਕਿ ਸਾਬਕਾ ਡੀ.ਜੀ.ਪੀ ਕੇ.ਪੀ.ਐਸ ਗਿੱਲ ਸਿੱਖ ਕੌਮ ਦਾ ਵੱਡਾ ਗੁਨਾਹਗਾਰ ਸੀ ਅਤੇ ਉਸ ਦੀ ਭੋਗ ਦੀਆਂ ਰਸਮਾਂ ਵਿੱਚ ਕਿਸੇ ਵੀ ਸਿੱਖ ਨੇ ਸ਼ਾਮਿਲ ਨਾ ਹੋ ਕੇ ਉਸ ਦੀ ਗੁਨਾਹਗਾਰੀ ਉਪਰ ਮੋਹਰ ਵੀ ਲਾ ਦਿੱਤੀ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਹੈਰਾਨੀ ਤੇ ਦੁੱਖ ਇਸ ਗੱਲ ਦਾ ਹੈ ਕਿ ਵੱਡੇ ਵੱਡੇ ਬਿਆਨ ਦੇਣ ਵਾਲੇ ਇਹ ਆਗੂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਵਿਧਾਇਕ ਰਾਣਾ ਸੋਢੀ ਵੱਲੋਂ ਗਿੱਲ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਿਲ ਹੋਣ ਅਤੇ ਅਤੇ ਸ਼ਰਧਾਂਜਲੀ ਦੇਣ ਵਿੱਚ ਗਿੱਲ ਦੀਆਂ ਸਿਫ਼ਤਾਂ ਬੰਨ੍ਹਣ ਤੋਂ ਬਾਅਦ ਹੁਣ ਸੁੰਨ ਕਿਊ ਹੋ ਗਏ ਹਨ।ਉਹਨਾਂ ਕਿਹਾ ਕਿ ਇੰਜ ਲਗਦਾ ਹੈ ਕਿ ਇਹ ਆਗੂ ਕੇ.ਪੀ.ਐਸ ਗਿੱਲ ਦਾ ਤਾਂ ਵਿਰੋਧ ਕਰਦੇ ਹਨ, ਪਰ ਕੈਪਟਨ ਅਤੇ ਕਾਂਗਰਸ ਕਾਂਗਰਸ ਨਾਲ ਆਪਣੀ ਪੁਰਾਣੀ ਅਤੇ ਅੰਦਰੂਨੀ ਸਾਂਝ ਭਿਆਲੀ ਬਣਾਈ ਰੱਖਣਾ ਚਾਹੁੰਦੇ ਹਨ।
ਉਨਾਂ ਨੇ ਆਤਮ ਸਮਰਪਣ ਕਰਵਾਏ ਗਏ 21 ਸਿੱਖ ਨੌਜਵਾਨਾਂ ਨੂੰ ਪੁਲੀਸ ਵੱਲੋਂ ਝੂਠੇ ਮੁਕਾਬਲੇ ਵਿੱਚ ਮਾਰੇ ਜਾਣ ਦਾ ਜ਼ਿਕਰ ਕਰਨ ਵਾਲੇ ਕੈਪਟਨ ਝੂਠੇ ਮੁਕਾਬਲਿਆਂ ਵਿੱਚ ਨੌਜਵਾਨਾਂ ਨੂੰ ਮਾਰਨ ਵਾਲੇ ਕੇ.ਪੀ.ਐਸ ਗਿੱਲ ਦੀ ਭਰਪੂਰ ਸ਼ਲਾਘਾ ਵੀ ਕਰਦੇ ਹਨ।ਉਹਨਾਂ ਕਿਹਾ ਕਿ ਗਿੱਲ ਦੀ ਤਾਰੀਫ਼ ਨਾਲ ਕੈਪਟਨ ਦਾ ਦੋਗਲਾ ਚਿਹਰਾ ਸਾਹਮਣੇ ਆ ਗਿਆ ਹੈ।ਉਹਨਾਂ ਕਿਹਾ ਕਿ ਗਿੱਲ ਹਜ਼ਾਰਾਂ ਨੌਜਵਾਨਾਂ ਦਾ ਕਾਤਲ ਅਤੇ ਮਨੁੱਖੀ ਹੱਕਾਂ ਦੀ ਉਲੰਘਣਾ ਦਾ ਵੱਡਾ ਅਪਰਾਧੀ ਸੀ। ਉਹਨਾਂ ਕਿਹਾ ਕਿ ਕੈਪਟਨ 21 ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਵਿੱਚ ਮਾਰ ਜਾਣ ਦਾ ਗਵਾਹ ਦੇ ਤੌਰ ’ਤੇ ਮੁਕੱਦਮਾ ਦਰਜ ਕਰਾਉਣ।ਅਕਾਲੀ ਆਗੂਆਂ ਨੇ ‘ਸਰਬੱਤ ਖ਼ਾਲਸਾ’ ਦੇ ਨਾਮ ’ਤੇ ਬਣੇ ‘ਜਥੇਦਾਰਾਂ’ ਅਕਾਲੀ ਦਲ ਮਾਨ, ਸੰਯੁਕਤ ਅਕਾਲੀ ਦਲ ਤੋਂ ਵੀ ਮੰਗ ਕੀਤੀ ਹੈ ਕਿ ਕੀ ਉਹ ਆਪਣੀ ਸਥਿਤੀ ਸਪੱਸ਼ਟ ਕਰਨ ਕਿ ਉਹ ਗਿੱਲ ਦੇ ਭੋਗ ’ਤੇ ਜਾਣ ਵਾਲੇ ਸਿੱਖਾਂ ਨੂੰ ਪੰਥ ਵਿਚੋਂ ਛੇਕਣ ਵਾਲੇ ਆਪਣੇ ਦਿੱਤੇ ਗਏ ਬਿਆਨ ਉੱਤੇ ਕਾਇਮ ਹਨ?
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media