ਹਾਈਕੋਰਟ ਨੇ ਐਨ. ਸੀ. ਟੀ ਦਿੱਲੀ ਨੂੰ ਨੋਟਿਸ ਜਾਰੀ ਕਰਕੇ ਵਿਗੜਦੀ ਹੋਈ ਸਿਹਤ ਦੀ ਰਿਪੋਰਟ ਕੀਤੀ ਤਲਬ
ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ ਬਿਊਰੋ)- ਅਖੰਡ ਕੀਰਤਨੀ ਜਥੇ ਦੀ ਸਰਪ੍ਰਸਤੀ ਹੇਠ ਭਾਈ ਜਗਤਾਰ ਸਿੰਘ ਹਵਾਰਾ ਦੀ ਸਿਹਤ ਨੂੰ ਮੁੱਖ ਰੱਖਦਿਆਂ ਭਾਈ ਪਰਮਜੀਤ ਸਿੰਘ ਚੰਡੋਕ ਦੀ ਪ੍ਰਧਾਨਗੀ ਹੇਠ ਭਾਈ ਹਰਮਿੰਦਰ ਸਿੰਘ ਤਿਲਕ ਨਗਰ ਅਤੇ ਭਾਈ ਇਕਬਾਲ ਸਿੰਘ ਦਿੱਲੀ ਦੀ ਤਿੰਨ ਮੈਂਬਰੀ ਕਮੇਟੀ ਵੱਲੋਂ ਭਾਈ ਹਵਾਰਾ ਦੇ ਇਲਾਜ ਲਈ ਕਾਨੰਨੀ ਕਾਰਵਾਈ ਦੀ ਆਰੰਭਤਾ ਕੀਤੀ ਗਈ ਹੈ। ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖ ਕੌਮ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਕੀਤੀਆਂ ਅਰਦਾਸਾਂ ਸਦਕਾ ਸੁਪਰੀਮ ਕੌਰਟ ਦੇ ਸੀਨੀਅਰ ਵਕੀਲ ਸ. ਕੇ. ਟੀ. ਐਸ ਤੁਲਸੀ ਵੱਲੋਂ 2 ਜੁਲਾਈ ਨੂੰ ਕੀਤੀ ਬਹਿਸ ਦੇ ਆਧਾਰ ਤੇ ਦਿੱਲੀ ਹਾਈਕੋਰਟ ਨੇ ਅਪੀਲ ਨੂੰ ਪ੍ਰਵਾਨ ਕਰਕੇ ਦਿੱਲੀ ਸਟੇਟ ਨੂੰ ਨੋਟਿਸ ਜਾਰੀ ਕਰਦਿਆਂ ਭਾਈ ਹਵਾਰਾ ਦੀ ਵਿਗੜਦੀ ਹੋਈ ਸਿਹਤ ਦੀ ਰਿਪੋਰਟ ਪੇਸ਼ ਕਰਨ ਲਈ ਹੁਕਮ ਜਾਰੀ ਕੀਤਾ ਹੈ ਅਤੇ ਨਾਲ ਹੀ ਹੁਣ ਤੱਕ ਤਿਹਾੜ ਜੇਲ ਅਤੇ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਇਲਾਜ ਦੀ ਜਾਣਕਾਰੀ ਦੇਣ ਲਈ ਹੁਕਮ ਜਾਰੀ ਕੀਤਾ ਹੈ। ਭਾਈ ਜਗਤਾਰ ਸਿੰਘ ਹਵਾਰਾ ਦੇ ਪਰਿਵਾਰ ਵੱਲੋਂ ਹੈਡ ਕੁਆਰਟਰ ‘ਤੇ ਭੇਜੀ ਜਾਣਕਾਰੀ ਦੇ ਆਧਾਰ ‘ਤੇ ਜਥੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਭਾਈ ਹਵਾਰਾ ਦਾ ਜੇਲ ਅੰਦਰ ਠੀਕ ਇਲਾਜ ਨਾ ਹੋਣ ਕਰਕੇ ਸਿਹਤ ‘ਚ ਕੋਈ ਸੁਧਾਰ ਨਹੀਂ ਹੋ ਰਿਹਾ ਅਤੇ ਮੁਲਾਕਾਤ ਲਈ ਵੀ ਵ੍ਹੀਲ ਚੇਅਰ ਜਾਂ ਸਟੈਚਰ ‘ਤੇ ਪਾ ਕੇ ਲਿਆਇਆ ਜਾਂਦਾ ਹੈ। ਹਾਈਕੋਰਟ ‘ਚ ਅਪੀਲ ਦਾਖਲ ਹੋਣ ਨਾਲ ਭਾਈ ਹਵਾਰਾ ਦੇ ਜਲਦੀ ਹੀ ਚੰਗੇ ਇਲਾਜ ਅਤੇ ਸਿਹਤਯਾਬ ਹੋਣ ਦੀ ਉਮੀਦ ਜਾਗੀ ਹੈ।