ਸਰਕਾਰੀ ਮੈਡੀਕਲ ਅਦਾਰਿਆਂ ਸਬੰਧੀ ਵੀ ਹੋ ਸਕਦੀ ਹੈ ਸ਼ਿਕਾਇਤ – ਐੱਸ.ਡੀ.ਐੱਮ ਬਟਾਲਾ
ਬਟਾਲਾ, 9 ਅਗਸਤ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਰਾਜ ਦੇ ਨਾਗਰਿਕਾਂ ਨੂੰ ਚੰਗੀ ਸਿਹਤ ਸੰਭਾਲ ਲਈ ਇੱਕ ਮੈਡੀਕਲ ਹੈਲਪਲਾਈਨ 104 ਸ਼ੁਰੂ ਕੀਤੀ ਗਈ ਹੈ। ਹੁਣ ਕੋਈ ਵੀ ਨਾਗਰਿਕ ਮੈਡੀਕਲ ਹੈਲਪ ਲਾਈਨ ਨੰਬਰ 104 ‘ਤੇ ਫੋਨ ਕਰਕੇ ਮਾਹਿਰ ਡਾਕਟਰਾਂ ਕੋਲੋਂ ਮੁਫਤ ਵਿਚ ਮੈਡੀਕਲ ਸਹਾਇਤਾ ਬਾਰੇ ਸਲਾਹ-ਮਸ਼ਵਰਾ ਲੈ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਐੱਸ.ਡੀ.ਐੱਮ. ਸ੍ਰੀ ਰਜਤ ਉਬਰਾਏ ਨੇ ਦੱਸਿਆ ਕਿ ਇਸ ਟੋਲ ਫ੍ਰੀ ਨੰਬਰ ‘ਤੇ ਇਹ ਸਹੂਲਤ ੨੪ ਘੰਟੇ ਹੋਵੇਗੀ, ਜਿਸ ਵਿਚ ਯੋਗਤਾ ਪ੍ਰਾਪਤ ਡਾਕਟਰ, ਕਲੀਨੀਕਲ ਸਾਈਕੋਲੋਜਿਸਟ ਅਤੇ ਪੈਰਾ ਮਡੀਕਲ ਦੇ ਮਾਹਿਰ ਫੋਨ ਸੁਣਕੇ ਸ਼ਿਕਾਇਤ ਕਰਤਾ ਨੂੰ ਢੁਕਵਾਂ ਮਸ਼ਵਰਾ ਦੇਣਗੇ। aਨ੍ਹਾਂ ਦੱਸਿਆ ਕਿ ਇਹ ਸਹਾਇਤਾ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਦਿੱਤੀ ਗਈ ਹੈ। ਸ੍ਰੀ ਉਬਰਾਏ ਨੇ ਕਿਹਾ ਕਿ ਪਿੰਡਾਂ ਅਤੇ ਦੂਰ-ਦਰਾਜ ਦੇ ਇਲਾਕੇ ਵਿਚ ਰਹਿੰਦੇ ਲੋਕਾਂ ਲਈ ਇਹ ਸਹੂਲਤ ਹੋਰ ਵੀ ਲਾਹੇਵੰਦ ਸਾਬਿਤ ਹੋਵੇਗੀ।
ਐੱਸ.ਡੀ.ਐੱਮ. ਬਟਾਲਾ ਸ੍ਰੀ ਰਜਤ ਉਬਰਾਏ ਨੇ ਅੱਗੇ ਦੱਸਿਆ ਕਿ ਇਸ ਹੈਲਪ ਲਾਈਨ ਜ਼ਰੀਏ ਐਲੋਪੈਥੀ, ਆਯੂਰਵੈਦਿਕ ਅਤੇ ਹੋਮਿਓਪੈਥੀ ਨਾਲ ਸਬੰਧਤ ਵੱਖ-ਵੱਖ ਕੇਂਦਰੀ ਅਤੇ ਸੂਬਾਈ ਯੋਜਨਾਵਾਂ ਅਧੀਨ ਮਿਲਦੀਆਂ ਸੁਵਿਧਾਵਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਹੈਲਪ ਲਾਈਨ ਰਾਹੀਂ ਸ਼ਰਾਬ, ਸਿਗਰਟਨੋਸ਼ੀ ਅਤੇ ਹੋਰ ਸਮਾਜਿਕ ਬੁਰਾਈਆਂ ਵਿਚ ਜਕੜੇ ਲੋਕਾਂ ਦੀ ਮਾਹਿਰਾਂ ਦੁਆਰਾ ਕੌਂਸਲਿੰਗ ਕੀਤੀ ਜਾ ਜਾਵੇਗੀ। ਉਨਾਂ ਕਿਹਾ ਕਿ ਫੀਲਡ ਵਿਚ ਕੰਮ ਕਰਦੇ ਪੈਰਾਮੈਡੀਕਲ ਸਟਾਫ ਜਿਵੇਂ ਕਿ ਏ ਐਨ ਐਮਜ਼,ਆਸ਼ਾ ਵਰਕਰ, ਐਲ ਐਚ ਵੀ ਵਾਸਤੇ ਰਿਸੋਰਸ ਸੈਂਟਰ ਵਜੋਂ ਕੰਮ ਕਰੇਗੀ ਅਤੇ ਉਨ੍ਹਾਂ ਨੂੰ ਪੇਸ਼ ਆ ਰਹੀ ਸਮੱਸਿਆਵਾਂ ਦਾ ਹੱਲ ਕਰਨ ਲਈ ਮਾਰਗ ਦਰਸ਼ਨ ਕਰੇਗੀ।
ਸ੍ਰੀ ਉਬਰਾਏ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਹੈਲਪ ਲਾਈਨ ‘ਤੇ ਸਰਕਾਰੀ ਮੈਡੀਕਲ ਅਦਾਰਿਆਂ, ਪੀ ਐਨ ਡੀ ਟੀ, ਲਿੰਗ ਨਿਰਧਾਨਰ, ਫੂਡ ਅਤੇ ਡਰੱਗਜ਼, ਜਨਮ ਤੇ ਮੌਤ ਸਰਟੀਫਿਕੇਟ, ਏਡਜ਼ ਕੰਟਰੋਲ ਆਦਿ ਸੇਵਾਵਾਂ ਸਬੰਧੀ ਸਿਕਾਇਤ ਵੀ ਕੀਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਹੈਲਪ ਲਾਈਨ ‘ਤੇ ਕੰਮ ਕਰ ਰਹੇ ਸਟਾਫ ‘ਤੇ ਨਿਗ੍ਹਾ ਰੱਖਣ ਲਈ ਇਸ ‘ਤੇ ਆਉਣ ਵਾਲੀ ਹਰ ਕਾਲ ਰਿਕਾਰਡ ਕੀਤੀ ਜਾਵੇਗੀ ਤਾਂ ਕਿ ਕੋਈ ਕਿਸੇ ਨੂੰ ਗੁੰਮਰਾਹ ਨਾ ਕਰ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀ ਇਸ ਸਹੂਲਤ ਦਾ ਲਾਭ ਉਠਾਉਣ ਅਤੇ ਜੇਕਰ ਕਿਸੇ ਨੂੰ ਕੋਈ ਡਾਕਟਰੀ ਸਲਾਹ-ਮਸ਼ਵਰਾ ਜਾਂ ਸਹਾਇਤਾ ਚਾਹੀਦੀ ਹੋਵੇ ਤਾਂ ਉਹ ੧੦੪ ਨੰਬਰ ਡਾਇਲ ਕਰ ਸਕਦੇ ਹਨ।