Friday, November 22, 2024

ਖ਼ਾਲਸਾ ਕਾਲਜ ਮੈਨੇਜ਼ਮੈਂਟ ਵਿਖੇ ਹਾਕੀ ਇੰਡੀਆ ਦੇ ਪ੍ਰਧਾਨ ਰਜਿੰਦਰ ਸਿੰਘ ਦਾ ਛੀਨਾ ਨੇ ਕੀਤਾ ਸਨਮਾਨ

ਭਾਰਤ ਦੇ ਸਾਰੇ ਵਿੱਦਿਅਕ ਅਦਾਰਿਆਂ ’ਚ ਸਥਾਪਿਤ ਕੀਤੇ ਜਾ ਰਹੇ ‘ਹਾਕੀ ਵਿੰਗ’ – ਪ੍ਰਧਾਨ ਰਜਿੰਦਰ ਸਿੰਘ
ਅੰਮ੍ਰਿਤਸਰ, 25 ਜੂਨ  (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆਂ ) – ਹਾਕੀ ਇੰਡੀਆ ਦੇ ਨਵਨਿਯੁੱਕਤ ਪ੍ਰਧਾਨ ਰਜਿੰਦਰ ਸਿੰਘ ਦਾ ਖ਼ਾਲਸਾ ਕਾਲਜ ਮੈਨੇਜ਼ਮੈਂਟ PPN2506201807ਦਫ਼ਤਰ ਵਿਖੇ ਪੁੱਜਣ ’ਤੇ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਯਾਦਗਾਰੀ ਚਿੰਨ੍ਹ ਤੇ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ।ਉਨ੍ਹਾਂ ਨੇ ਛੀਨਾ ਨਾਲ ਨੌਜਵਾਨਾਂ ’ਚ ਹਾਕੀ ਪ੍ਰਤੀ ਘੱਟ ਰਹੇ ਰੁਝਾਨ ਅਤੇ ਹਾਕੀ ਦੇ ਉਥਾਨ ਸਬੰਧੀ ਵਿਚਾਰ-ਵਟਾਂਦਰੇ ਸਾਂਝੇ ਕੀਤੇ।ਰਜਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਦੇ ਸਮੂਹ ਵਿੱਦਿਅਕ ਅਦਾਰਿਆਂ ਸਕੂਲਾਂ, ਕਾਲਜਾਂ ’ਚ ਹਾਕੀ ਨੂੰ ਬੜ੍ਹਾਵਾਂ ਦੇਣ ਦੇ ਲਕਸ਼ ਤਹਿਤ ‘ਹਾਕੀ ਵਿੰਗ’ ਸਥਾਪਿਤ ਕੀਤੇ ਜਾ ਰਹੇ ਹਨ।
    ਇਸ ਤੋਂ ਪਹਿਲਾਂ ਪ੍ਰਧਾਨ ਰਜਿੰਦਰ ਸਿੰਘ ਨੇ ਨਿਰਦੇਸ਼ਕ ਖੇਡਾਂ ਡਾ. ਕੰਵਲਜੀਤ ਸਿੰਘ, ਚੀਫ਼ ਹਾਕੀ ਕੋਚ ਬਲਦੇਵ ਸਿੰਘ ਨਾਲ ਕਾਲਜ ਕੈਂਪਸ ਦਾ ਦੌਰਾ ਕੀਤਾ ਅਤੇ ਕਾਲਜ ਵੱਲੋਂ ਹਾਕੀ ’ਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।ਉਨ੍ਹਾਂ ਦੱਸਿਆ ਕਿ ਕਾਲਜ ਨੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਅਤੇ ਬਲਵਿੰਦਰ ਸ਼ੰਮੀ ਪ੍ਰਮੁੱਖ, ਪੈਦਾ ਕੀਤੇ ਹਨ।ਰਜਿੰਦਰ ਸਿੰਘ ਜੋ ਕਿ ਪਹਿਲਾ ਉਪ ਪ੍ਰਧਾਨ ਰਹਿ ਚੁੱਕੇ ਹਨ, ਨੇ ਬੀਤੇ ਮਹੀਨੇ ਹੀ ਹਾਕੀ ਇੰਡੀਆ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਸੀ।ਇਸ ਮੌਕੇ ਰਜਿੰਦਰ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ’ਚ ਨੌਜਵਾਨ ਦੀ ਵਧੇਰੇ ਦਿਲਚਸਪੀ ਕ੍ਰਿਕੇਟ, ਕਬੱਡੀ ਖੇਡਾਂ ਵੱਲ ਕੇਂਦਰਿਤ ਹੈ ਜਿਸ ਕਰਕੇ ਹਾਕੀ ਜੋ ਕਿ ਸਾਡੀ ਰਾਸ਼ਟਰੀ ਖੇਡ ਹੈ, ਨਿਘਾਰ ਵੱਲ ਜਾ ਰਹੀ ਹੈ। ਹਾਕੀ ਪ੍ਰਧਾਨ ਨੇ ਕਿਹਾ ਕਿ ਉਹ ਦਾ ਮੁੱਖ ਟੀਚਾ ਹਾਕੀ ਖੇਡ ਨੂੰ ਪ੍ਰਫ਼ਲਿੱਤ ਕਰਨਾ ਅਤੇ ਦੇਸ਼ ਲਈ ਇਕ-ਤੋਂ-ਇਕ ਜਾਨ-ਦਾਰ ਹਾਕੀ ਖਿਡਾਰੀ ਪ੍ਰਦਾਨ ਕਰਨ ਦਾ ਹੈ।
    ਇਸ ਮੌਕੇ ਹਾਕੀ ਪ੍ਰਧਾਨ ਰਜਿੰਦਰ ਸਿੰਘ ਨੇ ਛੀਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਹਾਕੀ ਖੇਡ ਨੂੰ ਬੜ੍ਹਾਵਾ ਦੇਣ ਲਈ ਖ਼ਾਲਸਾ ਕਾਲਜ ਦੀਆਂ ਸਮੂਹ ਵਿੱਦਿਅਕ ਸੰਸਥਾਵਾਂ ਆਪਣਾ ਯੋਗਦਾਨ ਪਾਉਣ ਤਾਂ ਕਿ ਨੌਜਵਾਨਾਂ ਦੀ ਹਾਕੀ ਪ੍ਰਤੀ ਮਨਾਂ ’ਚ ਛਾਹ ਰਹੀ ਮਾਯੂਸੀ ਨੂੰ ਦੂਰ ਕੀਤਾ ਜਾ ਸਕੇ।ਇਸ ਮੌਕੇ ਛੀਨਾ ਨੇ ਰਜਿੰਦਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਖ਼ਾਲਸਾ ਮੈਨੇਜ਼ਮੈਂਟ ਅਤੇ ਸਬੰਧਿਤ ਵਿੱਦਿਅਕ ਸੰਸਥਾਵਾਂ ਦੇ ਮੁੱਖੀਆਂ ਦੇ ਸਹਿਯੋਗ ਨਾਲ ਹਾਕੀ ਨੂੰ ਪ੍ਰਫ਼ੁੱਲਿਤ ਕਰਨ ਲਈ ਯਤਨ ਕਰਨਗੇ ਅਤੇ ਕੌਂਸਲ ਵੱਲੋਂ ਹਾਕੀ ਨੂੰ ਪ੍ਰੋਤਸ਼ਾਹਿਤ ਕਰਨ ਦੇ ਮਕਸਦ ਤਹਿਤ ਹਾਕੀ ਅਕਾਦਮੀ ਖੋਲ੍ਹੀ ਗਈ ਹੈ। ਇਸ ਮੌਕੇ ਛੀਨਾ ਨੇ ਸੂਬਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਦਿਨ-ਬ-ਦਿਨ ਹਾਕੀ ਪ੍ਰਤੀ ਘੱਟ ਰੁਝਾਨ ਮੁੜ ਲੀਹਾਂ ’ਤੇ ਲਿਜਾਣ ਲਈ ਆਪਣਾ ਯੋਗਦਾਨ ਪਾਉਣ ਅਤੇ ਖੇਡ ਨੂੰ ਜੀਵਤ ਰੱਖਣ ਲਈ ਹਾਕੀ ਅਕੈਦਮੀਆਂ ਅਤੇ ਖਿਡਾਰਣਾਂ ਨੂੰ ਵਿਸ਼ੇਸ਼ ਕੋਟਾ ਮੁਹੱਈਆ ਪ੍ਰਦਾਨ ਕਰਦੇ ਹੋਏ ਉਨ੍ਹਾਂ ਨੂੰ ਬਣਦੀਆਂ ਜਾਇਜ਼ ਸਹੂਲਤਾਂ ਪ੍ਰਦਾਨ ਕਰਨ।
    ਇਸ ਮੌਕੇ ਨਿਰਦੇਸ਼ਕ ਖੇਡਾਂ ਡਾ. ਕੰਵਲਜੀਤ ਸਿੰਘ, ਚੀਫ਼ ਹਾਕੀ ਕੋਚ ਬਲਦੇਵ ਸਿੰਘ ਨੇ ਹਾਕੀ ਪ੍ਰਧਾਨ ਰਜਿੰਦਰ ਸਿੰਘ ਨੂੰ ਖ਼ਾਲਸਾ ਮੈਨੇਜ਼ਮੈਂਟ ਵੱਲੋਂ ਹਾਕੀ ਨੂੰ ਬੜ੍ਹਾਵਾ ਦੇਣ ਲਈ ਕੀਤੇ ਜਾ ਰਹੇ ਯਤਨਾਂ ਅਤੇ ਲੜਕੀਆਂ ਦੀ ਹਾਕੀ ਟੀਮ ਦੁਆਰਾ ਪ੍ਰਾਪਤ ਉਪਲਬੱਧੀਆਂ ਬਾਰੇ ਜਾਣੂ ਕਰਵਾਉਂਦਿਆਂ ਟੀਮ ਨੂੰ ਉਚ ਪੱਧਰ ਦੇ ਮੁਕਾਬਲਿਆਂ ’ਚ ਸ਼ਿਰਕਤ ਕਰਨ ਲਈ ਜਦੋਂ-ਜਹਿਦ ਬਾਰੇ ਜਾਣਕਾਰੀ ਦਿੱਤੀ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply