ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਦੇ ਜਨਮ ਦਿਨ `ਤੇ ਪਿਛਲ਼ੇ ਦਿਨੀ ਸ਼ੋਸ਼ਲ ਮੀਡੀਆ `ਤੇ ਵਾਇਰਲ ਇੱਕ ਇਸ਼ਤਿਹਾਰ ਵਿਚ ਜਨਮ ਦਿਨ ਦੀ ਜਗਾ ਆਗਮਨ ਦਿਨ ਲਿਖੇ ਜਾਣ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪੁੱਜ ਗਿਆ ਹੈ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਵਲੋਂ ਭਾਈ ਗੁਰਇਕਬਾਲ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲਿਖਤੀ ਸਪੱਸ਼ਟੀਕਰਨ ਦੇਣ ਦੀ ਹਦਾਇਤ ਕੀਤੀ ਹੈ।ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿ ਭਾਈ ਗੁਰਇਕਬਾਲ ਸਿੰਘ ਦੇ ਜਨਮ ਦਿਨ `ਤੇ ਛਪਵਾਏ ਇਸ਼ਤਿਹਾਰ ਵਿੱਚ ਵਰਤੀ ਸ਼ਬਦਾਵਲੀ ਬਹੁਤ ਹੀ ਨਿੰਦਣਯੋਗ ਹੈ।ਇਸ ਨਾਲ ਸਿੱਖ ਸੰਗਤਾਂ ਵਿੱਚ ਬਹੁਤ ਨਿਰਾਸ਼ਾ ਪਾਈ ਜਾ ਰਹੀ ਹੈ।ਉਨਾਂ ਨੇ ਭਾਈ ਗੁਰਇਕਬਾਲ ਸਿੰਘ ਨੂੰ ਹੋਈ ਇਸ ਗਲਤੀ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਲਿਖਤੀ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ।
ਗਿਆਨੀ ਗੁਰਬਚਨ ਸਿੰਘ ਨੇ ਪਿੰਡ ਭੂੰਦੜ ਵਿਖੇ ਇੱਕ ਬੀਬੀ ਵਲੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ ਸਬੰਧੀ ਪ੍ਰਸਾਸ਼ਨ ਨੂੰ ਹਦਾਇਤ ਕੀਤੀ ਹੈ ਕਿ ਕੇਸ ਵਿੱਚ ਪੂਰੀ ਸਖ਼ਤੀ ਵਰਤਦਿਆਂ 4ਇਸ ਬੀਬੀ ਉੱਪਰ ਕਾਰਵਾਈ ਕੀਤੀ ਜਾਵੇ ਕਿਉੇਂਕਿ ਇਸ ਦੇ ਸਬੰਧ ਡੇਰਾ ਸਰਸਾ ਨਾਲ ਹੋਣ ਦੇ ਸਬੂਤ ਮਿਲ ਰਹੇ ਹਨ।ਇਸ ਕੋਲੋ ਇਹ ਪੁਛਿਆ ਜਾਵੇ ਕਿ ਇਸ ਸਾਜਿਸ਼ ਦੇ ਮਗਰ ਕੋਣ ਹੈ।ਉਨਾਂ ਨੇ ਕਿਹਾ ਕਿ ਸਮੇਂ-ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗੁਰਦੁਆਰਾ ਕਮੇਟੀਆਂ ਨੂੰ ਸੁਚੇਤ ਕੀਤਾ ਜਾਂਦਾ ਰਿਹਾ ਹੈ ਕਿ ਗੁਰਦੁਆਰਾ ਸਾਹਿਬਾਨਾਂ ਵਿੱਚ ਗ੍ਰੰਥੀ ਸਿੰਘ ਅਤੇ ਸੇਵਾਦਾਰ ਜ਼ਰੂਰ ਹਾਜ਼ਰ ਰਹਿਣ, ਪਰ ਫਿਰ ਵੀ ਗ੍ਰੰਥੀ ਸਿੰਘ ਬਿਨ੍ਹਾਂ ਸੇਵਾਦਾਰ ਬਿਠਾਏ ਮੌਜੂਦ ਨਹੀਂ ਸੀ ਇਸ ਲਈ ਗ੍ਰੰਥੀ ਸਿੰਘ ਵੀ ਦੋਸ਼ੀ ਹੈ, ਇਸ ਉੱਪਰ ਵੀ ਪਰਚਾ ਦਰਜ ਕਰਵਾਇਆ ਜਾਵੇ।