ਅੰਮ੍ਰਿਤਸਰ, 14 ਜੁਲਾਈ (ਪੰਜਾਬ ਪੋਸਟ- ਸੰਧੂ) – ਰੂਸ ਵਿਖੇ ਚੱਲ ਰਹੇ ਫੁੱਟਬਾਲ ਵਰਲਡ ਕੱਪ ਦੇ ਵਿੱਚ ਦੁਨੀਆ ਦੇ ਦੇਸ਼ਾਂ ਦੀ ਹਿੱਸੇਦਾਰੀ ਨੂੰ ਲੈ ਕੇ ਫੁੱਟਬਾਲ ਖਿਡਾਰੀਆਂ, ਪਰਮੋਟਰਾਂ ਤੇ ਖੇਡ ਪ੍ਰੇਮੀਆਂ ਦੇ ਵਿੱਚ ਕਾਫੀ ਉਤਸ਼ਾਹ ਹੈ ਤੇ ਉਹ ਫੁੱਟਬਾਲ ਖੇਡ ਦੇ ਪ੍ਰਚਾਰ ਤੇ ਪ੍ਰਾਸਾਰ ਦੇ ਹਾਮੀ ਹਨ।ਗਰਮੀ ਹੋਣ ਦੇ ਬਾਵਜੂਦ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੁੱਟਬਾਲ ਮੈਦਾਨ ਦੇ ਵਿੱਚ ਦਰਜਨਾਂ ਮਹਿਲਾ-ਪੁਰਸ਼ ਖਿਡਾਰੀ ਕੋਚ ਭੁਪਿੰਦਰ ਪਾਲ ਸਿੰਘ ਲੂਸੀ ਅਤੇ ਕੋਚ ਪ੍ਰਦੀਪ ਕੁਮਾਰ ਦੀ ਦੇਖ-ਰੇਖ ਵਿੱਚ ਕਰੜਾ ਅਭਿਆਸ ਕਰ ਰਹੇ ਹਨ।
ਜਿਕਰਯੋਗ ਹੈ ਕਿ ਦੁਨੀਆਂ ਵਿੱਚ ਸਭ ਤੋਂ ਮਹਿੰਗੀ ਗਿਣੀ ਜਾਣ ਵਾਲੀ ਇਸ ਖੇਡ ਨੂੰ ਭਾਰਤ ਵਿੱਚ ਉਤਸ਼ਾਹਿਤ ਤੇ ਪ੍ਰਫੁਲਤ ਕਰਨ ਲਈ ਉਪਰਾਲੇ ਸ਼ਿਖਰਾਂ `ਤੇ ਹਨ।ਕੋਚ ਭੁਪਿੰਦਰ ਪਾਲ ਸਿੰਘ ਲੂਸੀ ਤੇ ਕੋਚ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਵਿਸ਼ਵ ਪ੍ਰਸਿੱਧ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਬੰਧ ਅਧੀਨ ਚੱਲਣ ਵਾਲੇ ਅਧਾਰਿਆਂ ਅਤੇ ਡੀ.ਏ.ਵੀ ਪ੍ਰਬੰਧਕੀ ਕਮੇਟੀ ਦੇ ਪ੍ਰਬੰਧ ਅਧੀਨ ਚੱਲਣ ਵਾਲੇ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਕਾਲਜ ਆਦਿ ਦੇ ਦਰਜਨਾਂ ਮਹਿਲਾ-ਪੁਰਸ਼ ਫੁੱਟਬਾਲ ਖਿਡਾਰੀ ਉਨ੍ਹਾਂ ਦੇ ਕੋਲੋਂ ਕੋਚਿੰਗ ਲੈ ਰਹੇ ਹਨ।ਉਨ੍ਹਾਂ ਦੱਸਿਆ ਕਿ ਖਿਡਾਰੀ ਖੇਡਣ ਦੇ ਤੌਰ ਤਰੀਕੇ ਹੀ ਨਹੀਂ ਬਲਕਿ ਇਸ ਖੇਡ ਦੇ ਤਕਨੀਕੀ ਪਹਿਲੂਆਂ ਤੇ ਨਿਯਮਾਵਲੀ ਦੀ ਮੁਹਾਰਤ ਵੀ ਹਾਸਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਆਮ ਵੇਖਣ ਵਿੱਚ ਆਇਆ ਹੈ ਕਿ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਵਿੱਚ ਅਕਸਰ ਸ਼ਾਮ-ਸਵੇਰੇ ਫੁੱਟਬਾਲ ਖਿਡਾਰੀ ਖੇਡ ਅਭਿਆਸ ਨੂੰ ਤਰਜੀਹ ਦਿੰਦੇ ਹਨ।ਉਨ੍ਹਾਂ ਦੱਸਿਆ ਕਿ ਇਸ ਸਿਲਸਿਲੇ ਨੂੰ ਅੱਗੇ ਵਧਾਉਣ ਲਈ ਸਮੇਂ-ਸਮੇਂ ਤੇ ਵੱਖ-ਵੱਖ ਪ੍ਰਕਾਰ ਦੀਆਂ ਖੇਡ ਪ੍ਰਤੀਯੋਗਤਾਵਾਂ ਹੋਣਾ ਸਮੇਂ ਦੀ ਲੋੜ ਹੈ।
ਜੀ.ਐਨ.ਡੀ.ਯੂ ਦੇ ਡਾਇਰੈਕਟਰ ਸਪੋਰਟਸ ਪ੍ਰੋ. ਡਾ. ਸੁਖਦੇਵ ਸਿੰਘ, ਸਹਾਇਕ ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ ਅਤੇ ਕੈਂਪਸ ਸਪੋਰਟਸ ਇੰਚਾਰਜ ਪ੍ਰੋ. ਅਮਨਦੀਪ ਸਿੰਘ ਸੈਣੀ ਵੱਲੋਂ ਦਿੱਤਾ ਜਾ ਰਿਹਾ ਸਹਿਯੋਗ ਵੀ ਅਹਿਮ ਹੈ।ਇਸ ਮੌਕੇ ਫੁੱਟਬਾਲ ਖਿਡਾਰੀਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।