26 ਜੁਲਾਈ ਨੂੰ ਹੋਵੇਗੀ ਨੋਟੀਫਿਕੇਸ਼ਨ ਅਤੇ 2 ਅਗਸਤ ਤੱਕ ਹੋਣਗੀਆਂ ਨਾਮਜ਼ਦਗੀਆਂ

ਬਠਿੰਡਾ, 21 ਜੁਲਾਈ (ਜਸਵਿੰਦਰ ਸਿੰਘ ਜੱਸੀ)- ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਕੀਤੇ ਐਲਾਨ ਅਨੁਸਾਰ ੯੪-ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਜ਼ਿਮਨੀ ਚੋਣ ਲਈ ਨੋਟੀਫਿਕੇਸ਼ਨ 26 ਜੁਲਾਈ 2014 ਨੂੰ ਹੋਵੇਗਾ ਅਤੇ ਨਾਮਜ਼ਦਗੀਆਂ ਲਈ ਆਖਰੀ ਮਿਤੀ 2 ਅਗਸਤ 2014 ਹੋਵੇਗੀ। ਅੱਜ ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਬਸੰਤ ਗਰਗ ਨੇ ਦੱਸਿਆ ਕਿ ਨਾਮਜ਼ਦਗੀਆਂ ਦੀ ਪੜਤਾਲ ੪ ਅਗਸਤ ਨੂੰ ਹੋਵੇਗੀ ਅਤੇ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ 6 ਅਗਸਤ ਤੱਕ ਵਾਪਸ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਜ਼ਿਮਨੀ ਚੋਣ ਲਈ ਵੋਟਾਂ 21 ਅਗਸਤ ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 25 ਅਗਸਤ ਨੂੰ ਹੋਵੇਗੀ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਸ ਚੋਣ ਲਈ ਰਿਟਰਨਿੰਗ ਅਫਸਰ ਐਸ.ਡੀ.ਐਮ ਤਲਵੰਡੀ ਸਾਬੋ ਹੋਣਗੇ। ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਇਸ ਚੋਣ ਲਈ ਕੀਤੇ ਐਲਾਨ ਦੇ ਨਾਲ ਹੀ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਚੁੱਕਿਆ ਹੈ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਸੋਨਾਲੀ ਗਿਰੀ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸੁਮੀਤ ਜਾਰੰਗਲ ਵੀ ਹਾਜ਼ਰ ਸਨ।
ਆਦਰਸ਼ ਚੋਣ ਜ਼ਾਬਤੇ ਸਬੰਧੀ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਨਰੇਗਾ ਸਕੀਮ, ਕੁਦਰਤੀ ਆਫਤਾਂ ਦੀ ਸੂਰਤ ਵਿੱਚ ਰਾਹਤ ਦੇਣ ਅਤੇ ਕੰਮ ਸ਼ੁਰੂ ਕਰਨ, ਸੋਕਾ, ਹੜ੍ਹ, ਪੀਣ ਵਾਲੇ ਪਾਣੀ, ਚਾਰਾ, ਬੋਰਾਂ ਦੀ ਪੁਟਾਈ, ਖੇਤੀ ਲਈ ਵਰਤੇ ਜਾਂਦੇ ਇੰਨਪੁਟਸ ਉੱਪਰ ਕਿਸਾਨਾਂ ਲਈ ਰਿਆਇਤ, ਨਵੇਂ ਵਿਕਾਸ ਕਾਰਜ ਜਿਨ੍ਹਾਂ ਵਿੱਚ ਐਮ.ਪੀ.ਲੈਡ, ਐਮ.ਐਲ.ਏ ਅਤੇ ਐਮ.ਐਲ.ਸੀ.ਲੈਡ ਸਕੀਮ ਵੀ ਸ਼ੁਮਾਰ ਹਨ, ਨਵੇਂ ਪ੍ਰਾਜੈਕਟਾਂ ਦਾ ਐਲਾਨ, ਪ੍ਰੋਗ੍ਰਾਮ, ਵਿੱਤੀ ਛੋਟਾਂ ਅਤੇ ਵਿੱਤੀ ਗ੍ਰਾਂਟਾਂ ਆਦਿ ਨੂੰ ਲੈ ਕੇ ਭਾਰਤੀ ਚੋਣ ਕਮਿਸ਼ਨ ਵੱਲੋਂ ਆਦਰਸ਼ ਚੋਣ ਜ਼ਾਬਤੇ ਸਬੰਧੀ ਜਾਰੀ ਹਦਾਇਤਾਂ ਕੇਵਲ ਜ਼ਿਮਨੀ ਚੋਣ ਵਾਲੇ ਵਿਧਾਨ ਸਭਾ ਹਲਕੇ ਵਿੱਚ ਹੀ ਲਾਗੂ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਚੋਣ ਕਮਿਸ਼ਨ ਵੱਲੋਂ ਜਾਰੀ ਆਮ ਆਦਰਸ਼ ਚੋਣ ਜ਼ਾਬਤਾ, ਜਿਨ੍ਹਾਂ ਵਿੱਚ ਮੰਤਰੀਆਂ ਦੇ ਦੌਰੇ, ਵਾਹਨ, ਇਸ਼ਤਿਹਾਰ, ਸਰਕਾਰੀ ਗੈਸਟ ਹਾਊਸਾਂ ਦੀ ਵਰਤੋਂ, ਤਬਾਦਲੇ ਆਦਿ ਪੂਰੇ ਜ਼ਿਲ੍ਹੇ ਅੰਦਰ ਲਾਗੂ ਰਹੇਗਾ।
ਡਾ. ਗਰਗ ਨੇ ਦੱਸਿਆ ਕਿ ਤਲਵੰਡੀ ਵਿਧਾਨ ਸਭਾ ਹਲਕੇ ਅੰਦਰ ਕੁੱਲ 145054 ਵੋਟਰ ਹਨ ਜਿਨ੍ਹਾਂ ਵਿੱਚੋਂ 738ਸਰਵਿਸ ਵੋਟਰ ਹਨ ਅਤੇ ਹਲਕੇ ਅੰਦਰ 159 ਪੋਲਿੰਗ ਸਟੇਸ਼ਨ ਹਨ ਜਿਨ੍ਹਾਂ ਵਿੱਚੋਂ 128 ਦਿਹਾਤੀ ਖੇਤਰ ਵਿੱਚ ਅਤੇ 31 ਸ਼ਹਿਰੀ ਖੇਤਰ ਵਿੱਚ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਚੋਣ ਖਰਚੇ ਉੱਪਰ ਨਿਗਰਾਨੀ ਰੱਖਣ ਲਈ ਸਟੈਟਿਕ ਸਰਵੇਲੈਂਸ ਟੀਮ, ਵੀ.ਡੀ.ਓ ਵਿਊਇੰਗ ਅਤੇ ਹੋਰ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਇਸ ਜ਼ਿਮਨੀ ਚੋਣ ਨੂੰ ਅਮਨ- ਅਮਾਨ ਨਾਲ ਨੇਪਰੇ ਚਾੜ੍ਹਨ ਲਈ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆ ਦੇ ਨੁਮਾਇੰਦਿਆਂ ਨਾਲ ਜ਼ਿਮਨੀ ਚੋਣ ਸਬੰਧੀ ਮੀØਟਿੰਗ ਵੀ ਕੀਤੀ ਗਈ ।
Punjab Post Daily Online Newspaper & Print Media