Saturday, August 9, 2025
Breaking News

ਹੁਣ ਰਾਜਾਂ ‘ਤੇ ਦਿੱਲੀ ਤੋਂ ਨੀਤੀਆਂ ਥੋਪੀਆਂ ਨਹੀਂ ਜਾਣਗੀਆਂ – ਅਰੁਣ ਜੇਤਲੀ

PPN190814134

ਦੇਸ਼ ਦੀਆਂ ਰੱਖਿਆ ਲੋੜਾਂ ਦੀ ਪੂਰਤੀ ਦੇਸ਼ ਵਿਚੋਂ ਕਰਨ ਨੂੰ ਤਰਜੀਹ ਦੇਵਾਂਗੇ

ਅੰਮ੍ਰਿਤਸਰ, ੧੮ ਅਗਸਤ (ਸੁਖਬੀਰ ਸਿੰਘ)-ਕੇਂਦਰ ਵਿਚ ਵਿੱਤ, ਰੱਖਿਆ ਅਤੇ ਕਾਰਪੋਰੇਟ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ ਸ੍ਰੀ ਅਰੁਣ ਜੇਤਲੀ ਨੇ ਦੇਸ਼ ਲਈ ਸਰਕਾਰ ਦੀ ਨੀਤੀ ਦਾ ਖੁਲਾਸਾ ਕਰਦੇ ਕਿਹਾ ਕਿ ਐਨ ਡੀ ਏ ਦੀ ਸਰਕਾਰ ਦਿੱਲੀ ਵਿਚ ਬੈਠ ਕੇ ਰਾਜਾਂ ‘ਤੇ ਨੀਤੀਆਂ ਅਤੇ ਪ੍ਰੋਗਰਾਮ ਠੋਸੇਗੀ ਨਹੀਂ  ਬਲਕਿ ਰਾਜਾਂ ਦੀ ਸਲਾਹ ਨਾਲ ਉਨਾਂ ਦੀਆਂ ਤਰਜੀਹਾਂ ਦੇ ਅਧਾਰ ‘ਤੇ ਨੀਤੀਆਂ ਅਤੇ ਪ੍ਰੋਗਰਾਮ ਤਿਆਰ ਕੀਤੇ ਜਾਣਗੇ। ਸਥਾਨਕ ਹੋਟਲ ਵਿਖੇ ਅੰਮ੍ਰਿਤਸਰ ਦੇ ਪਤਵੰਤੇ ਸੱਜਣਾਂ ਨੂੰ ਸੰਬੋਧਨ ਕਰਦੇ ਸ੍ਰੀ ਜੇਤਲੀ ਨੇ ਕਿਹਾ ਕਿ ਇਸ ਲਈ ਸਾਡੀ ਸਰਕਾਰ ਨੇ ਯੋਜਨਾ ਕਮਿਸ਼ਨ ਦਾ ਭੋਗ ਪਾ ਕੇ ਇਸ ਦੀ ਥਾਂ ਨਵੀਂ ਬਾਡੀ ਬਨਾਉਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਜਿਹੜੀ ਨੀਤੀ ਬਿਹਾਰ ਲਈ ਬਣੇ, ਉਹ ਪੰਜਾਬ ਲਈ ਵੀ ਠੀਕ ਹੋਵੇ, ਕਿਉਂਕਿ ਹਰੇਕ ਰਾਜ ਦੀਆਂ ਆਪਣੀਆਂ ਲੋੜਾਂ, ਆਸਾਂ ਅਤੇ ਸੁਪਨੇ ਹਨ, ਜਿੰਨਾਂ ਨੂੰ ਪੂਰਾ ਕਰਨ ਲਈ ਉਥੋਂ ਦੀ ਸਰਕਾਰ ਨਾਲ ਸਲਾਹ ਕਰਕੇ ਨੀਤੀ ਪ੍ਰੋਗਰਾਮ ਤਹਿ ਕਰਨੇ ਪੈਣਗੇ। 
              ਉਨ੍ਹਾਂ ਕਿਹਾ ਕਿ ਭਾਰਤ ਇਸ ਵੇਲੇ ਦੁਨੀਆਂ ਵਿਚ ਸਭ ਤੋਂ ਵੱਡਾ ਹਥਿਆਰਾਂ ਦਾ ਖਰੀਦਦਾਰ ਹੈ, ਜਦਕਿ ਚਾਹੀਦਾ ਸੀ ਕਿ ਦੇਸ਼ ਦੀਆਂ ਲੋੜਾਂ ਲਈ ਇਨਾਂ ਦਾ ਨਿਰਮਾਣ ਇੱਥੇ ਕੀਤਾ ਜਾਂਦਾ। ਉਨਾਂ ਕਿਹਾ ਕਿ ਸਾਡੀ ਸਰਕਾਰ ਦੀ ਤਰਜੀਹ ਹੈ ਕਿ ਦੇਸ਼ ਦੀ ਲੋੜ ਅਨੁਸਾਰ ਵੱਧ ਤੋਂ ਵੱਧ ਹਥਿਆਰਾਂ ਦਾ ਨਿਰਮਾਣ ਭਾਰਤ ਵਿਚ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਸਾਡੇ ਲਈ ਬਹੁਤ ਚੰਗੀ ਵਿਰਾਸਤ ਨਹੀਂ ਛੱਡ ਕੇ ਗਈ, ਦੇਸ਼ ਇਸ ਵੇਲੇ ਕਈ ਸਮੱਸਿਆਵਾਂ ਵਿਚ ਘਿਰਿਆ ਹੋਇਆ ਹੈ, ਵਿਕਾਸ ਦਰ ਨਾਂਹ ਦੇ ਬਰਾਬਰ ਹੈ, ਬਾਹਰੋਂ ਕੋਈ ਨਿਵੇਸ਼ ਕਰਨ ਲਈ ਤਿਆਰ ਨਹੀਂ, ਬੇਰੋਜ਼ਗਾਰੀ ਹੈ, ਸਰਕਾਰ ਦੀ ਆਮਦਨ ਵੱਧਣ ਦੀ ਥਾਂ ਘੱਟ ਹੋਈ ਹੈ। ਉਨ੍ਹਾਂ ਕਿਹਾ ਕਿ ਇੰਨਾਂ ਸਮੱਸਿਆਵਾਂ ਦੇ ਬਾਵਜੂਦ ਅਸੀਂ ਇਕ ਚੰਗਾ ਮਾਹੌਲ ਬਨਾਉਣ ਵਿਚ ਕਾਮਯਾਬ ਹੋਏ ਹਨ। ਚੋਣਾਂ ਦਾ ਮਾਹੌਲ ਹੁਣ ਨਿਕਲ ਗਿਆ ਹੈ ਅਤੇ ਅਸੀਂ ਸੇਵਾ ਕਰਨ ਦੇ ਮੂਡ ਵਿਚ ਹਾਂ ਅਤੇ ਕਰਾਂਗੇ। 

ਅੰਮ੍ਰਿਤਸਰ ਨੂੰ ਸੁਪਨਿਆਂ ਦਾ ਸ਼ਹਿਰ ਬਣਾ ਕੇ ਰਹਾਂਗੇ
            ਅੰਮ੍ਰਿਤਸਰ ਲਈ ਆਪਣੇ ਪ੍ਰੋਗਰਾਮਾਂ ਦਾ ਜ਼ਿਕਰ ਕਰਦੇ ਉਨ੍ਹਾਂ ਕਿਹਾ ਕਿ ਇਸ ਦੇਸ਼ ਨੂੰ ਸੰਵਾਰਨਾ ਮੇਰਾ ਸੁਪਨਾ ਹੈ ਅਤੇ ਮੈਂ ਸਮਝਦਾ ਹਾਂ ਕਿ ਇੱਥੇ ਇਕ ਵਿੱਲਖਣ ਤਾਕਤ ਕੰਮ ਕਰ ਰਹੀ ਹੈ। ਇਸ ਲਈ ਜੇਕਰ ਅਸੀਂ ਥੋੜੀ ਵੀ ਹਿੰਮਤ ਕਰ ਦਈਏ ਤਾਂ ਇਹ ਸ਼ਹਿਰ ਸੁਪਨਿਆਂ ਦਾ ਸ਼ਹਿਰ ਬਣ ਸਕਦਾ ਹੈ। ਉਨ੍ਹਾਂ ਮੰਚ ‘ਤੇ ਬੈਠੇ ਨੇਤਾਵਾਂ ਨੂੰ ਸੱਦਾ ਦਿੰਦੇ ਕਿਹਾ ਕਿ ਉਹ ਸ਼ਹਿਰ ਦੀਆਂ ਸਮੱਸਿਆਵਾਂ ਮੇਰੇ ਕੋਲ ਲੈ ਆਉਣ, ਮੈਂ ਹੱਲ ਕਰ ਦਿਆਂਗਾ। ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਅੰਤਰਾਰਸ਼ਟਰੀ ਉਡਾਨਾਂ ਬਹਾਲ ਕਰਨ ਦੀ ਕੀਤੀ ਗਈ ਮੰਗ ਦਾ ਜ਼ਿਕਰ ਕਰਦੇ ਸ੍ਰੀ ਜੇਤਲੀ ਨੇ ਕਿਹਾ ਕਿ ਉਹ ਹਰ ਹਾਲਤ ਇਥੋਂ ਅੰਤਰਰਾਸ਼ਟਰੀ ਉਡਾਨਾਂ ਚਾਲੂ ਕਰਵਾਉਣਗੇ। ਉਨ੍ਹਾਂ ਭੰਡਾਰੀ ਪੁਲ ਨੂੰ ਚੌੜਾ ਕਰਨ ਅਤੇ ਸ਼ਹਿਰ ਨੂੰ ਹੈਰੀਟੇਜ ਸਿਟੀ ਵਜੋਂ ਵਿਕਸਤ ਕਰਨ ਦਾ ਐਲਾਨ ਕਰਦੇ ਕਿਹਾ ਕਿ ਰਾਜ ਸਰਕਾਰ ਤੇ ਕੇਂਦਰ ਸਰਕਾਰ ਅੰਮ੍ਰਿਤਸਰ ਦੇ ਵਿਕਾਸ ਲਈ ਮਿਲ ਕੇ ਕੰਮ ਕਰਨਗੀਆਂ। ਉਨਾਂ ਕਿਹਾ ਕਿ ਅੱਜ ਮੌਕਾ ਹੈ ਕਿ ਪੰਜਾਬ ਅਤੇ ਕੇਂਦਰ ਵਿਚ ਇਕ ਹੀ ਪਾਰਟੀ ਦੀ ਸਰਕਾਰ ਹੈ, ਸੋ ਕਿਸੇ ਕੰਮ ਵਿਚ ਦੇਰੀ ਦਾ ਸੁਆਲ ਪੈਦਾ ਨਹੀਂ ਹੁੰਦਾ। ਉਨ੍ਹਾਂ ਸਥਾਨਕ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਨਿੱਕੇ-ਨਿੱਕੇ ਮੁੱਦਿਆਂ ਵਿਚ ਉਲਝ ਕੇ ਆਪਣੀ ਤਾਕਤ ਗਵਾਉਣ ਨਾਲੋਂ ਸ਼ਹਿਰ ਦੇ ਵਿਕਾਸ ਲਈ ਮਿਲ ਕੇ ਕੰਮ ਕਰਨ। 

ਮਜੀਠੀਆ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਨਾਂ ਬਹਾਲ ਕਰਨ ਦੀ ਮੰਗ ਉਠਾਈ
              ਇਸ ਤੋਂ ਪਹਿਲਾਂ ਅੰਮ੍ਰਿਤਸਰ ਪਹੁੰਚਣ ‘ਤੇ ਅਕਾਲੀ ਦਲ ਤੇ ਭਾਜਪਾ ਵੱਲੋਂ ਸ੍ਰੀ ਜੇਤਲੀ ਦਾ ਸਵਾਗਤ ਕਰਦੇ ਕੈਬਿਨਟ ਮੰਤਰੀ ਸ. ਬਿਕਰਮ ਸਿੰਘ ਨੇ ਉਨਾਂ ਨੂੰ ਦੇਸ਼ ਵਿਚ ਬਹੁਮਤ ਨਾਲ ਐਨ ਡੀ ਏ ਦੀ ਸਰਕਾਰ ਬਣਨ ਦੀ ਵਧਾਈ ਦਿੰਦੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਦੇਸ਼ ਦੀ ਜੋ ਸਰਕਾਰ ਬਣੀ ਹੈ, ਉਸ ਦਾ ਦਿੱਲ ਅਤੇ ਦਿਮਾਗ ਤੁਸੀਂ ਹੋ। ਉਨਾਂ ਕਿਹਾ ਕਿ ਸ੍ਰੀ ਜੇਤਲੀ ਦੀ ਦਰਿਆ ਦਿਲੀ ਹੈ ਕਿ ਭਾਵੇਂ ਅਸੀਂ ਇੰਨਾਂ ਨੂੰ ਚੋਣਾਂ ਵਿਚ ਜਿੱਤਾ ਨਹੀਂ ਸਕੇ, ਪਰ ਇੰਨਾਂ ਨੇ ਸਰਕਾਰ ਬਣਦੇ ਸਾਰ ਹੀ ਅੰਮ੍ਰਿਤਸਰ ਨੂੰ ਹੈਰੀਟੇਜ ਸਿਟੀ ਵਜੋਂ ਵਿਕਸਤ ਕਰਨ ਅਤੇ ਆਈ ਆਈ ਐਮ ਵਰਗੇ ਵੱਡੇ ਪ੍ਰਾਜੈਕਟਾਂ ਨਾਲ ਨਿਵਾਜਿਆ ਹੈ। ਉਨਾਂ ਸ੍ਰੀ ਜੇਤਲੀ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਕੈਨੇਡਾ ਅਤੇ ਇੰਗਲੈਂਡ ਲਈ ਅੰਤਰਰਾਸ਼ਟਰੀ ਉਡਾਨਾਂ ਬਹਾਲ ਕਰਨ ਦੀ ਮੰਗ ਕੀਤੀ, ਤਾਂ ਜੋ ਪੰਜਾਬੀਆਂ ਨੂੰ ਵਿਦੇਸ਼ ਜਾਣ ‘ਚ ਸੌਖ ਹੋਵੇ ਅਤੇ ਸ਼ਹਿਰ ਨੂੰ ਅੰਤਰਰਾਸ਼ਟਰੀ ਸੈਲਾਨੀ ਮਿਲਣ। ਉਨਾਂ ਇਰਾਕ ‘ਚ ਫਸੇ ਪੰਜਾਬੀਆਂ ਦਾ ਮੁੱਦਾ ਵੀ ਉਨਾਂ ਕੋਲ ਉਠਾਇਆ। ਇਸ ਮੌਕੇ ਸ਼ਹਿਰੀ ਅਕਾਲੀ ਦਲ ਵੱਲੋਂ ਸ੍ਰੀ ਜੇਤਲੀ ਨੂੰ ਸ੍ਰੀ ਦਰਬਾਰ ਸਾਹਿਬ ਦੀ ਵੱਡੀ ਤਸਵੀਰ ਨਾਲ ਸਨਮਾਨਿਤ ਵੀ ਕੀਤਾ ਗਿਆ। ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਵੀ ਸ੍ਰੀ ਜੇਤਲੀ ਨੂੰ ਅੰਮ੍ਰਿਤਸਰ ਆਉਣ ‘ਤੇ ਜੀ ਆਇਆਂ ਕਿਹਾ। 
                   ਇਸ ਤੋ ਪਹਿਲਾਂ ਕੇਦਰੀ ਰੱਖਿਆ ਤੇ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦਾ ਪੰੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋ ਸਥਾਨਕ ਸਰਕਟ ਹਾਊਸ ਵਿਖੇ ਸਵਾਗਤ ਕੀਤਾ ਗਿਆ।ਪੰਜਾਬ ਪੁਲਿਸ ਦੇ ਜਵਾਨਾਂ ਵਲੋ ਸਲਾਮੀ ਦਿੱਤੀ ਗਈ।ਇਸ ਮੌਕੇ ਸ. ਬਾਦਲ ਦੇ ਨਾਲ ਸ੍ਰੀ ਬਿਕਰਮ ਸਿੰੰਘ ਮਜੀਠੀਆ, ਸ੍ਰੀ ਚੂਨੀ ਲਾਲ ਭਗਤ, ਸ੍ਰੀ ਤੋਤਾ ਸਿੰਘ, ਸ੍ਰੀ ਅਨਿਲ ਜੋਸ਼ੀ, ਸ੍ਰੀ ਮਦਨ ਮੋਹਨ ਮਿੱਤਲ (ਸਾਰੇ ਕੈਬਨਿਟ ਵਜੀਰ ਪੰਜਾਬ) ਵਲੋ ਸ੍ਰੀ ਜੇਤਲੀ ਦਾ ਸਵਾਗਤ ਕੀਤਾ ਗਿਆ। ਇਸ ਤੋ ਉਪਰੰਤ ਸ੍ਰੀ ਅਰੁਣ ਜੇਤਲੀ ਕੇਦਰੀ ਵਜੀਰ ਭਾਰਤ ਸਰਕਾਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵਲੋ ਸ੍ਰੀ ਜੇਤਲੀ ਨੂੰ ਸਨਮਾਨਿਤ ਕੀਤਾ ਗਿਆ।ਬਾਅਦ ਵਿਚ ਸ੍ਰੀ ਜੇਤਲੀ ਜਲ੍ਹਿਆਂਵਾਲਾ ਬਾਗ ਵਿਖੇ ਗਏ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਪਰੰਤ ਉਹ ਸ੍ਰੀ ਦੁਰਗਿਆਣਾ ਮੰਦਿਰ ਅਤੇ ਭਾਜਪਾ ਦੇ ਸਥਾਨਕ ਦਫਤਰ ਵੀ ਗਏ।
            ਇਸ ਮੌਕੇ ਹੋਰਨਾਂ ਤੋ ਇਲਾਵਾ ਸ੍ਰੀ ਇੰਦਰਬੀਰ ਸਿੰਘ ਬੁਲਾਰੀਆ ਮੁੱਖ ਸੰਸਦੀ ਸਕੱਤਰ, ਸ੍ਰੀ ਕਮਲ ਸ਼ਰਮਾ ਪ੍ਰਧਾਨ ਭਾਜਪਾ ਪੰਜਾਬ, ਸ੍ਰੀ ਅਸ਼ਵਨੀ ਸ਼ਰਮਾ ਸਾਬਕਾ ਪ੍ਰਧਾਨ ਭਾਜਪਾ, ਸ੍ਰੀ ਮਨੋਰੰਜਨ ਕਾਲੀਆ, ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ, ਸੀ ਵੀਰ ਸਿੰਘ ਲੋਪੋਕੇ, ਸ੍ਰੀ ਰਜਿੰਦਰ ਮੋਹਨ ਸਿੰਘ ਛੀਨਾ, ਸ੍ਰੀ ਉਪਕਾਰ ਸਿੰਘ ਸੰਧੂ, ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ,ਸ੍ਰੀ ਜਤਿੰਦਰ ਸਿੰਘ ਅੋਲਖ ਪੁਲਿਸ ਕਮਿਸ਼ਨਰ, ਸ੍ਰੀ ਜਸਦੀਪ ਸਿੰਘ ਐਸ.ਐਸ.ਪੀ (ਦਿਹਾਤੀ) ਅੰਮ੍ਰਿਤਸਰ ਅਤੇ ਅਕਾਲੀ-ਭਾਜਪਾ ਦੇ ਨੇਤਾ ਹਾਜਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply