ਨਵੀਂ ਦਿੱਲੀ, 19 ਅਗਸਤ (ਅੰਮ੍ਰਿਤ ਲਾਲ ਮੰਨਣ) – ਸਿੱਖ ਕੌਮ ਇੱਕ ਵੱਖਰੀ ਕੌਮ ਹੈ, ਇਸ ਨੂੰ ਜਜ਼ਬ ਕਰਣ ਦਾ ਸੁਪਨਾ ਪਾਲਣ ਵਾਲਿਆਂ ਨੂੰ ਪਹਿਲੇ ਮਾਣਮੱਤੇ ਸਿੱਖ ਇਤਿਹਾਸ ਤੋਂ ਜਾਣੂੰ ਹੋਣ ਤੋਂ ਬਾਅਦ ਹੀ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਕਰਨੀ ਚਾਹੀਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਜੀ.ਕੇ. ਨੇ ਕੁਝ ਦੱਖਣਪੰਥੀ ਹਿੰਦੂ ਆਗੂਆਂ ਵੱਲੋਂ ਹਿੰਦੂ ਧਰਮ ‘ਚ ਦੂਜਿਆਂ ਧਰਮਾਂ ਨੂੰ ਜਜ਼ਬ ਕਰਨ ਦੀ ਤਾਕਤ ਬਾਰੇ ਕੀਤੇ ਜਾ ਰਹੇ ਦਾਅਵਿਆਂ ਤੇ ਦਿੱਤੇ ਆਪਣੇ ਪ੍ਰਤਿਕ੍ਰਮ ‘ਚ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਸਿੱਖ ਗੁਰੂਆਂ ਨੇ ਜਿੱਥੇ ਵਿਲੱਖਣ ਸਰੂਪ ਦਿੱਤਾ ਉਥੇ ਹੀ ਵਰਣ ਵੰਡ ਅਤੇ ਉਚ-ਨੀਚ ਦੇ ਫ਼ਲਸਫ਼ੇ ‘ਚ ਫਸੀ ਮਨੁੱਖਤਾ ਨੂੰ ਸਿੱਧੇ ਰਾਹ ਪਾਉਣ ਲਈ ਵੱਖਰਾ ਗ੍ਰੰਥ ਅਤੇ ਵੱਖਰਾ ਪੰਥ ਵੀ ਸਿਰਜਿਆ।
ਸਿੱਖ ਗੁਰੂਆਂ ਵੱਲੋਂ ਧਾਰਮਿਕ ਆਜ਼ਾਦੀ ਦੀ ਲੜਾਈ ਲਈ ਆਪਣਾ ਬਲਿਦਾਨ ਦੇਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਸਾਡੇ ਗੁਰੂਆਂ ਨੇ ਆਪਣੇ ਧਰਮ ਵਿਚ ਪੱਕੇ ਰਹਿੰਦੇ ਹੋਏ ਗੈਰ ਧਰਮਾ ਦੀ ਆਜ਼ਾਦੀ ਵਾਸਤੇ ਜੋ ਕੁਰਬਾਨੀ ਦਿੱਤੀ ਉਸ ਨੂੰ ਅੱਜ ਉਕਤ ਆਗੂਆਂ ਨੂੰ ਸਮਝਾਉਣ ਦੀ ਵੱਡੀ ਲੋੜ ਹੈ। ਸਰਬ-ਸਾਂਝੀਵਾਲਤਾ ਦੇ ਆਦੇਸ਼ ਤੇ ਪਹਿਰਾ ਦਿੰਦੇ ਹੋਏ ਗੁਰੂ ਸਾਹਿਬ ਵੱਲੋਂ ਸਭ ਧਰਮਾ ਦਾ ਸਤਿਕਾਰ ਕਰਨ ਦੇ ਦਿੱਤੇ ਗਏ ਸਿਧਾਂਤ ਬਾਰੇ ਦੱਸਦੇ ਹੋਏ ਜੀ.ਕੇ. ਨੇ ਕਿਹਾ ਕਿ ਅਸੀ ਆਪਣੀ ਧਾਰਮਿਕ ਅਜ਼ਾਦੀ ਅਨੁਸਾਰ ਜਿੱਥੇ ਆਪਣੀ ਧਾਰਮਿਕ ਰਹੁਰਿਤਾਂ ਨੂੰ ਮਨਣ ਵਾਸਤੇ ਆਜ਼ਾਦ ਹਾਂ ਉਥੇ ਨਾਲ ਹੀ ਦੂਸਰੇ ਧਰਮਾਂ ਦਾ ਦਿਲੋਂ ਸਤਿਕਾਰ ਕਰਨਾ ਵੀ ਸਾਡਾ ਵੱਡਾ ਫਰਜ਼ ਬਣਦਾ ਹੈ। ਪੁਰਾਤਨ ਕਾਲ ‘ਚ ਵਿਦੇਸ਼ੀ ਹਮਲਾਵਰਾਂ ਵੱਲੋਂ ਦੇਸ਼ ਦੇ ਧਾਰਮਿਕ ਸਰੂਪ ਨੂੰ ਵਿਗਾੜਨ ਵਾਸਤੇ ਕੀਤੇ ਗਏ ਹਮਲਿਆਂ ਦਾ ਸਿਰਫ ਸਿੱਖਾਂ ਵੱਲੋਂ ਹੀ ਮੁਕਾਬਲਾ ਕਰਦੇ ਹੋਏ ਮੁੰਹ ਤੋੜ ਜਵਾਬ ਦੇਣ ਦੇ ਨਾਲ ਹੀ ਦੂਜੇ ਧਰਮਾਂ ਦੀਆਂ ਧੀਆਂ-ਭੈਣਾ ਨੂੰ ਹਮਲਾਵਰਾਂ ਤੋਂ ਛੁੜਵਾਉਂਦੇ ਹੋਏ ਸੁਰੱਖਿਅਤ ਉਨ੍ਹਾਂ ਦੇ ਘਰਾਂ ‘ਚ ਪਹੁੰਚਾਉਣ ਦੇ ਨਿਵੇਕਲੇ ਕਾਰਨਾਮੇ ਕਰਨ ਬਾਰੇ ਵੀ ਜੀ.ਕੇ. ਨੇ ਜਾਣਕਾਰੀ ਦਿੱਤੀ।
ਮੁਸਲਿਮ ਫ਼ਕੀਰ ਸਾਈ ਮੀਆਂ ਮੀਰ ਵੱਲੋ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਗੁਰੂ ਸਾਹਿਬ ਜੀ ਵੱਲੋਂ ਰੱਖਾਉਣ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਤਿਲਕ ਅਤੇ ਜਨੇਉ ਦੀ ਰਾਖੀ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਦਿੱਤੀ ਗਈ ਸ਼ਹੀਦੀ ਤੋਂ ਵੀ ਜਾਣੂੰ ਕਰਵਾਇਆ। ਦੇਸ਼ ਦੀ ਅਬਾਦੀ ਵਿਚ ੨ ਫ਼ਿਸਦੀ ਹਿੱਸਾ ਹੋਣ ਦੇ ਬਾਵਜੂਦ ਦੇਸ਼ ਦੀ ਜੰਗ-ਏ-ਅਜ਼ਾਦੀ ਦੀ ਲੜਾਈ ‘ਚ ਸਿੱਖਾਂ ਵੱਲੋਂ ਦਿੱਤੀਆਂ ਗਈਆਂ ੯੦ ਫ਼ਿਸਦੀ ਕੁਰਬਾਨੀਆਂ ਦਾ ਹਵਾਲਾ ਦਿੰਦੇ ਹੋਏ ਭਾਰਤ ਦੇ ਸਵਿਧਾਨ ‘ਚ ਹਰ ਨਾਗਰਿਕ ਨੂੰ ਆਪਣੇ ਧਰਮ ਨੂੰ ਮਨਣ ਦੀ ਮਿਲੀ ਅਜ਼ਾਦੀ ਦਾ ਵੀ ਉਕਤ ਆਗੂਆਂ ਨੂੰ ਧਿਆਨ ਰੱਖਣ ਦੀ ਨਸੀਹਤ ਦਿੱਤੀ । ਦੇਸ਼ ‘ਚ ਅਮਨ ਚੈਨ ਬਰਕਰਾਰ ਰੱਖਣ ਦੀ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਹੋਏ ਜੀ.ਕੇ. ਨੇ ਫਿਰਕੂਵਾਦ ਦੇ ਚੱਕਰਵਿਯੂਹ ਚੋਂ ਬਾਹਰ ਨਿਕਲਕੇ ਦੇਸ਼ ਦੇ ਵਿਕਾਸ ਲਈ ਲੋੜੀਂਦੇ ਕਾਰਜ ਕਰਨ ਦੀ ਵੀ ਸਲਾਹ ਦਿੱਤੀ।
Check Also
ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਭਲਕੇ 14 ਨਵੰਬਰ ਨੂੰ ਪਾਕਿਸਤਾਨ ਜਾਵੇਗਾ
ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ …