
ਰਈਆ, 4 ਅਗਸਤ (ਬਲਵਿੰਦਰ ਸਿੰਘ ਸੰਧੂ) – ਐਕਸ ਸਰਵਿਸਜ ਲੀਗ ਪੰਜਾਬ ਅਤੇ ਚੰਡੀਗੜ੍ਹ ਦੀ ਰਈਆ ਇਕਾਈ ਦੀ ਮਹੀਨਾਵਾਰ ਮੀਟਿੰਗ ਪੰਜਾਬ ਮੀਤ ਪ੍ਰਧਾਨ ਕੈਪਟਨ ਜੋਬਨ ਸਿੰਘ ਗਿੱਲ ਦੀ ਅਗਵਾਈ ‘ਚ ਹੋਈ। ਜਿਸ ਵਿੱਚ ਉਚੇਚੇ ਤੌਰ ਤੇ ਪੰਜਾਬ ਦੇ ਨਵੇਂ ਚੁਣੇ ਜਨਰਲ ਸਕੱਤਰ ਕੈਪਟਨ ਗੁਰਦੀਪ ਸਿੰਘ ਜੀ ਪਹੁੰਚੇ। ਮੀਟਿੰਗ ਦਾ ਸੰਚਾਲਨ ਜਨਰਲ ਸਕੱਤਰ ਪੈਟੀ ਅਫਸਰ ਤਰਸੇਮ ਸਿੰਘ ਬਾਠ ਨੇ ਕੀਤਾ ਉਹਨਾਂ ਨੇ ਆਪਣੇ ਸੰਬੋਧਨ ‘ਚ ਨੇ ਕਿਹਾ ਕਿ ਪਿਛਲੇ 32 ਸਾਲਾਂ ਤੋਂ ਸਰਹੱਦ ਦੀ ਰਾਖੀ ਕਰਨ ਅਤੇ ਦੇਸ਼ ਦੀ ਸੇਵਾ ਤੇ ਆਪਣੀ ਜਵਾਨੀ ਦੇਣ ਵਾਲੇ ਇਹਨਾਂ ਜਵਾਨਾਂ ਦੀ ਸਮੇਂ ਦੀਆਂ ਸਰਕਾਰਾਂ ਆਪਣਾ ਸਮਾਂ ਡੰਗ ਟਪਾਊ ਨੀਤੀ ਨਾਲ ਤੇ ਝੂਠੇ ਵਾਅਦੇ ਕਰਕੇ ਗੁੰਮਰਾਹ ਕਰਦੀ ਰਹੀ ਹੈ। ਇਸੇ ਤਰਾਂ ਹੁਣ ਦੀ ਸਰਕਾਰ ਵੀ ਇਹਨਾਂ ਜਵਾਨਾਂ ਦਾ ਇੱਕ ਅਹੁਦਾ ਇੱਕ ਪੈਨਸ਼ਨ ਦੇ ਮੁੱਦੇ ਨੂੰ ਆਪਣੇ ਸੰਸਦ ਦੀਆਂ ਮੀਟਿੰਗਾਂ ਵਿੱਚ ਪ੍ਰਵਾਨਗੀ ਦੇਣ ਤੋਂ ਬਾਅਦ ਵੀ ਇਹਨਾਂ ਦਾ ਲਾਭ ਇਹਨਾਂ ਜਵਾਨਾਂ ਦੇ ਹੱਥ ਵਿੱਚ ਨਹੀਂ ਦੇ ਰਹੀ। ਹੁਣ ਇਹ ਰਾਤਾਂ ਨੂੰ ਜਾਗਣ ਵਾਲੇ, ਦੇਸ਼ ਲਈ ਕੁਰਬਾਨ ਹੋਣ ਵਾਲੇ ਸਿਰ ਲੱਥ ਯੋਧੇ ਆਪਣੇ ਹੱਕਾਂ ਨੂੰ ਲੈਣ ਵਾਸਤੇ ਜਾਗ ਪਏ ਹਨ । ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇਹ ਜਨਤਕ ਤੌਰ ਤੇ ਅਲਟੀਮੇਟਮ ਦੇ ਰਹੇ ਹਨ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸਮਾਰੋਹ ਦੇ ਉਦਘਾਟਨ 12 ਫਰਵਰੀ 2014 ਵੇਲੇ ਮੁੱਖ ਮੰਤਰੀ ਮਾਨਯੋਗ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਹਨਾਂ ਲਈ ਜੋ ਸੀ.ਐਸ.ਡੀ. ਟੈਕਸ ਘਟਾਉਣ ਜੋਨ ਪੱਧਰੀ ਵੱਖਰੀ ਸਾਬਕਾ ਫੌਜੀਆਂ ਲਈ ਅਦਾਲਤ ਖੋਲਣ, ਪ੍ਰਾਪਰਟੀ ਟੈਕਸ ਮੁਆਫ ਕਰਨ, ਐਨ.ਸੀ.ਸੀ. ਕੈਡਿਟਾਂ ਦਾ ਭੱਤਾ ਵਧਾਉਣ ਦੇ ਐਲਾਨ ਕੀਤੇ ਸਨ ਅਤੇ ਇਸ ਦੇ ਨਾਲ ਹੀ ਟੋਲ ਟੈਕਸ ਮੁਆਫ ਕਰਨ ਅਤੇ ਸਾਬਕਾ ਫੌਜੀਆਂ ਦੀ ਵਿਧਵਾਵਾਂ ਦੀਆਂ ਦੋ ਪੈਨਸ਼ਨਾਂ ਦੇਣ ਲਈ ਜੋ ਸੈਂਟਰ ਵੱਲੋਂ ਪ੍ਰਵਾਨਗੀ ਮਿਲ ਗਈ ਹੈ ਇਹਨਾਂ ਅਹਿਮ ਮਸਲਿਆਂ ਦਾ 30 ਸਤੰਬਰ ਤੱਕ ਨੋਟੀਫਿਕੇਸ਼ਨ ਕਰਕੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਇਹ ਜਵਾਨ ਮੀਟਿੰਗਾਂ ਛੱਡ ਕੇ ਸੜਕਾਂ ਤੇ ਉਤਰਨ ਲਈ ਮਜਬੂਰ ਹੋ ਜਾਣਗੇ। ਪੰਜਾਬ ਦੇ ਨਵੇਂ ਨਿਯੁਕਤ ਜਨਰਲ ਸਕੱਤਰ ਕੈਪਟਨ ਗੁਰਦੀਪ ਸਿੰਘ ਕਪੂਰਥਲਾ ਨੇ ਕਿਹਾ ਇੰਡੀਅਨ ਐਕਸ ਸਰਵਿਸ ਲੀਗ ਦੀ ਨਵੀਂ ਕਮੇਟੀ ਜੋ ਕਿ 27 ਜੁਲਾਈ 2014 ਨੂੰ ਚੁਣੀ ਗਈ ਹੈ ਜਿਸ ਵਿੱਚ ਬ੍ਰਿਗੇਡੀਅਰ ਆਈ.ਐਮ.ਸਿੰਘ ਪ੍ਰਧਾਨ, ਦਇਆ ਸਿੰਘ ਸੀਨੀਅਰ ਮੀਤ ਪ੍ਰਧਾਨ, ਕੈਪਟਨ ਸੇਵਾ ਸਿੰਘ ਨੀਤ ਪ੍ਰਧਾਨ, ਕੈਪਟਨ ਸੋਹਣ ਸਿੰਘ ਮੀਤ ਪ੍ਰਧਾਨ, ਕੈਪਟਨ ਗੁਰਦੀਪ ਸਿੰਘ ਜਨਰਲ ਸੈਕਟਰੀ ਚੁਣੇ ਗਏ। ਜੋ ਕਿ ਆਪਣੇ ਕੰਮ ਕਾਰ ਚਲਾ ਰਹੇ ਹਨ। ਇਸ ਤੋਂ ਇਲਾਵਾ ਜੇਕਰ ਕੋਈ ਹੋਰ ਆਪਣੇ ਆਪ ਨੂੰ ਲੀਗ ਦਾ ਕੋਈ ਵੀ ਆਪਵਾਇੰਟਮੈਂਟ ਹੋਲਡ ਲਿਖਾ ਕੇ ਖਬਰ ਦਿੰਦਾ ਹੈ ਤਾਂ ਉਸ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਸੂਬੇਦਾਰ ਸੂਰਤਾ ਸਿੰਘ ਠੱਠੀਆ, ਸਿਪਾਹੀ ਜੁਝਾਰ ਸਿੰਘ ਤਿੰਮੋਵਾਲ, ਹੌਲਦਾਰ ਜਸਵੰਤ ਸਿੰਘ ਖਲਚੀਆਂ, ਮੈਡਮ ਬਲਵਿੰਦਰ ਕੌਰ ਸਕਿਆਂਵਾਲੀ, ਹੌਲਦਾਰ ਜਸਵੰਤ ਸਿੰਘ ਖਿਲਚੀਆਂ ਖਜਾਨਚੀ, ਰਸਾਲਦਾਰ ਗੁਰਦੇਵ ਸਿੰਘ ਲਿੱਦੜ, ਹੌਲਦਾਰ ਜਗੀਰ ਸਿੰਘ ਬਾਬਾ ਬਕਾਲਾ, ਕੈਪਟਨ ਜੋਗਿੰਦਰ ਸਿੰਘ ਗੱਗੜਭਾਣਾ, ਮੈਡਮ ਮਹਿੰਦਰ ਕੌਰ ਸਠਿਆਲਾ, ਹੌਲਦਾਰ ਦਾਰਾ ਸਿੰਘ ਪੱਲਾ, ਨਾਇਕ ਬਲਵਿੰਦਰ ਸਿੰਘ ਬੁੱਟਰ, ਮੈਡਮ ਪਿਆਰ ਕੌਰ ਵੜੈਚ, ਹੌਲਦਾਰ ਪ੍ਰਗਟ ਸਿੰਘ ਧਿਆਨਪੁਰ, ਕੈਪਟਨ ਗੁਰਦਿਆਲ ਸਿੰਘ, ਹੌਲਦਾਰ, ਇੰਦਰ ਸਿੰਘ, ਹੌਲਦਾਰ ਕ੍ਰਿਪਾਲ ਸਿੰਘ ਸਠਿਆਲਾ ਅਤੇ ਹੋਰ ਸਾਬਕਾ ਜਵਾਨ ਹਾਜਰ ਸਨ।
Punjab Post Daily Online Newspaper & Print Media