ਬੋਰੀਆਂ ‘ਚ ਬੰਦ ਮਿਲੇਗੀ ਨਵੀਂ ਕਣਕ- ਨਵੇਂ ਨੀਲੇ ਕਾਰਡ ਬਣਾਉਣ ਦਾ ਕੰਮ ਜਾਰੀ
ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡ ਅਤੇ ਬੀ.ਪੀ.ਐੱਲ. ਕਾਰਡ ਧਾਰਕਾਂ ਲਈ 1 ਰੁਪਏ ਕਿਲੋ ਕਣਕ ਅਤੇ 20 ਰੁਪਏ ਕਿਲੋ ਦਾਲ ਵਾਲੀ ਨਵੀ ਆਟਾ-ਦਾਲ ਯੋਜਨਾ ਦੀ ਸ਼ੁਰੂਆਤ ਅੱਜ ਗੁਰੂ ਨਗਰੀ ਅੰਮ੍ਰਿਤਸਰ ਤੋਂ ਕੀਤੀ ਗਈ। ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ. ਅਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਅੱਜ ਅੰਮ੍ਰਿਤਸਰ ਦੇ ਰਤਨ ਸਿੰਘ ਚੌਂਕ, ਮਕਬੂਲਪੁਰਾ ਅਤੇ ਵਾਰਡ ਨੰਬਰ 16 ‘ਚ ਲਾਭਪਾਤਰੀਆਂ ਨੂੰ 1 ਰੁਪਏ ਕਿਲੋ ਦੀ ਕੀਮਤ ਵਾਲੀਆਂ ਕਣਕ ਦੀਆਂ ਬੋਰੀਆਂ ਦੀ ਵੰਡ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ, ਮੁੱਖ ਸੰਸਦੀ ਸਕੱਤਰ ਸ. ਇੰਦਰਬੀਰ ਸਿੰਘ ਬੁਲਾਰੀਆ ਅਤੇ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਵੀ ਹਾਜ਼ਰ ਸਨ। ਨਵੀਂ ਆਟਾ-ਦਾਲ ਯੋਜਨਾ ਦੀ ਸ਼ੁਰੂਆਤ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ. ਅਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕਿਹਾ ਕਿ ਨਵੀਂ ਨੀਤੀ ਤਹਿਤ ਹੁਣ 4 ਰੁਪਏ ਕਿਲੋ ਦੇ ਬਦਲੇ 1 ਰੁਪਏ ਕਿਲੋ ਕਣਕ ਮਿਲਿਆ ਕਰੇਗੀ ਅਤੇ ਲਾਭਪਾਤਰੀਆਂ ਨੂੰ ਸਸਤੇ ਅਨਾਜ ਦਾ ਕੋਟਾ 6 ਮਹੀਨੇ ਅਗੇਤਾ ਹੀ ਦੇ ਦਿੱਤਾ ਜਾਇਆ ਕਰੇਗਾ। ਉਨ੍ਹਾਂ ਕਿਹਾ ਕਿ ਨੀਲੇ ਕਾਰਡ ਧਾਰਕਾਂ ਅਤੇ ਬੀ.ਪੀ.ਐੱਲ. ਕਾਰਡ ਧਾਰਕਾਂ ਦੇ ਪਰਿਵਾਰਾਂ ਨੂੰ ਪ੍ਰਤੀ ਜੀਅ 5 ਕਿਲੋ ਕਣਕ ਮਿਲੇਗੀ ਅਤੇ 6 ਮਹੀਨੇ ਦਾ ਕੋਟਾ ਪ੍ਰਤੀ ਜੀਅ 30 ਕਿਲੋ ਕਣਕ ਇੱਕ ਸੀਲਬੰਦ ਬੋਰੀ ‘ਚ ਪੈਕ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਲਾਭਪਾਤਰੀਆਂ ਨੂੰ ਨਵੀਂ ਕਣਕ ਹੀ ਦਿੱਤੀ ਜਾਇਆ ਕਰੇਗੀ ਅਤੇ ਰਾਜ ਸਰਕਾਰ ਇਸਦਾ ਕੋਟਾ ਪਹਿਲਾਂ ਹੀ ਖਰੀਦ ਲਿਆ ਕਰੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਇੱਕ ਪਰਿਵਾਰ ਦੇ 5 ਜੀਅ ਹੀ ਸਸਤੀ ਕਣਕ ਲੈ ਸਕਦੇ ਸਨ ਪਰ ਹੁਣ ਇਹ ਸ਼ਰਤ ਵੀ ਖਤਮ ਕੀਤੀ ਗਈ ਹੈ ਅਤੇ ਪਰਿਵਾਰ ਦੇ ਸਾਰੇ ਮੈਂਬਰ ਸਸਤੀ ਕਣਕ ਦੇ ਹੱਕਦਾਰ ਹੋਣਗੇ। ਸ. ਕੈਰੋਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਸਤੀ ਕਣਕ ਦਾ ਇਹ ਕੋਟਾ ਦਸੰਬਰ 2013 ਤੋਂ ਮਈ 2014 ਤੱਕ ਦਾ ਦਿਤਾ ਜਾ ਰਿਹਾ ਹੈ ਅਤੇ ਜੂਨ ਮਹੀਨੇ ‘ਚ ਅਗਲੇ 6 ਮਹੀਨਿਆਂ ਦਾ ਕੋਟਾ ਲਾਭਪਾਤਰੀਆਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਕਣਕ 30 ਕਿਲੋ ਦੀਆਂ ਸੀਲਬੰਦ ਬੋਰੀਆਂ ਅਤੇ ਦਾਲ ਪੈਕਟਾਂ ‘ਚ ਬੰਦ ਮਿਲੇਗੀ ਅਤੇ ਕਣਕ ਅਤੇ ਦਾਲ ਦੀ ਕਿਸਮ ਉੱਤਮ ਦਰਜੇ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਇਸ ਯੋਜਨਾਂ ਦਾ ਘੇਰਾ ਦੁਗਣਾ ਕੀਤਾ ਜਾ ਰਿਹਾ ਹੈ ਅਤੇ ਹਰ ਗਰੀਬ ਨੂੰ ਇਸ ਯੋਜਨਾ ਹੇਠ ਲਿਆਂਦਾ ਜਾਵੇਗਾ। ਸ. ਕੈਰੋਂ ਨੇ ਕਿਹਾ ਕਿ ਹੁਣ ਪੰਜਾਬ ਦਾ ਕੋਈ ਵੀ ਗਰੀਬ ਭੁੱਖੇ ਪੇਟ ਨਹੀਂ ਰਹੇਗਾ ਅਤੇ ਹਰ ਪਰਿਵਾਰ ਢਿੱਡ ਭਰ ਕੇ ਖਾਣਾ ਖਾ ਸਕੇਗਾ।ਇਸ ਮੌਕੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕੈਬਨਿਟ ਮੰਤਰੀ ਸ. ਅਦੇਸ਼ ਪ੍ਰਤਾਪ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ. ਕੈਰੋਂ ਦੇ ਯਤਨਾ ਸਦਕਾ ਪੰਜਾਬ ‘ਚ ਲਾਗੂ ਹੋਈ ਸਸਤੀ ਅਨਾਜ ਯੋਜਨਾ ਦਾ ਲਾਭ ਹਰ ਗਰੀਬ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਮਹਿੰਗਾਈ ਤੋਂ ਤੰਗ ਜਨਤਾ ਨੂੰ ਸੂਬਾ ਸਰਕਾਰ ਦੀ ਇਹ ਸਸਤੇ ਅਨਾਜ ਦੀ ਯੋਜਨਾ ਜਰੂਰ ਰਾਹਤ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਜੋ ਕਿ ਗਰੀਬਾਂ ਦੇ ਸੱਚੇ ਮਸੀਹਾ ਨੇ ਹਮੇਸਾਂ ਹੀ ਗਰੀਬਾਂ ਦੇ ਹੱਕ ਦੀ ਗੱਲ ਕੀਤੀ ਹੈ। ਇਸ ਮੌਕੇ ਕੈਬਨਿਟ ਮੰਤਰੀ ਸ. ਅਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਸ੍ਰੀ ਅਨਿਲ ਜੋਸ਼ੀ ਨੇ ਲਾਭਪਤਾਰੀਆਂ ਨੂੰ ਸਸਤੇ ਅਨਾਜ ਦੀਆਂ ਬੋਰੀਆਂ ਵੀ ਵੰਡੀਆਂ।ਇਸ ਮੌਕੇ ਉਨ੍ਹਾਂ ਨਾਲ ਐੱਚ.ਐੱਸ. ਗਰੇਵਾਲ ਸਕੱਤਰ ਫੂਡ ਸਪਲਾਈ ਵਿਭਾਗ, ਸ. ਸਤਵੰਤ ਸਿੰਘ ਜੌਹਲ ਕਮਿਸ਼ਨਰ ਫੂਡ ਸਪਲਾਈ, ਕਰਨੇਸ਼ ਸ਼ਰਮਾਂ ਡਿਪਟੀ ਡਾਇਰੈਕਟਰ, ਡੀ.ਐੱਫ.ਐੱਸ.ਸੀ. ਤਰਵਿੰਦਰ ਸਿੰਘ ਚੋਪੜਾ, ਡੀ.ਐੱਫ.ਐੱਸ਼.ਓ. ਰਮਿੰਦਰ ਸਿੰਘ ਬਾਠ, ਸ. ਗੁਰਪ੍ਰਤਾਪ ਸਿੰਘ ਕੈਰੋਂ, ਸ. ਅਜੈਪਾਲ ਸਿੰਘ ਮੀਰਾਂਕੋਟ, ਗੁਰਸੰਦੀਪ ਸਿੰਘ ਸੰਨੀ, ਗੁਰਮੁੱਖ ਸਿੰਘ, ਕੌਂਸਲਰ ਅਮਨ ਐਰੀ, ਰਾਕੇਸ਼ ਸ਼ਰਮਾਂ ਅਤੇ ਹੋਰ ਆਗੂ ਵੀ ਹਾਜ਼ਰ ਸਨ।