ਅੰਮ੍ਰਿਤਸਰ, 27 ਜੁਲਾਈ ਸਹਾਰਨਪੁਰ ‘ਚ ਗੁਰਦੁਆਰਾ ਸਾਹਿਬ ਦੀ ਜ਼ਮੀਨ ‘ਤੇ ਸਿੱਖਾਂ ਦੇ ਇਕ ਵਿਸ਼ੇਸ਼ ਫਿਰਕੇ ਨਾਲ ਵਿਵਾਦ ਸਬੰਧੀ ਜਾਂਚ ਕਰਨ ਮੌਕੇ ‘ਤੇ ਗਈ ਸ਼੍ਰੋਮਣੀ ਕਮੇਟੀ ਦੀ ਟੀਮ ਆਪਣੀ ਜਾਂਚ ਸਮਾਪਤ ਕਰਕੇ ਵਾਪਸ ਆ ਗਈ ਹੈ।ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਸਾਰੀ ਘਟਨਾ ਦੀ ਜਾਂਚ ਲਈ ਗਠਿਤ ਸ: ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਭਾਈ ਰਜਿੰਦਰ ਸਿੰਘ ਮਹਿਤਾ ਤੇ ਸ: ਕਰਨੈਲ ਸਿੰਘ ਪੰਜੋਲੀ ਅੰਤ੍ਰਿੰਗ ਮੈਂਬਰ ਤੇ ਅਧਾਰਤ ਤਿੰਨ ਮੈਂਬਰੀ ਕਮੇਟੀ ਭੇਜੀ ਗਈ ਸੀ ।ਸ਼੍ਰੋਮਣੀ ਕਮੇਟੀਦੇ ਬੁਲਾਰੇ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵੱਲੋਂ ਮੁੱਲ ਖਰੀਦੀ ਇਸ ਜ਼ਮੀਨ ਸਬੰਧੀ ਕਿਸੇ ਸ਼ਰਾਰਤੀ ਅਨਸਰ ਨੇ ਅਫ਼ਵਾਹ ਫੈਲਾਅ ਦਿੱਤੀ ਕਿ ਇਸ ਜ਼ਮੀਨ ‘ਤੇ 1947 ਤੋਂ ਪਹਿਲਾਂ ਮਸਜਿਦ ਬਣੀ ਹੋਈ ਸੀ। ਜਦ ਕਿ ਮਾਲ ਵਿਭਾਗ ਦੇ ਰਿਕਾਰਡ ਅਤੇ ਪੁਰਾਣੇ ਸਮੇਂ ਤੋਂ ਓਥੇ ਰਹਿੰਦੇ ਲੋਕਾਂ ਤੋਂ ਅਜਿਹੇ ਕੋਈ ਵੇਰਵੇ ਨਹੀਂ ਮਿਲੇ। ਉਨ੍ਹਾਂ ਦੱਸਿਆ ਕਿ ਉੱਚ ਅਦਾਲਤ ‘ਚੋਂ ਕੇਸ ਗੁਰਦੁਆਰਾ ਸਾਹਿਬ ਦੇ ਹੱਕ ‘ਚ ਹੋਣ ਉਪਰੰਤ ਬੀਤੇ ਦਿਨੀਂ ਇਥੇ ਲੈਂਟਰ ਪਾਇਆ ਗਿਆ ਅਤੇ ਇਸ ਲੈਂਟਰ ਤੋਂ ਨਾਰਾਜ਼ ਦੂਸਰੇ ਫਿਰਕੇ ‘ਚ ਸ਼ਾਮਲ ਕੁੱਝ ਸ਼ਰਾਰਤੀ ਤੱਤਾਂ ਵੱਲੋਂ ਦੇਰ ਰਾਤ ਆ ਕੇ ਗੁਰਦੁਆਰਾ ਸਾਹਿਬ ਵਿਖੇ ਪਥਰਾਅ ਕੀਤਾ ਗਿਆ। ਇਸ ਉਪਰੰਤ ਦੋਵ੍ਹਾਂ ਧਿਰਾਂ ‘ਚ ਵਿਵਾਦ ਪੈਦਾ ਹੋ ਗਿਆ ਅਤੇ ਦੂਸਰੇ ਫਿਰਕੇ ਵੱਲੋਂ ਚਲਾਈ ਗੋਲੀ ਨਾਲ ਇਕ ਰਾਹਗੀਰ ਵਪਾਰੀ ਦੀ ਮੌਤ ਹੋ ਗਈ, ਜਦ ਕਿ ਇਕ ਸਿੱਖ ਨੌਜਵਾਨ ਤੇ ਪੁਲਿਸ ਕਰਮਚਾਰੀ ਜ਼ਖ਼ਮੀਂ ਹੋ ਗਏ। ਦੋਵ੍ਹਾਂ ਧਿਰਾਂ ਦੇ ਵਿਵਾਦ ‘ਚ ਪੁਲਿਸ ਵੱਲੋਂ ਦਖ਼ਲ ਦੇਂਦਿਆਂ ਹਾਲਾਤਾਂ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਸਮੇਂ ਤੱਕ ਸਿੱਖਾਂ ਨਾਲ ਸਬੰਧਿਤ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ। ਇਸ ਉਪਰੰਤ ਦੂਸਰੇ ਫਿਰਕੇ ਨੇ ਪੁਲਿਸ ‘ਤੇ ਦਬਾਅ ਬਨਾਉਣ ਦੀ ਕੋਸ਼ਿਸ਼ ਕੀਤੀ, ਤਾਂ ਦੂਸਰੀ ਧਿਰ ਨੇ ਥਾਣਾ ਘੇਰ ਲਿਆ ਅਤੇ ਮਜ਼ਬੂਰਨ ਪੁਲਿਸ ਨੂੰ ਗੋਲੀ ਚਲਾਉਣੀ ਪਈ, ਜਿਸ ਨਾਲ ਇਕ ਮੁਸਲਿਮ ਨੌਜਵਾਨ ਦੀ ਮੌਤ ਹੋ ਗਈ ।ਸਬੰਧਤ ਡੀ. ਆਈ. ਜੀ. ਅਤੇ ਪੁਲਿਸ ਕਮਿਸ਼ਨਰ ਨਾਲ ਗੱਲ ਕਰਦਿਆਂ ਸਥਿਤੀ ਬਾਰੇ ਜਾਣਕਾਰੀ ਲਈ ਗਈ।ਇਸ ਮੌਕੇ ਤੇ ਸ: ਜਸਵੰਤ ਸਿੰਘ ਬੱਤਰਾ, ਬਲਬੀਰ ਸਿੰਘ ਬੀਰ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ ਜੱਗੀ ਵੀ ਹਾਜਰ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …