Tuesday, April 30, 2024

ਜਿਲ੍ਹੇ ਦੇ 94 ਫੀਸਦੀ ਬੱਚੇ ਮੀਜ਼ਲ ਤੇ ਰੁਬੇਲਾ ਦੇ ਟੀਕਾਕਰਨ ਨਾਲ ਹੋਏ ਸੁਰੱਖਿਅਤ

ਜਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੇ ਸਹਿਯੋਗ ਨਾਲ ਸੰਭਵ ਹੋਈ ਸਫਲਤਾ-ਸਿਵਲ ਸਰਜਨ

ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਬੱਚਿਆਂ ਦੀ ਸਿਹਤ ਨੂੰ ਨਰੋਈ ਰੱਖਣ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨਾਲ ਮਿਲ ਕੇ ਸ਼ੁਰੂ ਕੀਤਾ ਗਿਆ ਮੀਜ਼ਲ ਤੇ ਰੁਬੇਲਾ ਦਾ ਟੀਕਾਕਰਨ ਅੰਮ੍ਰਿਤਸਰ ਜਿਲ੍ਹੇ ਵਿਚ 94 ਫੀਸਦੀ ਬੱਚਿਆਂ ਨੂੰ ਲੱਗ ਚੁੱਕਾ ਹੈ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮਾਰੂ ਬਿਮਾਰੀਆਂ ਤੋਂ ਬੱਚਿਆਂ ਨੂੰ ਬਚਾਉਣ ਲਈ ਕੀਤਾ ਗਿਆ ਇਹ ਵਧੀਆ ਉਪਰਾਲਾ ਹੈ ਅਤੇ ਇਸ ਦੇ ਚੰਗੇ ਨਤੀਜੇ ਭਵਿੱਖ ਵਿਚ ਸਾਹਮਣੇ ਆਉਣਗੇ। ਉਨਾਂ ਦੱਸਿਆ ਕਿ ਅਪ੍ਰੈਲ ਮਹੀਨੇ ਸ਼ੁਰੂ ਕੀਤੀ ਗਈ ਇਸ ਮੁਹਿੰਮ ਨੂੰ ਸਕੂਲਾਂ ਵਿਚ ਛੁੱਟੀਆਂ ਹੋਣ ਤੋਂ ਪਹਿਲਾਂ ਪੂਰਾ ਕਰਨ ਦਾ ਅਨੁਮਾਨ ਲਗਾਇਆ ਗਿਆ ਸੀ, ਪਰ ਸ਼ੋਸਲ ਮੀਡੀਏ ’ਤੇ ਹੋਏ ਗਲਤ ਪ੍ਰਚਾਰ ਨੇ ਇਸ ਨੂੰ ਬੁਰੀ ਤਰਾਂ ਪ੍ਰਭਾਵਿਤ ਕਰ ਦਿੱਤਾ ਸੀ, ਪਰ ਫਿਰ ਵੀ ਸਿਹਤ ਵਿਭਾਗ ਵੱਲੋਂ ਲੋਕਾਂ ਕੋਲ ਤਰਕ ਨਾਲ ਰੱਖੇ ਗਏ ਵਿਚਾਰਾਂ ਕਾਰਨ ਇਹ ਸਫਲਤਾ ਮਿਲੀ ਹੈ।ਉਨਾਂ ਦੱਸਿਆ ਕਿ ਹੁਣ ਤੱਕ 5,52892 ਬੱਚਿਆਂ ਨੂੰ ਇਹ ਟੀਕਾ ਦਿੱਤਾ ਜਾ ਚੁੱਕਾ ਹੈ।
         ਇਸ ਮੌਕੇ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮੁਹਿੰਮ ਨੂੰ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕਰਦੇ ਕਿਹਾ ਕਿ 9 ਮਹੀਨੇ ਤੋਂ 15 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਇਹ ਟੀਕੇ ਲਗਾਏ ਜਾ ਰਹੇ ਹਨ ਅਤੇ ਸਾਡੇ ਵਾਸਤੇ ਹੁਣ ਇਹ ਤਸੱਲੀ ਦੀ ਗੱਲ ਹੈ ਕਿ ਅਸੀਂ 94 ਫੀਸਦੀ ਟੀਚਾ ਪੂਰਾ ਕਰ ਚੁੱਕੇ ਹਾਂ।ਉਨਾਂ ਦੱਸਿਆ ਕਿ ਇਕ ਵਾਰ ਜਦੋਂ ਇਹ ਝੂਠੇ ਪ੍ਰਚਾਰ ਕਾਰਨ ਪਟੜੀ ਤੋਂ ਲਹਿ ਗਈ ਸੀ ਤਾਂ ਅਸੀਂ ਬੇਆਸ ਹੋ ਗਏ ਸੀ, ਪਰ ਡਿਪਟੀ ਕਮਿਸ਼ਨਰ ਸੰਘਾ ਵੱਲੋਂ ਕੀਤੀ ਗਈ ਯੋਜਨਾਬੰਦੀ ਅਤੇ ਟੀਮਾਂ ਨੂੰ ਪਿੰਡਾਂ, ਸ਼ਹਿਰਾਂ ਦੇ ਮੋਹਤਬਰਾਂ, ਗੁਰੂ ਘਰ ਦੇ ਗ੍ਰੰਥੀਆਂ, ਗੈਰ ਸਰਕਾਰੀ ਸੰਸਥਾਵਾਂ, ਸ੍ਰੋਮਣੀ ਕਮੇਟੀ, ਚੀਫ ਖਾਲਸਾ ਦੀਵਾਨ ਅਤੇ ਹੋਰ ਸੰਸਥਾਵਾਂ ਨਾਲ ਰਾਬਤਾ ਕਰਨ ਦੇ ਦਿੱਤੇ ਆਦੇਸ਼ ਮਗਰੋਂ ਜਦੋਂ ਸਾਡੀਆਂ ਟੀਮਾਂ ਨੇ ਅਜਿਹਾ ਕੀਤਾ ਤਾਂ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣ ਲੱਗੇ।ਉਨਾਂ ਇਸ ਮੁਹਿੰਮ ਲਈ ਮੀਡੀਆ ਵੱਲੋਂ ਮਿਲੇ ਸਹਿਯੋਗ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿੰਨਾ ਜ਼ਰੀਏ ਲੋਕਾਂ ਤੱਕ ਸਹੀ ਗੱਲ ਪੁੱਜੀ ਅਤੇ ਉਹ ਆਪਣੇ ਬੱਚਿਆਂ ਨੂੰ ਟੀਕਾਕਰਨ ਕਰਵਾਉਣ ਲਈ ਰਾਜ਼ੀ ਹੋਏ।ਜਿਲ੍ਹਾ ਟੀਕਾਕਰਨ ਅਧਿਕਾਰੀ ਰਾਮੇਸ਼ ਪਾਲ ਨੇ ਇਸ ਮੁਹਿੰਮ ਦੇ ਤਲਖ ਤਜ਼ਰਬੇ ਸਾਂਝੇ ਕਰਦੇ ਦੱਸਿਆ ਕਿ ਸਾਨੂੰ ਬੱਚਿਆਂ ਦੇ ਟੀਕਾਕਰਨ ਲਈ ਪਹਿਲੀ ਵਾਰ ਇੰਨੀ ਮਿਹਨਤ ਕਰਨੀ ਪਈ ਹੈ।ਉਨਾਂ ਦੱਸਿਆ ਕਿ ਅਜੇ ਵੀ ਸਾਡੀਆਂ ਟੀਮਾਂ ਸਕੂਲਾਂ ਵਿਚ ਪਹੁੰਚ ਕਰਕੇ ਰਹਿੰਦੇ ਬੱਚਿਆਂ ਨੂੰ ਟੀਕੇ ਲਗਾਉਣ ਲਈ ਕੰਮ ਕਰ ਰਹੀਆਂ ਹਨ ਅਤੇ ਆਸ ਹੈ ਕਿ ਅਗਲੇ ਹਫਤੇ ਵਿਚ ਅਸੀਂ 100 ਫੀਸਦੀ ਬੱਚਿਆਂ ਨੂੰ ਇਸ ਟੀਕਾਕਰਨ ਨਾਲ ਸੁਰੱਖਿਅਤ ਕਰ ਲਵਾਂਗੇ।

 

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply