ਨਵੀਂ ਦਿੱਲੀ, 23 ਮਾਰਚ (ਪੰਜਾਬ ਪੋਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ 250 ਬੱਚਿਆਂ ਨੂੰ `ਪੰਜਾਬੀ ਭਾਸ਼ਾ ਸਨਮਾਨ` ਨਾਲ ਸਨਮਾਨਿਤ ਕੀਤਾ ਗਿਆ।ਪੰਜਾਬੀ ਵਿਕਾਸ਼ ਕਮੇਟੀ ਵਲੋਂ ਮਾਤਾ ਸੁੰਦਰੀ ਕਾਲਜ ਦੇ ਮਾਤਾ ਸਾਹਿਬ ਕੌਰ ਆਡੀਟੋਰੀਅਮ ਵਿਖੇ ਕਰਵਾਏ ਗਏ ਪ੍ਰੋਗਰਾਮ ’ਚ 22 ਸਕੂਲਾਂ ਦੇ 8ਵੀਂ, 10ਵੀਂ ਅਤੇ 12ਵੀਂ ਜਮਾਤ ਦੇ ਪੰਜਾਬੀ ਵਿਸ਼ੇ ’ਚ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਸਨਮਾਨ ਪੱਤਰ ਅਤੇ ਯਾਦਗਾਰੀ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬੀ ਪੜ੍ਹਨ ਵਾਲੇ ਸਭ ਤੋਂ ਵੱਧ ਵਿਦਿਆਰਥੀਆਂ ਦੀ ਸੂਚੀ ’ਚ ਪਹਿਲਾ ਸਥਾਨ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ, ਦੂਜਾ ਸਥਾਨ ਇੰਡੀਆ ਗੇਟ ਅਤੇ ਤੀਜ਼ਾ ਸਥਾਨ ਵਸੰਤ ਵਿਹਾਰ ਬ੍ਰਾਂਚ ਨੇ ਪਾ੍ਰਪਤ ਕੀਤਾ। ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਪੰਜਾਬੀ ਵਿਕਾਸ ਕਮੇਟੀ ਦੇ ਚੇਅਰਮੈਨ ਐਡਵੋਕੇਟ ਬੀਰਇੰਦਰ ਸਿੰਘ, ਕਨਵੀਨਰ ਡਾ. ਹਰਮੀਤ ਸਿੰਘ ਅਤੇ ਦਿੱਲੀ ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ ਤੇ ਹਰਿੰਦਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।ਜੀ.ਕੇ ਨੇ ਕਿਹਾ ਕਿ ਵੱਡੀ ਗਿਣਤੀ ’ਚ ਬੱਚਿਆਂ ਨੂੰ ਪੰਜਾਬੀ ਭਾਸ਼ਾ ’ਚ ਪੜਾਈ ਕਰਦੇ ਦੇਖ ਕੇ ਇਸ ਗੱਲ ਦਾ ਅਹਿਸਾਸ ਹੋਇਆ ਹੈ ਕਿ ਸਾਡੇ ਬਜ਼ੁੱਰਗਾਂ ਨੇ ਪੰਥਕ ਸਕੂਲ ਖੋਲਣ ਦਾ ਜੋ ਟੀਚਾ ਰੱਖਿਆ ਸੀ, ਉਹ ਪੂਰਾ ਹੋ ਗਿਆ ਹੈ। ਉਨਾਂ ਕਿਹਾ ਕਿ ਪੰਥਕ ਸਿੱਖਿਆ ਦਾ ਮਤਲਬ ਬਾਣੀ, ਸਿੱਖ ਇਤਿਹਾਸ ਅਤੇ ਪੰਜਾਬੀ ਭਾਸ਼ਾ ਦੀ ਲਾਜ਼ਮੀ ਜਾਣਕਾਰੀ ਹੋਣਾ ਮੰਨਿਆ ਜਾਂਦਾ ਹੈ।ਇਸ ਕਰਕੇ ਅਸੀਂ ਇਹ ਗੱਲ ਮੰਨ ਸਕਦੇ ਹਾਂ ਕਿ ਸਰਕਾਰਾਂ ਦੀ ਤਾਨਾਸ਼ਾਹੀ ਝੱਲ ਰਹੀ ਪੰਜਾਬੀ ਭਾਸ਼ਾ ਦਿੱਲੀ ’ਚ ਆਪਣੇ ਭਵਿੱਖ ਦੇ ਚੜ੍ਹਦੀਕਲਾ ’ਚ ਹੋਣ ਦਾ ਅਹਿਸਾਸ ਦੇ ਰਹੀ ਹੈ। ਜੀ.ਕੇ. ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਸਕੂਲਾਂ ਦੇ ਨਾਲ ਆਮ ਬੋਲ-ਚਾਲ ’ਚ ਵਰਤਣ ਵਾਸਤੇ ਲੋਕਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਪੰਜਾਬੀ ਵਿਕਾਸ਼ ਕਮੇਟੀ ਨੂੰ ਧਿਆਨ ਦੇਣ ਦੀ ਲੋੜ ਹੈ।ਪੰਜਾਬੀ ਭਾਸ਼ਾ ਸਰਕਾਰਾਂ ਦੇ ਰਹਿਮ ’ਤੇ ਨਿਰਭਰ ਨਾ ਹੋ ਕੇ ਪੰਜਾਬੀਆਂ ਦੇ ਦਿੱਲਾਂ ’ਚ ਵੱਸੇ ਇਸ ਗੱਲ ’ਤੇ ਜੋਰ ਦੇਣ ਦੀ ਲੋੜ ਹੈ। ਡਾ. ਜਸਪਾਲ ਸਿੰਘ ਨੇ ਦਿੱਲੀ ਕਮੇਟੀ ਵੱਲੋਂ ਪੰਜਾਬੀ ਭਾਸ਼ਾ ਨੂੰ ਬਚਾਉਣ ਵਾਸਤੇ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਗੁਰਬਾਣੀ ਨਾਲ ਜੁੜਨ ਵਾਸਤੇ ਪੰਜਾਬੀ ਦੀ ਜਾਣਕਾਰੀ ਨੂੰ ਲਾਜ਼ਮੀ ਦੱਸਿਆ।ਰਾਣਾ ਨੇ ਕਿਹਾ ਕਿ ਜਿਨ੍ਹਾਂ ਸਕੂਲਾਂ ’ਚ ਪੜ੍ਹਕੇ ਉਨਾਂ ਨੇ ਪੰਥਕ ਸਿੱਖਿਆ ਪ੍ਰਾਪਤ ਕੀਤੀ ਸੀ। ਅੱਜ ਉਨ੍ਹਾਂ ਸਕੂਲਾਂ ਦੇ ਬੱਚਿਆਂ ਨੂੰ ਸਨਮਾਨਿਤ ਕਰਕੇ ਮਾਨ ਮਹਿਸੂਸ ਹੋ ਰਿਹਾ ਹੈ।ਡਾ. ਹਰਮੀਤ ਸਿੰਘ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਕੂਲਾਂ ’ਚ ਪੰਜਾਬੀ ਹਫ਼ਤਾ ਮਨਾਉਣ ਦਾ ਇਸ਼ਾਰਾ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਭਾਸ਼ਾ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਲਈ ਧੰਨਵਾਦ ਵੀ ਕੀਤਾ।
Check Also
ਨਿਊ ਜਰਸੀ-ਇੰਡੀਆ ਕਮਿਸ਼ਨ ਦਾ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ
ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ ਬਿਊਰੋ) – ਸੰਯੁਕਤ ਰਾਜ ਅਮਰੀਕਾ ਤੋਂ ਨਿਊ ਜਰਸੀ-ਇੰਡੀਆ ਕਮਿਸ਼ਨ ਦੇ …