ਸ਼ਹਿਰ ਦੇ ਸੀਵਰੇਜ ਲਈ ਨਵਜੋਤ ਸਿੰਘ ਸਿੱਧੂ ਵੱਲੋਂ ਤਿੰਨ ਕਰੋੜ ਰੁਪਏ ਦੇਣ ਦਾ ਐਲਾਨ
ਜੰਡਿਆਲਾ ਗੁਰੂ, 27 ਮਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੂ ਵਿਚ ਪੀੜ੍ਹੀਆਂ ਤੋਂ ਭਾਂਡੇ ਬਣਾਉਂਦੇ ਠਠਿਆਰਾਂ ਨੂੰ ਅੱਜ ਉਸ ਵੇਲੇ ਵੱਡਾ ਬਲ ਮਿਲਿਆ, ਜਦ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ ਦੇ ਵਿਸ਼ੇਸ਼ ਯਤਨਾਂ ਸਦਕਾ ਯੂਨੈਸਕੋ (ਯੂਨਾਈਟਿਡ ਨੇਸ਼ਨ ਐਜੂਕੇਸ਼ਨਲ, ਸਾਇੰਟੀਫਿਕ ਅਤੇ ਕਲਚਰਲ ਆਰਗੇਨਾਇਜੇਸ਼ਨ) ਨੇ ਜੰਡਿਆਲਾ ਗੁਰੂ ਦੀ ਇਸ ਕਲਾ ਨੂੰ ਵਿਸ਼ਵ ਪੱਧਰ ’ਤੇ ਪ੍ਰਮੋਟ ਕਰਨ ਦਾ ਐਲਾਨ ਕਰ ਦਿੱਤਾ। ਇਸ ਸਬੰਧੀ ਜੰਡਿਆਲਾ ਗੁਰੂ ਵਿਚ ਕਰਵਾਏ ਗਏ ਸਮਾਗਮ ਵਿਚ ਬੋਲਦੇ ਸਥਾਨਕ ਸਰਕਾਰਾਂ, ਸੈਰ ਸਪਾਟਾ, ਸਭਿਆਚਾਰਕ ਮਾਮਲੇ ਤੇ ਪੁਰਾਤੱਤਵ ਤੇ ਅਜਾਇਬ ਘਰ ਮਾਮਲੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਯੂਨੈਸਕੋ ਦੇ ਇਸ ਐਲਾਨ ਦਾ ਸਵਾਗਤ ਕਰਦੇ ਕਿਹਾ ਕਿ ਇਸ ਫੈਸਲੇ ਨਾਲ ਆਖਰੀ ਸਾਹ ਲੈ ਰਹੀ ਭਾਂਡੇ ਬਨਾਉਣ ਦੀ ਕਲਾ, ਜੋ ਕਿ ਮਨੁੱਖੀ ਜ਼ਰੂਰਤਾਂ ਨੂੰ ਵੀ ਪੂਰਾ ਕਰਦੀ ਹੈ, ਵਿਚ ਨਵੀਂ ਜਾਨ ਪਈ ਹੈ।ਉਨਾਂ ਦੱਸਿਆ ਕਿ ਇਸ ਫੈਸਲੇ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਜੰਡਿਆਲਾ ਗੁਰੂ ਦੇ ਠਠਿਆਰਾਂ ਵੱਲੋਂ ਤਿਆਰ ਕੀਤੇ ਜਾਂਦੇ ਭਾਂਡੇ ਆਪਣੀ ਪਛਾਣ ਬਣਾ ਸਕਣਗੇ ਅਤੇ ਇਸ ਦਾ ਆਰਥਿਕ ਲਾਭ ਇਹ ਕੰਮ ਕਰਨ ਵਾਲੇ ਪਰਿਵਾਰਾਂ ਨੂੰ ਮਿਲੇਗਾ।ਉਨਾਂ ਇਹ ਵੀ ਦੱਸਿਆ ਕਿ ਭਾਰਤ ਵਿਚ ਜੰਡਿਆਲਾ ਗੁਰੂ ਹੀ ਅਜਿਹਾ ਕਸਬਾ ਹੈ, ਜਿੱਥੋਂ ਦੀ ਸਥਾਨਕ ਕਲਾ ਨੂੰ ਯੂਨੈਸਕੋ ਨੇ ਮਾਨਤਾ ਦਿੱਤੀ ਹੈ ਅਤੇ ਉਤਸ਼ਾਹਿਤ ਕਰਨ ਲਈ ਰਾਜ਼ੀ ਹੋਈ ਹੈ।
ਸਿੱਧੂ ਨੇ ਇਸ ਮੌਕੇ ਜਿੱਥੇ ਜੰਡਿਆਲਾ ਗੁਰੂ ਦੇ ਸੀਵਰੇਜ ਨੂੰ ਪੂਰਾ ਕਰਨ ਲਈ ਤਿੰਨ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ, ਉਥੇ ਇਹ ਵੀ ਐਲਾਨ ਕੀਤਾ ਕਿ ਇੰਨਾਂ ਠਠਿਆਰਾਂ ਦੀ ਆਰਥਿਕ ਸਹਾਇਤਾ ਲਈ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਇਕ ਫੰਡ ਵਿਕਸਤ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਹਰ ਸਾਲ ਇਸ ਫੰਡ ਵਿਚ 10 ਲੱਖ ਰੁਪਏ ਦੀ ਸਹਾਇਤਾ ਦੇਵੇਗੀ।ਉਨਾਂ ਕਿਹਾ ਕਿ ਇਸ ਫੰਡ ਦੀ ਵਰਤੋਂ ਇਸ ਕਲਾ ਨੂੰ ਉਤਸ਼ਾਹਿਤ ਕਰਨ ਵਾਸਤੇ ਕੀਤੀ ਜਾਵੇਗੀ।ਉਨਾਂ ਠਠਿਆਰਾਂ ਵੱਲੋਂ ਤਿਆਰ ਕੀਤੇ ਭਾਂਡੇ ਵੇਚਣ ਲਈ ਅੰਮਿ੍ਰਤਸਰ ਦੇ ਕਿਲ੍ਹਾ ਗੋਬਿੰਦਗੜ੍ਹ ਅਤੇ ਟਾਊਨ ਹਾਲ ਵਿਖੇ ਇਕ-ਇਕ ਦੁਕਾਨ ਮੁਫ਼ਤ ਵਿਚ ਦੇਣ ਦਾ ਐਲਾਨ ਵੀ ਕੀਤਾ।ਸਿੱਧੂ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਇਸ ਕਲਾ ਨੂੰ ਉਤਸ਼ਾਹਿਤ ਕਰਨ ਲਈ ਡੁਬਈ ਵਿਖੇ ਲੱਗਣ ਵਾਲੇ ਅੰਤਰਰਾਸ਼ਟਰੀ ਮੇਲੇ (ਗਲੋਬਲ ਫੈਸਟੀਵਲ ਡੁਬਈ) ਵਿਚ ਇੰਨਾਂ ਠਠਿਆਰਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਇਸ ਮੌਕੇ ਸਿੱਧੂ ਠਠਿਆਰਾਂ ਦਾ ਕੰਮ ਵੇਖਣ ਲਈ ਉਨਾਂ ਦੇ ਘਰ ਤੇ ਦੁਕਾਨਾਂ ’ਤੇ ਵੀ ਗਏ ਅਤੇ ਉਨਾਂ ਨਾਲ ਵੀ ਗੱਲਬਾਤ ਕੀਤੀ।ਰਾਮ ਕਾਲਜ ਆਫ ਕਾਮਰਸ ਦਿੱਲੀ ਦੇ ਵਿਦਿਆਰਥੀਆਂ ਨੇ ਰਵਾਇਤੀ ਭਾਂਡਿਆਂ ’ਤੇ ਜਾਣਕਾਰੀ ਦਿੰਦੀ ਪੇਸ਼ਕਾਰੀ ਵੀ ਵਿਖਾਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਦੀਪਾ ਸ਼ਾਹੀ, ਪ੍ਰਬੰਧਕੀ ਸਕੱਤਰ ਵਿਕਾਸ ਪ੍ਰਤਾਪ, ਵਿਸ਼ੇਸ਼ ਸਕੱਤਰ ਸ਼ਿਵਦੁਲਾਰ ਸਿੰਘ ਢਿਲੋਂ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਐਸ.ਡੀ.ਐਮ ਵਿਕਾਸ ਹੀਰਾ ਤੇ ਨਿਤਿਨ ਸਿੰਗਲਾ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।