Monday, May 20, 2024

ਪੁਲਿਸ ਨੇ ਚਾਲੂ ਮਾਲੀ ਸਾਲ ਵਿਚ 350 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ

ਵੱਡੇ ਤਸਕਰਾਂ ਤੋਂ ਹੈਰੋਇਨ ਦੀ ਬਰਾਮਦਗੀ ਵਿਚ ਕੋਈ ਗੁਣਾ ਵਾਧਾ

PPN100715
ਅੰਮ੍ਰਿਤਸਰ, 10  ਜੁਲਾਈ ( ਸੁਖਬੀਰ ਸਿੰਘ)-ਪੰਜਾਬ ਪੁਲਿਸ ਨੇ ਇਸ ਸਾਲ ੬ ਜੁਲਾਈ ਤੱਕ 350 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਹਾਲ ਹੀ ਵਿਚ ਤਰਨ ਤਾਰਨ ਜਿਲ੍ਹੇ ਵਿਚੋਂ 12  ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਹੈ। ਉਕਤ ਖੁਲਾਸਾ ਕਰਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਲ 2011 ਵਿਚ 100.924 ਕਿਲੋ, ਸਾਲ 2012 ਵਿਚ 278.465 ਕਿਲੋ ਅਤੇ ਸਾਲ 2013 ਵਿਚ 416.620 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਸੀ। ਬੁਲਾਰੇ ਨੇ ਦੱਸਿਆ ਕਿ ਵੱਡੇ ਤਸਕਰਾਂ ਤੋਂ ਹੈਰੋਇਨ ਦੀ ਬਰਾਮਦਗੀ ਵਿਚ ਕਈ ਗੁਣਾ ਵਾਧਾ ਹੋਇਆ ਹੈ ਅਤੇ ਜ਼ਿਆਦਾ ਬਰਾਮਦੀ ਸਰਹੱਦ ਨਾਲ ਲੱਗਦੇ ਜਿਲ੍ਹਿਆਂ ਵਿਚੋਂ ਹੋਈ ਹੈ।  ਹੈਰੋਇਨ ਦੀ ਸਮਗਲਿੰਗ ਬਾਰੇ ਜਾਣਕਾਰੀ ਦਿੰਦੇ ਬੁਲਾਰੇ ਨੇ ਦੱਸਿਆ ਕਿ ਇਹ ਪਾਕਿਸਤਾਨ ਤੋਂ ਚਲਦੀ ਹੈ, ਜਿਥੋਂ ਇਸ ਦੀ ਕੀਮਤ ਲੱਖਾਂ ਵਿਚ ਸ਼ੁਰੂ ਹੁੰਦੀ ਹੈ, ਜੋ ਕਿ ਅੱਗੇ ਯੂਰਪ ਅਤੇ ਅਮਰੀਕਾ ਤੱਕ ਪਹੁੰਚਦੇ-ਪਹੁੰਚਦੇ ਕਰੋੜਾਂ ਰੁਪਏ ਦੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੋਣ ਕਾਰਨ ਇਸ ਰਸਤੇ ਇਸ ਦਾ ਵਪਾਰ ਜ਼ਿਆਦਾ ਹੁੰਦਾ ਹੈ। ਉਨਾਂ ਦੱਸਿਆ ਕਿ ਪੰਜਾਬ ਇਸ ਦੇ ਵਪਾਰ ਲਈ ਇਕ ਰਸਤੇ ਦੀ ਤਰਾਂ ਹੈ, ਜਿੱਥੋਂ ਹੁੰਦੀ ਹੋਈ ਹੈਰੋਇਨ ਅੱਗੇ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਵੀ ਇਸ ਦੀ ਖਪਤ ਹੈ, ਪਰ ਜ਼ਿਆਦਾ ਹਿੱਸਾ ਵਿਦੇਸ਼ੀ ਮੰਡੀਆਂ ਤੱਕ ਜਾਂਦਾ ਹੈ। 
           ਉਨ੍ਹਾਂ ਦੱਸਿਆ ਕਿ ਹੈਰੋਇਨ ਤੋਂ ਇਲਾਵਾ ਪੰਜਾਬ ਪੁਲਿਸ ਨੇ ਇਸ ਸਾਲ ਹੁਣ ਤੱਕ 12  ਕਿਲੋਗ੍ਰਾਮ ਸਮੈਕ, 334 ਕਿਲੋਗ੍ਰਾਮ ਅਫੀਮ, 50 ਕਿਲੋ ਦੇ ਕਰੀਬ ਚਰਸ ਅਤੇ 660 ਕੁਇੰਟਲ ਚੂਰਾ ਪੋਸਤ ਬਰਾਮਦ ਕਰਨ ਵਿਚ ਕਾਮਯਾਬੀ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨਾਂ ਨਸ਼ਿਆਂ ਦੇ ਨਾਲ-ਨਾਲ ਨਸੀਲਾ ਪਾਊਡਰ, ਟੀਕੇ, ਨਸ਼ੇ ਵਾਲੀਆਂ ਗੋਲੀਆਂ ਅਤੇ ਕੈਪਸੂਲ ਵੀ ਵੱਡੀ ਮਾਤਰਾ ਵਿਚ ਵਰਤੇ ਜਾ ਰਹੇ ਹਨ, ਜਿੰਨਾਂ ਵਿਰੁੱਧ ਕਾਰਵਾਈ ਤੇਜ਼ ਕਰਦੇ ਇਸ ਸਾਲ 612 ਕਿਲੋਗ੍ਰਾਮ ਨਸ਼ੀਲਾ ਪਾਊਡਰ, 7253 ਨਸ਼ੀਲੇ ਟੀਕੇ, 17  ਲੱਖ ਦੇ ਕਰੀਬ ਕੈਪਸੂਲ ਤੇ ਗੋਲੀਆਂ ਹੁਣ ਤੱਕ ਪੁਲਿਸ ਬਰਾਮਦ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਰਾਜ ਅੰਦਰ ਮੈਡੀਕਲ ਨਸ਼ੇ ਵੱਡੀ ਚੁਣੌਤੀ ਹੈ ਜਿਸ ਲਈ ਵੱਡੇ ਪੱਧਰ ‘ਤੇ ਯਤਨ ਜਾਰੀ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਅਫੀਮ, ਚੂਰਾ ਪੋਸਤ ਅਤੇ ਚਰਸ ਆਦਿ ਨਸ਼ੇ ਭੇਜਣ ਵਾਲਿਆਂ ਵਿਰੁੱਧ ਪੰਜਾਬ ਪੁਲਿਸ ਦੀਆਂ ਟੀਮਾਂ  ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ, ਯੂ.ਪੀ., ਉਤਰਾਖੰਡ, ਝਾਰਖੰਡ ਅਤੇ ਛੱਤੀਸਗੜ੍ਹ ਆਦਿ ਤੱਕ ਵੀ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਜਿਲ੍ਹਾ ਪੁਲਿਸ ਮੁਖੀਆਂ ਦੀ ਦੇਖ-ਰੇਖ ਹੇਠ ਹੇਠਲੇ ਪੱਧਰ ਤੱਕ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਾਈਨ ਨੂੰ ਤੋੜਣ ਲਈ ਵੱਡੇ ਪੱਧਰ ‘ਤੇ ਕਾਰਵਾਈ ਕੀਤੀ ਗਈ ਹੈ, ਜਿਸਦੇ ਵਧੀਆ ਸਿੱਟੇ ਮਿਲੇ ਹਨ। 
ਬੁਲਾਰੇ ਨੇ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਨਸ਼ਿਆਂ ਦੀ ਸਪਲਾਈ ਲਾਈਨ ਤੋੜਣ ਸਦਕਾ ਨਸ਼ਾ ਨਾ ਮਿਲਣ ਕਾਰਨ ਵੱਡੀ ਗਿਣਤੀ ਵਿਚ ਨਸ਼ਾ ਕਰਨ ਵਾਲੇ ਵਿਅਕਤੀ ਨਸ਼ਾ ਛੁਡਾਓ ਕੇਂਦਰਾਂ ਵੱਲ ਭੱਜ ਰਹੇ ਹਨ। ਜਿਸ ਸਦਕਾ ਪਿਛਲੇ ਪੰਦਰਵਾੜੇ ਦੌਰਾਨ 80 ਹਜ਼ਾਰ ਤੋਂ ਵੀ ਵੱਧ ਅਜਿਹੇ ਵਿਅਕਤੀ ਇਲਾਜ ਲਈ ਹਸਪਤਾਲਾਂ ਵਿਚ ਆਏ ਅਤੇ 1200 ਤੋਂ ਵੱਧ ਵਿਅਕਤੀ ਵੱਖ-ਵੱਖ ਹਸਪਤਾਲਾਂ ਅਤੇ ਨਸ਼ੇ ਛੁਡਾਓ ਕੇਂਦਰਾਂ ਵਿਚ ਦਾਖਲ ਹੋਏ ਹਨ, ਜਿਨ੍ਹਾਂ ਵਿਚੋਂ 10000 ਤੋਂ ਵੱਧ ਵਿਅਕਤੀਆਂ ਨੂੰ ਪੁਲਿਸ ਕਰਮਚਾਰੀ ਹਸਪਤਾਲ ਜਾਂ ਨਸ਼ੇ ਛੁਡਾਓ ਕੇਂਦਰ ਤੱਕ ਲਿਆਏ  ਹਨ। 

Check Also

ਗੁਰੂ ਨਾਨਕ ਦੇਵ ਮੈਡੀਕਲ ਕਾਲਜ ਨੂੰ ਏਮਜ਼ ‘ਚ ਤਬਦੀਲ ਕੀਤਾ ਜਾਵੇਗਾ – ਸੰਧੂ ਸਮੁੰਦਰੀ

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਡਾ: ਹਰਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ …

Leave a Reply