Saturday, May 18, 2024

ਖਸਰਾ ਤੇ ਰੁਬੈਲਾ ਟੀਕਾਕਰਨ ਮੁਹਿੰਮ `ਚ ਸਹਿਯੋਗ ਲੈਣ ਲਈ ਨਾਮੀ ਹਸਤੀਆਂ ਨੇ ਚੁਕਿਆ ਬੀੜਾ

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਭਾਰਤ ਸਰਕਾਰ ਵੱਲੋਂ ਖਸਰਾ ਅਤੇ ਰੁਬੈਲਾ ਦੀ ਬਿਮਾਰੀ ਨੂੰ ਖਤਮ ਕਰਨ ਲਈ ਪੰਜਾਬ ਵਿਚ ਕੀਤੇ ਜਾ ਰਹੇ ਟੀਕਾਕਰਨ ਵਿਚ ਸਹਿਯੋਗ ਲੈਣ ਲਈ ਡਿਪਟੀ ਕਮਿਸ਼ਨਰ, ਮੇਅਰ, ਸਿਵਲ ਸਰਜਨ, ਆਈ.ਐਮ.ਏ, ਚੀਫ ਖਾਲਸਾ ਦੀਵਾਨ ਅਤੇ ਬੱਚਿਆਂ ਦੇ ਮਾਹਿਰ ਡਾਕਟਰ ਅੱਗੇ ਆਏ ਹਨ।ਸਿਹਤ ਵਿਭਾਗ ਦੀ ਸਹਾਇਤਾ ਨਾਲ ਪੰਜਾਬੀ ਅਤੇ ਅੰਗਰੇਜੀ ਵਿਚ ਪੈਂਫਲਿਟ ਤਿਆਰ ਕਰਵਾ ਕੇ ਘਰ-ਘਰ ਇਹ ਅਪੀਲ ਘਰ-ਘਰ ਪਹੁੰਚਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਇਸ਼ਤਿਹਾਰ ਰੂਪੀ ਅਪੀਲ ਵਿਚ ਭਾਰਤ ਵਿਚ ਇਸ ਘਾਤਕ ਬਿਮਾਰੀ ਕਾਰਨ ਹੁੰਦੀਆਂ ਬੱਚਿਆਂ ਦੀਆਂ ਮੌਤਾਂ ਦਾ ਹਵਾਲਾ ਦੇ ਕੇ ਅਤੇ ਸਾਰੀਆਂ ਹਸਤੀਆਂ ਨੇ ਆਪਣੇ ਦਸਤਖਤ ਕਰਕੇ ਬੱਚਿਆਂ ਦੇ ਮਾਂ-ਬਾਪ ਤੋਂ ਟੀਕਾਕਰਨ ਲਈ ਸਹਿਯੋਗ ਦੀ ਮੰਗ ਕੀਤੀ ਹੈ।
             ਅਪੀਲ ਵਿਚ ਦੱਸਿਆ ਗਿਆ ਹੈ ਕਿ ਖਸਰੇ ਕਾਰਨ ਦੇਸ਼ ਵਿਚ ਹਰ ਸਾਲ ਲਗਭਗ 49 ਹਜ਼ਾਰ ਮੌਤਾਂ ਹੋ ਜਾਂਦੀਆਂ ਹਨ।ਇਸੇ ਤਰਾਂ ਰੁਬੈਲਾ ਪੀੜਤ ਬੱਚੀਆਂ ਦੀ ਅਗਲੀ ਪੀੜ੍ਹੀ ਤੱਕ ਘਾਤਕ ਅਸਰ ਛੱਡਦਾ ਹੈ, ਜਿਸ ਵਿਚ ਅਪੰਗ ਬੱਚੇ ਪੈਦਾ ਹੋਣੇ, ਅੰਨਾਪਣ, ਬੋਲਾਪਣ, ਮੰਦਬੁੱਧੀ, ਦਿਲ ਦੀਆਂ ਬਿਮਾਰੀਆਂ ਆਦਿ ਮੁੱਖ ਤੌਰ ’ਤੇ ਸ਼ਾਮਿਲ ਹਨ ਅਤੇ ਭਾਰਤ ਵਿਚ ਅਜਿਹੇ ਰੋਗਾਂ ਤੋਂ ਪੀੜਤ ਬੱਚਿਆਂ ਦੀ ਗਿਣਤੀ 30 ਹਜ਼ਾਰ ਸਲਾਨਾ ਤੋਂ ਵੀ ਵੱਧ ਹੈ।
            ਇਸ ਅਪੀਲ ਵਿਚ ਦੱਸਿਆ ਗਿਆ ਹੈ ਕਿ ਹੁਣ ਤੱਕ ਭਾਰਤ ਦੇ 15 ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ 8 ਕਰੋੜ ਬੱਚਿਆਂ ਨੂੰ ਇਹ ਟੀਕਾਕਰਨ ਕੀਤਾ ਜਾ ਚੁੱਕਾ ਹੈ ਅਤੇ ਕਿਧਰੇ ਵੀ ਕੋਈ ਸ਼ਿਕਾਇਤ ਨਹੀਂ ਮਿਲੀ।ਇਸ ਲਈ ਵਿਸ਼ਵ ਸਿਹਤ ਸੰਗਠਨ ਅਤੇ ਯੂਨੀਸੈਫ ਦੀ ਸਹਾਇਤਾ ਨਾਲ ਕੀਤੇ ਜਾ ਰਹੇ ਇਸ ਟੀਕਾਕਰਨ ਦੌਰਾਨ ਜਿਲ੍ਹੇ ਦੇ ਸਾਰੇ ਬੱਚਿਆਂ ਨੂੰ ਟੀਕੇ ਲਗਾਉਣ ਦੀ ਅਪੀਲ ਕੀਤੀ ਗਈ ਹੈ। ਇਸ ਅਪੀਲ ਕਰਤਾ ਵਿਚ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਮੇਅਰ ਕਰਮਜੀਤ ਸਿੰੰਘ ਰਿੰਟੂ, ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ, ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਸੰਤੋਖ ਸਿੰਘ, ਆਈ.ਐਮ.ਏ ਦੇ ਪ੍ਰਧਾਨ ਡਾ. ਅਸ਼ੋਕ ਉਪਲ, ਆਈ.ਏ.ਪੀ ਦੇ ਪ੍ਰਧਾਨ ਡਾ. ਨਰਿੰਦਰ ਸਿੰਘ, ਬੱਚਿਆਂ ਦੇ ਮਾਹਿਰ ਡਾ. ਰਵੀ ਦੱਤ ਸ਼ਰਮਾ ਅਤੇ ਡਾ. ਸੰਜੇ ਖੇਤਰਪਾਲ ਦੇ ਨਾਮ ਸ਼ਾਮਿਲ ਹਨ। 

Check Also

ਹੋਟਲ ਅਤੇ ਐਗਰੋ ਬੇਸ ਉਦਯੋਗ ਸਥਾਪਿਤ ਹੋਣ ਨਾਲ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ – ਸੰਧੂ ਸਮੁੰਦਰੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ …

Leave a Reply