ਬਠਿੰਡਾ, 01 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ‘ਗਿਆਨ ਪ੍ਰਸਾਰ ਸਮਾਜ’ (ਇਕਾਈ ਬਠਿੰਡਾ) ਵੱਲੋਂ ‘ਇੰਟਰਨੈੱਟ ਦੀ ਦੁਰਵਰਤੋਂ, ਖ਼ਤਰਨਾਕ ਵੀਡੀਓ ਗੇਮਾਂ ਅਤੇ ਸਾਡੇ ਬੱਚੇ’ ਵਿਸ਼ੇ `ਤੇ ਇੱਕ ਦਿਨਾਂ ਵਿਚਾਰ ਗੋਸ਼ਟੀ ਕਰਵਾਈ ਗਈ।ਇਸ ਵਿਚਾਰ ਗੋਸ਼ਟੀ ਵਿਚ ਡਾ. ਅੰਮਿ੍ਰਤਪਾਲ ਐਮ.ਡੀ ਗੁਰੂ ਨਾਨਕ ਕਾਲਜ ਅੰਮਿ੍ਰਤਸਰ ਅਤੇ ਡਾ. ਸੀ. ਪੀ ਕੰਬੋਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਬੁਲਾਰਿਆਂ ਵਜੋਂ ਸ਼ਾਮਲ ਹੋਏ।ਡਾ.ਸੀ.ਪੀ ਕੰਬੋਜ ਨੇ ਇੰਟਰਨੈਟ, ਮੋਬਾਇਲ, ਸੋਸ਼ਲ ਸਾਇਟਾਂ, ਵੀਡੀਓ ਗੇਮਾਂ ਆਦਿ ਦੀ ਕੀ ਲੋੜ ਹੈ ਅਤੇ ਇਸ ਦੇ ਸਮਾਜ `ਤੇ ਪੈ ਰਹੇ ਮਾੜੇ ਅਸਰ ਬਾਰੇ ਗੱਲ ਕਰਦੇ ਹੋਏ ਇੱਕ ਚੰਗੇ ‘ਇੰਟਰਨੈਟ ਸਭਿਅਕ ਸਾਇਬਰ ਨਾਗਰਿਕ’ ਬਣਨ ਦੀ ਲੋੜ ’ਤੇ ਜ਼ੋਰ ਦਿੱਤਾ। ਡਾ. ਅੰਮਿ੍ਰਤਪਾਲ ਨੇ ਅਜੋਕੇ ਸਮੇਂ ਵਿੱਚ ਇੰਟਰਨੈੱਟ ਦੀ ਦੁਰਵਰਤੋਂ ਤੇ ਖ਼ਤਰਨਾਕ ਵੀਡੀਓ ਗੇਮਾਂ ਵਰਗੀਆਂ ਸਮਾਜਿਕ ਸਮੱਸਿਆਵਾਂ ਦੀ ਗੰਭੀਰਤਾ ਅਤੇ ਉਸ ਦੇ ਕਾਰਨਾਂ ਦੀ ਗੱਲ ਕਰਦੇ ਹੋਏ ਦਸਿਆ ਕਿ ਜਿਵੇਂ ਸਾਡਾ ਸਮਾਜ ਨਸ਼ੇ ਵਰਗੀਆਂ ਅਲਾਮਤਾਂ ਨੂੰ ਬੁਰਾ ਮੰਨਦਾ ਹੈ, ਓਸ ਰੂਪ `ਚ ਇਹਨਾਂ ਸਮਸਿਆਵਾਂ ਬਾਰੇ ਹਾਲੇ ਇਸ ਤਰਾਂ ਗੰਭੀਰਤਾ ਨਾਲ਼ ਨਹੀਂ ਸੋਚਦਾ।ਉਹਨਾਂ ਨੇ ਬਹੁਤ ਸਾਰੇ ਅੰਕੜਿਆਂ ਰਾਹੀਂ ਇਸ ਸਮੱਸਿਆ ਦੀ ਗੰਭੀਰਤਾ ਦਾ ਅਹਿਸਾਸ ਸਰੋਤਿਆਂ ਨੂੰ ਕਰਵਾਇਆ।ਇਕੱਲੀ ‘ਬਲੂ ਵੇਲ’ ਗੇਮ ਕਰਕੇ ਹੀ ਸੰਸਾਰ ਵਿੱਚ ਲਗਪਗ 250 ਬਚੇ ਆਤਮ-ਹੱਤਿਆ ਕਰ ਚੁੱਕੇ ਹਨ।ਹੁਣ ਅਜਿਹੇ ਕੇਸ ਭਾਰਤ ਵਿਚ ਵੀ ਸਾਹਮਣੇ ਆ ਰਹੇ ਹਨ। ਇਹਨਾਂ ਸਮੱਸਿਆਵਾਂ ਦੇ ਹੱਲ ਬਾਰੇ ਉਹਨਾਂ ਨੇ ਕਿਹਾ ਕਿ ਸਾਇਬਰ ਦੀ ਲਤ ਵਰਗੀ ਗੰਭੀਰ ਸਮੱਸਿਆ ਨੂੰ ਸਾਡਾ ਸਮਾਜ ਵਿਅਕਤੀ ਤੱਕ ਡੇਗ ਦਿੰਦਾ ਹੈ। ਭਾਵੇਂ ਕਿ ਵਿਅਕਤੀ ਵੀ ਇਸ ਲਈ ਕੁਝ ਹੱਦ ਤੱਕ ਦੋਸ਼ੀ ਹੁੰਦਾ ਹੈ ਪਰ ਅਸਲ ਵਿਚ ਇਹਨਾਂ ਸਮੱਸਿਆਂ ਲਈ ਪੂਰਾ ਸਮਾਜਿਕ-ਸਭਿਆਚਾਰਕ ਪ੍ਰਬੰਧ ਦੋਸ਼ੀ ਹੈ ਜਿਸ ਦਾ ਹਲ ਅੰਤਿਮ ਰੂਪ ਵਿਚ ਤਾਂ ਅਜਿਹਾ ਸਮਾਜ ਦੇ ਸਕਦਾ ਹੈ ਜਿਥੇ ਹਰ ਤਰਾਂ ਦੀ ਪੈਦਾਵਾਰ ਮੁਨਾਫੇ ਤੋਂ ਮੁਕਤ ਹੋ ਕੇ ਲੋਕ-ਪੱਖੀ ਬਣੇਗੀ।ਅਜਿਹਾ ਸਮਾਜ ਜਿੱਥੇ ਕਿਸੇ ਸੰਵੇਦਨਸ਼ੀਲ ਬੰਦੇ ਦਾ ਦਮ ਨਾ ਘੁੱਟੇ। ਦੂਜਾ ਸਰਕਾਰਾਂ ਤੋਂ ਖ਼ਤਰਨਾਕ ਵੈੱਬ-ਸਾਇਟਾਂ ਜਿਵੇਂ ਪੋਰਨ ਸਾਇਟਾਂ, ਖ਼ਤਰਨਾਕ ਵਡਿੀਓ ਗੇਮਾਂ ਦੀਆਂ ਸਾਇਟਾਂ ਨੂੰ ਬੰਦ ਕਰਨ ਲਈ ਸਰਕਾਰਾਂ `ਤੇ ਦਬਾਅ ਪਾਉਣਾ ਚਾਹੀਦਾ ਹੈ।ਸਮਾਜ ਵਿਚ ਲਾਇਬ੍ਰੇਰੀਆਂ, ਖੇਡ-ਮੈਦਾਨਾਂ ਆਦਿ ਦੀ ਮੰਗ ਸਰਕਾਰਾਂ ਤੋਂ ਕਰਨੀ ਚਾਹੀਦੀ ਹੈ।ਇਹਨਾਂ ਸਮੱਸਿਆਵਾਂ ਬਾਰੇ ਜੇਕਰ ਸਮਾਜ ਗੰਭੀਰਤਾ ਨਾਲ਼ ਨਹੀਂ ਸੋਚੇਗਾ ਤਾਂ ਸਾਡਾ ਭਵਿੱਖ ਬਹੁਤ ਖ਼ਤਰਨਾਕ ਹੋਵੇਗਾ।ਅਖ਼ੀਰ ਵਿਚ ਸਵਾਲਾਂ-ਜਵਾਬਾਂ ਦਾ ਸਿਲਸਿਲਾ ਚਲਿਆ ਅਤੇ ਸਰੋਤਿਆਂ ਨੇ ਬੁਲਾਰਿਆਂ ਤੋਂ ਵੱਖ-ਵੱਖ ਤਰਾਂ ਦੇ ਸਵਾਲ ਪੁੱਛੇ ਅਤੇ ਉਹਨਾਂ ਨੇ ਵਿਸਥਾਰ ਵਿੱਚ ਸਵਾਲਾਂ ਦੇ ਜਵਾਬ ਦਿੱਤੇ ਗਏ।ਇਸ ਗੋਸ਼ਟੀ ਵਿਚ ਡਾ. ਕੰਵਲਜੀਤ, ਖੁਸ਼ਵੰਤ ਬਰਗਾੜੀ, ਲੇਖਕ ਅਤਰਜੀਤ, ਡਾ. ਕੁਲਦੀਪ, ਡਾ. ਅਵਤਾਰ ਆਦਿ ਸ਼ਖ਼ਸ਼ੀਅਤਾਂ ਨੇ ਵੀ ਭਾਗ ਲਿਆ।
Check Also
ਡੀ.ਐਸ.ਸੀ ਵਿੱਚ ਸਾਬਕਾ ਸੈਨਿਕਾਂ ਦੀ ਦੁਬਾਰਾ ਭਰਤੀ ਲਈ ਭਰਤੀ ਰੈਲੀ
ਅੰਮ੍ਰਿਤਸਰ, 23 ਨਵੰਬਰ (ਜਗਦੀਪ ਸਿੰਘ) – ਪੰਜਾਬ ਰੈਜੀਮੈਂਟਲ ਸੈਂਟਰ ਰੈਗੂਲਰ ਐਂਡ ਟੈਰੀਟੋਰੀਅਲ ਆਰਮੀ (102 ਟੀਏ, …