ਬਠਿੰਡਾ, 31 ਜੁਲਾਈ (ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦਿਉਣ ਵਿਖੇ ਅੱਜ ਮਹਾਨ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਵਸ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਮਾਗਮ ਮੌਕੇ ਸਕੂਲ ਦੇ ਸਾਰੇ ਹੀ ਵਿਦਿਆਰਥੀ ਦੇਸ਼ ਭਗਤੀ ਦੀ ਭਾਵਨਾ ਨਾਲ ਲਬਰੇਜ਼ ਨਜ਼ਰੀ ਆਏ। ਇਸ ਸਮਾਗਮ ਵਿੱਚ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਗੁਰਮੀਤ ਸਿੰਘ ਧਾਲੀਵਾਲ ਤੇ ਡਾਇਰੈਕਟਰ ਐਡਮਨ ਸ੍ਰੀਮਤੀ ਪਰਮਜੀਤ ਕੌਰ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਦਿਆਰਥੀਆਂ ਨੇ ਵੀ ਵੱਖ-ਵੱਖ ਗਤੀਵਿਧੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਉਹਨਾਂ ਨੇ ਸ਼ਹੀਦ ਊਧਮ ਸਿੰਘ ਜੀ ਦੇ ਜੀਵਨ ਅਤੇ ਮਹਾਨ ਕੁਰਬਾਨੀ ਨਾਲ ਸੰਬੰਧਤ ਗੀਤ, ਕਵਿਤਾ, ਕਵਿਸ਼ਰੀ , ਨਾਟਕ ਅਤੇ ਭਾਸ਼ਣ ਪੇਸ਼ ਕੀਤੇ । ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਡਿਪਟੀ ਡਾਇਰੈਕਟਰ (ਗਤੀਵਿਧੀਆਂ) ਸ੍ਰੀ ਬੀ. ਡੀ. ਸ਼ਰਮਾਂ ਨੇ ਇਸ ਮੌਕੇ ਵਿਦਿਆਰਥੀਆਂ ਨਾਲ ਸ਼ਹੀਦ ਊਧਮ ਸਿੰਘ ਜੀ ਦੇ ਜੀਵਨ ਬਾਰੇ ਵੱਡਮੁੱਲੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿਸ ਆਜ਼ਾਦੀ ਦਾ ਨਿੱਘ ਅੱਜ ਅਸੀਂ ਮਾਣ ਰਹੇ ਹਨ ਉਹ ਸਰਦਾਰ ਊਧਮ ਸਿੰਘ ਵਰਗੇ ਸੂਰਵੀਰਾਂ ਦੀਆਂ ਕੁਰਬਾਨੀਆਂ ਦਾ ਹੀ ਸਿੱਟਾ ਹੈ। ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਦੱਸਿਆ ਅਤੇ ਉਹਨਾਂ ਨੂੰ ਚੰਗੇ ਨਾਗਰਿਕ ਬਨਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਸ਼ਹੀਦ ਊਧਮ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਪ੍ਰਤੀ ਆਪਣੇ ਵਿਚਾਰਾਂ ਨਾਲ ਸਰਧਾ ਦੇ ਫੁੱਲ ਭੇਂਟ ਕੀਤੇ।ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਨੇ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਇਸ ਉਪਰਾਲੇ ਦੀ ਭਰਪੂਰ ਸਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਆਪਣੇ ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ । ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਅੰਦਰ ਦੇਸ਼ ਭਗਤੀ ਦੀ ਭਾਵਨਾ ਦਾ ਹੋਣਾ ਇੱਕ ਚੰਗਾ ਗੁਣ ਹੈ ਜੋ ਉਹਨਾਂ ਨੂੰ ਭਵਿੱਖ ਦੀ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਹਰ ਸਮੇਂ ਤਿਆਰ ਰੱਖਦਾ ਹੈ। ਉਹਨਾਂ ਨੇ ਮਹਾਨ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਤੇ ਜੀਵਨ ਫ਼ਲਸਫ਼ੇ ਨੂੰ ਪ੍ਰਣਾਮ ਵੀ ਕੀਤਾ । ਅੰਤ ਵਿੱਚ ਸਕੂਲ ਦੀ ਵਾਇਸ ਪ੍ਰਿੰਸੀਪਲ ਨਵਨਿੰਦਰ ਕੌਰ ਢਿੱਲੋ ਨੇ ਸਾਰਿਆਂ ਲਈ ਧੰਨਵਾਦੀ ਸ਼ਬਦ ਕਹੇ । ਇਸ ਮੌਕੇ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਖਾਲਸਾ ਕਾਲਜ ਅਦਾਰਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ
ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਧਰਮ ਅਤੇ ਮਜ਼ਲੂਮਾਂ ਦੀ ਰੱਖਿਆ, ਹੱਕ-ਸੱਚ ਲਈ ਅਵਾਜ਼ …