
ਕੁਰੂਕਸ਼ੇਤਰ, 23 ਜੁਲਾਈ (ਪੰਜਾਬ ਪੋਸਟ ਬਿਊਰੋ)- ਕਾਂਗਰਸ ਪਾਰਟੀ ਸਿੱਖ ਵਿਰੋਧੀ ਹੈ ਤੇ ਇਸ ਦੇ ਮੁੱਖ ਮੰਤਰੀ ਝੂਠੇ ਅਤੇ ਲਾਰੇ ਬਾਜ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਨਿੰਮ ਵਾਲਾ, ਗਲਡਹਿਰਾਂ, ਮੋਹਣਪੁਰ, ਕਲਸਾ, ਬੋਡਾ, ਸਿਆਣਾ, ਬੋਧਨੀ, ਗੜ੍ਹੀਲਾਗਰੀ, ਅਧੋਆ, ਛੋਟਾ ਦਿਵਾਣਾ, ਬਾਖਲੀ ਆਦਿ ਪਿੰਡਾਂ ਤੋਂ ਗੁਰਦੁਆਰਾ ਪਾਤਸਾਹੀ ਛੇਵੀਂ ਕੁਰੂਕਸ਼ੇਤਰ ਪੁੱਜੇ ਕਿਸਾਨ ਆਗੂ ਮਖਤੂਲ ਸਿੰਘ, ਪ੍ਰੀਤਮ ਸਿੰਘ, ਗੁਰਮੀਤ ਸਿੰਘ, ਸਵਰਨ ਸਿੰਘ, ਹਰਜਿੰਦਰ ਸਿੰਘ, ਧਰਮ ਸਿੰਘ, ਚੰਨਣ ਸਿੰਘ, ਦਲਬਾਗ ਸਿੰਘ, ਅਮਰ ਸਿੰਘ, ਜਸਾ ਸਿੰਘ, ਕਸ਼ਮੀਰ ਸਿੰਘ, ਭੋਲਾ ਸਿੰਘ, ਸਤਨਾਮ ਸਿੰਘ, ਹਰਦੀਪ ਸਿੰਘ, ਗੁਰਦਨਾਮ ਸਿੰਘ, ਪਿਆਰਾ ਸਿੰਘ, ਗੁਰਸੇਵਕ ਸਿੰਘ, ਮੋਹਨ ਸਿੰਘ, ਜਾਨਪਾਲ ਸਿੰਘ ਭਿੰਡਰ ਤੇ ਹਰਵਿੰਦਰ ਸਿੰਘ ਚੱਠਾ ਨੇ ਕਰਦਿਆਂ ਕਿਹਾ ਕਿ 1955 ‘ਚ ਉਸ ਸਮੇਂ ਦੀ ਸਰਕਾਰ ਨੇ ਪਿਹੋਵਾ ਤੇ ਕੈਥਲ ਜਿਲ੍ਹੇ ਦੀਆਂ ਬੇਅਬਾਦ ਜਮੀਨਾਂ ਕਿਸਾਨਾਂ ਨੂੰ ਅਬਾਦ ਕਰਨ ਲਈ ਸੌਪੀਆਂ ਸਨ। ਹੱਡ ਚੀਰਵੀਂ ਮੇਹਨਤ ਕਰਕੇ ਕਿਸਾਨਾਂ ਨੇ ਤਕਰੀਬਨ 4 ਸੌ ਕਿਲ੍ਹੇ ਇਸ ਬੰਜਰ ਜ਼ਮੀਨ ਨੂੰ ਉਪਜਾਊ ਬਣਾਇਆ। ਜਿਸ ਨਾਲ ਦੇਸ਼ ਅਤੇ ਸੂਬਾ ਹਰਿਆਣਾ ਦੇ ਵਸਨੀਕ ਲੋਕਾਂ ਲਈ ਅੰਨ ਭੰਡਾਰ ਦਾ ਸਾਧਨ ਬਣੇ। ਇਹ ਜ਼ਮੀਨ ਕਿਸਾਨਾਂ ਨੂੰ ਉਸ ਸਮੇਂ 20 ਸਾਲਾ ਪਟੇ ਤੇ ਸਮੇਂ ਦੀ ਸਰਕਾਰ ਵੱਲੋਂ ਦਿੱਤੀ ਗਈ ਸੀ ਤੇ ਇਹ ਵਾਅਦਾ ਕੀਤਾ ਗਿਆ ਸੀ ਕਿ ਇਹ ਜਮੀਨ ਅੱਗੋਂ ਕਿਸਾਨਾਂ ਦੀ ਹੀ ਹੋਵੇਗੀ। ਸਿੱਖ ਕਿਸਾਨਾਂ ਨਾਲ ਉਸ ਸਮੇਂ ਦੀ ਸਰਕਾਰ ਵੱਲੋਂ ਕੀਤੇ ਵਾਅਦੇ ਨੂੰ ਕਾਂਗਰਸ ਦੀ ਹੁੱਡਾ ਸਰਕਾਰ ਨੇ ਤੋੜਦਿਆਂ ਇਹ ਜਮੀਨਾਂ ਜੋ ਕਿਸਾਨਾਂ ਦੀ ਮਾਂ ਵਾਂਗ ਹਨ ਨੂੰ ਖੋਹਿਆ ਤੇ ਹੱਸਦੇ-ਵੱਸਦੇ ਘਰਾਂ ਨੂੰ ਉਜਾੜ ਕੇ ਸੜ੍ਹਕ ਤੇ ਲੈ ਆਂਦਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਹੱਕ ਵਿੱਚ ਨਿੱਤਰਦਿਆਂ ਉੱਕਤ ਕਿਸਾਨ ਆਗੂਆਂ ਨੇ ਕਿਹਾ ਕਿ ਸੂਬੇ ਦੀਆਂ ਸਰਕਾਰਾਂ ਦਾ ਕੰਮ ਭੁੱਖਿਆਂ ਲਈ ਰੋਟੀ, ਬੀਮਾਰ ਲਈ ਦਿਵਾਈ, ਬੇ-ਘਰਿਆਂ ਲਈ ਘਰ ਆਦਿ ਦਾ ਪ੍ਰਬੰਧ ਕਰਨਾ ਹੁੰਦਾ ਹੈ, ਪ੍ਰੰਤੂ ਹੁੱਡਾ ਸਰਕਾਰ ਨੇ ਹੱਸਦੇ-ਵੱਸਦੇ ਸਿੱਖ ਕਿਸਾਨਾਂ ਨੂੰ ਉਜਾੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤਕਰੀਬਨ ਤਿੰਨ ਵਾਰ ਹਾਈਕੋਰਟ ਤੋਂ ਇਸ ਜ਼ਮੀਨ ਬਾਰੇ ਕਿਸਾਨਾਂ ਨੇ ਕੇਸ ਜਿੱਤਿਆ ਸੀ ਤੇ ਸਰਕਾਰ ਨੇ ਬਦਨੀਅਤ ਨਾਲ ਡਿਪਟੀ ਕਮਿਸ਼ਨਰ ਕੁਰੂਕਸ਼ੇਤਰ ਪਾਸੋਂ ਕਿਸਾਨਾਂ ਦੇ ਖਿਲਾਫ ਰਿਪੋਰਟ ਕਰਾਈ, ਜ਼ਮੀਨ ਤੋਂ ਕਿਸਾਨਾਂ ਨੂੰ ਲਾਂਭੇ ਕੀਤਾ ਜੋ ਅੱਜ ਸਰਕਾਰੀ ਤੌਰ ਤੇ ਪੰਚਾਇਤਾਂ ਦੇ ਕਬਜੇ ‘ਚ ਹੈ ਤੇ ਫਿਰ ਬੇਅਬਾਦ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁੱਡਾ ਸਰਕਾਰ ਵੱਲੋਂ ਸਿੱਖ ਕਿਸਾਨਾਂ ਨੂੰ ਜਮੀਨ ਵਾਪਸ ਕਰਨ ਦਾ ਵਾਅਦਾ ਕੀਤਾ ਗਿਆ ਪਰ ਇੱਕ ਵੀ ਇਸ ਵਾਅਦੇ ਤੇ ਖਰੀ ਨਹੀਂ ਉਤਰੀ।
ਉਨ੍ਹਾਂ ਕਿਹਾ ਕਿ ਇਸ ਔਖੀ ਘੜ੍ਹੀ ਵਿੱਚ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕੁੱਪੀਆਂ ਪਲਾਟ ਵਿਖੇ ਪਹੁੰਚੀ ਅਤੇ ਸਾਡੀ ਢਾਰਸ ਬਣਦਿਆਂ ਇਸ ਸੰਸਥਾ ਨੇ ਸਾਡੇ ਘਰਾਂ ਦੀ ਸਰਕਾਰ ਵੱਲੋਂ ਬੰਦ ਕੀਤੀ ਲਾਈਟ ਨੂੰ ਜਨਰੇਟਰ ਲਿਆ ਕੇ ਚਾਲੂ ਕੀਤਾ, ਸਾਡੇ ਪ੍ਰੀਵਾਰਾਂ ਦੀ 20 ਲੱਖ ਰੁਪਏ ਦੇ ਕੇ ਮਾਲੀ ਮਦਦ ਕੀਤੀ ਅਤੇ ਕਣਕ, ਦਾਲ, ਚੌਲ ਆਦਿ ਸਾਡੇ ਘਰਾਂ ‘ਚ ਪਹੁੰਚਾਈਆਂ ਇਸ ਤੋਂ ਇਲਾਵਾ ਸਾਡੇ ਅਦਾਲਤੀ ਕੇਸਾਂ ਦੀ ਪੈਰਵੀ ਕਰਨ ਲਈ ਵਕੀਲਾਂ ਦਾ ਇੰਤਜਾਮ ਕੀਤਾ ਹੈ। ਉਕਤ ਕਿਸਾਨਾਂ ਨੇ ਕਿਹਾ ਕਿ ਸਾਨੂੰ ਅਫਸੋਸ ਹੈ ਕਿ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਜਗਦੀਸ਼ ਸਿੰਘ ਝੀਡਾ ਤੇ ਦੀਦਾਰ ਸਿੰਘ ਨਲਵੀ ਆਦਿ ਲਾਲਚ ਵੱਸ ਹੋ ਕੇ ਸਿੱਖ ਵਿਰੋਧੀ ਕਾਂਗਰਸ ਸਰਕਾਰ ਨਾਲ ਮਿਲ ਕੇ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਨੂੰ ਤੋੜਨਾ ਚਾਹੁੰਦੇ ਹਨ, ਜੋ ਕਦਾਚਿਤ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਹੀ ਦੇਸ਼-ਵਿਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਦੀ ਬਾਂਹ ਫੜ੍ਹਦੀ ਹੈ ਤੇ ਸਹੀ ਮਾਇਨੇ ‘ਚ ਤਰਜ਼ਮਾਨੀ ਕਰਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਭਾਵੇਂ ਸੁਨਾਮੀ, ਭੁਚਾਲ ਜਾਂ ਕੋਈ ਹੋਰ ਕੁਦਰਤੀ ਆਫਤ ਆ ਜਾਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫਰਜਾਂ ਨੂੰ ਨਿਭਾਉਦਿਆਂ ਸਿੱਖੀ ਅਸੂਲਾਂ ਅਨੁਸਾਰ ਉਨ੍ਹਾਂ ਥਾਂਵਾ ਤੇ ਲੋੜਵੰਦਾਂ ਦੀ ਮਦਦ ਲਈ ਪਹੁੰਚਦੀ ਹੈ। ਉਨ੍ਹਾਂ ਹਰਿਆਣੇ ਦੇ ਕੋਨੇ-ਕੋਨੇ ਵਿੱਚ ਬੈਠੇ ਸਿੱਖਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕਾਂਗਰਸ ਦੀਆਂ ਸਿੱਖ ਵਿਰੋਧੀ ਚਾਲਾਂ ਵਿੱਚ ਨਾ ਆਉਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੋਢੇ ਨਾਲ ਮੋਢਾ ਡਾਹ ਕੇ ਵੱਖਰੀ ਕਮੇਟੀ ਦੀ ਮੰਗ ਕਰਨ ਵਾਲੇ ਲਾਲਚੀਆਂ ਨੂੰ ਨਕਾਰ ਦੇਣ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media