ਦਿੱਲੀ, 16 ਅਗਸਤ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 72ਵੇਂ ਅਜ਼ਾਦੀ ਦਿਵਸ ਦੇ ਮੌਕੇ `ਤੇ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਨੇ ਇਸ ਗੱਲ `ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਅੱਜ ਆਤਮ-ਵਿਸ਼ਵਾਸ ਨਾਲ ਭਰਪੂਰ ਹੈ, ਜਲ ਸੈਨਾ ਦੀਆਂ 6 ਨੌਜਵਾਨ ਮਹਿਲਾ ਅਫਸਰਾਂ ਵਲੋਂ ਨਾਵਿਕਾ ਸਾਗਰ ਪਰਿਕਰਮਾ ਦੀ ਸਫ਼ਲਤਾ ਦਾ ਜ਼ਿਕਰ ਕੀਤਾ ਅਤੇ ਨਾਲ ਹੀ ਹਲੀਮੀ ਭਰੇ ਪਿਛੋਕੜ ਵਾਲੇ ਭਾਰਤ ਦੇ ਨੌਜਵਾਨ ਖਿਡਾਰੀਆਂ ਦੀਆਂ ਪ੍ਰਾਪਤੀਆਂ ਦਾ ਵੀ ਹਵਾਲਾ ਦਿੱਤਾ।ਉਨ੍ਹਾਂ ਨੇ ਨੀਲਗਿਰੀ ਪਹਾੜੀਆਂ ਵਿੱਚ ਨੀਲਕੁਰਿੰਜੀ ਦੇ ਫੁੱਲਾਂ ਦੇ ਖਿੜਨ ਦਾ ਵੀ ਜ਼ਿਕਰ ਕੀਤਾ, ਜਿਹੜੇ 12 ਸਾਲ ਬਾਅਦ ਇਕਵਾਰ ਖਿੜਦੇ ਹਨ।ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਖਤਮ ਹੋਇਆ ਸੰਸਦ ਸੈਸ਼ਨ ਸਮਾਜਿਕ ਨਿਆਂ ਨੂੰ ਸਮਰਪਿਤ ਰਿਹਾ।ਉਨ੍ਹਾਂ ਕਿਹਾ ਕਿ ਹੁਣ ਭਾਰਤ ਦੁਨੀਆ ਦੀ 6ਵੀਂ ਆਰਥਿਕ ਤਾਕਤ ਬਣ ਚੁੱਕਾ ਹੈ।
ਪ੍ਰਧਾਨ ਮੰਤਰੀ ਨੇ ਅਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।ਉਨ੍ਹਾਂ ਨੇ ਸੁਰਖਿਆ ਬਲਾਂ ਦੇ ਜਵਾਨਾਂ ਅਤੇ ਪੁਲਿਸ ਬਲਾਂ ਨੂੰ ਸਲੂਟ ਕੀਤਾ।ਉਨ੍ਹਾਂ ਨੇ ਵਿਸ਼ੇਸ਼ ਤੌਰ `ਤੇ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਦੇ ਸ਼ਹੀਦਾਂ ਨੂੰ ਯਾਦ ਕੀਤਾ, ਜੋ 1919 ਨੂੰ ਵਿਸਾਖੀ ਵਾਲੇ ਦਿਨ ਵਾਪਰਿਆ ਸੀ।ਉਨ੍ਹਾਂ ਨੇ ਦੇਸ਼ ਦੇ ਕੁਝ ਹਿੱਸਿਆਂ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਲੋਕਾਂ ਨਾਲ ਹਮਦਰਦੀ ਪ੍ਰਗਟਾਈ।
ਉਨ੍ਹਾਂ ਨੇ ਕਵੀ ਸੁਬਰਾਮਣੀਅਮ ਭਾਰਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਦੁਨੀਆ ਨੂੰ ਹਰ ਤਰ੍ਹਾਂ ਦੀਆਂ ਜ਼ੰਜੀਰਾਂ ਤੋਂ ਅਜ਼ਾਦ ਹੋਣ ਦਾ ਰਾਹ ਵਿਖਾਏਗਾ।ਉਨ੍ਹਾਂ ਕਿਹਾ ਕਿ ਅਜਿਹੇ ਸੁਪਨੇ ਅਣਗਿਣਤ ਅਜ਼ਾਦੀ ਘੁਲਾਟੀਆਂ ਨੇ ਸਾਂਝੇ ਕੀਤੇ ਸਨ ਅਤੇ ਇੱਕ ਅਜਿਹੇ ਦੇਸ਼ ਦੇ ਸੁਪਨੇ, ਜਿਥੇ ਗ਼ਰੀਬਾਂ ਲਈ ਨਿਆਂ ਅਤੇ ਸਭ ਲਈ ਅੱਗੇ ਵਧਣ ਦੇ ਬਰਾਬਰ ਮੌਕੇ ਹੋਣ, ਨੂੰ ਪੂਰਾ ਕਰਨ ਲਈ ਸਾਡੇ ਸੰਵਿਧਾਨ ਦਾ ਖਰੜਾ ਬਾਬਾ ਸਾਹਿਬ ਅੰਬੇਦਕਰ ਨੇ ਤਿਆਰ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਰਤ ਹੁਣ ਦੇਸ਼ ਦੇ ਨਿਰਮਾਣ ਲਈ ਇਕੱਠੇ ਹੋ ਰਹੇ ਹਨ।ਉਨ੍ਹਾਂ ਨੇ ਵੱਖ-ਵੱਖ ਖੇਤਰਾਂ, ਜਿਵੇਂ ਕਿ ਪਖਾਨਿਆਂ ਦੀ ਉਸਾਰੀ, ਹਰ ਪਿੰਡ ਵਿੱਚ ਬਿਜਲੀ ਪਹੁੰਚਾਉਣ, ਐਲ.ਪੀ.ਜੀ.ਗੈਸ ਕਨੈਕਸ਼ਨ, ਮਕਾਨ ਉਸਾਰੀ ਰਾਹੀਂ ਵਿਕਾਸ ਦੀ ਗਤੀ ਵਿੱਚ ਤੇਜ਼ੀ ਲਿਆਉਣ ਦਾ ਉਦਾਹਰਣ ਕੀਤਾ।
ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਬਿਹਤਰ ਅਮ.ਐਸ.ਪੀ, ਜੀ.ਐਸ.ਟੀ ਅਤੇ ਇੱਕ ਰੈਂਕ ਇੱਕ ਪੈਨਸ਼ਨ ਸਮੇਤ, ਕੇਂਦਰ ਸਰਕਾਰ ਨੇ ਕਈ ਅਜਿਹੇ ਫ਼ੈਸਲੇ ਲਏ ਹਨ, ਜੋ ਕਾਫ਼ੀ ਸਮੇਂ ਤੋਂ ਲਟਕ ਰਹੇ ਸਨ।ਉਨ੍ਹਾਂ ਕਿਹਾ ਕਿ ਅਜਿਹਾ ਤਾਂ ਹੀ ਸੰਭਵ ਹੋ ਸਕਿਆ ਹੈ, ਕਿਉਂਕਿ ਕੇਂਦਰ ਸਰਕਾਰ ਨੇ ਰਾਸ਼ਟਰੀ ਹਿਤਾਂ ਨੂੰ ਸਭ ਤੋਂ ਉਪਰ ਰੱਖਿਆ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਅੰਤਰਰਾਸ਼ਟਰੀ ਸੰਗਠਨ ਅਤੇ ਏਜੰਸੀਆਂ ਭਾਰਤ ਨੂੰ 2013 ਦੇ ਮੁਕਾਬਲੇ ਇਕ ਵੱਖਰੇ ਢੰਗ ਨਾਲ ਵੇਖ ਰਹੀਆਂ ਹਨ।ਉਨ੍ਹਾਂ ਕਿਹਾ ਕਿ `ਨੀਤੀ ਸਬੰਧੀ ਲਕਵੇ` ਵਾਲੇ ਸਮੇਂ `ਚੋਂ ਨਿਕਲ ਕੇ ਭਾਰਤ ਹੁਣ `ਰਿਫਾਰਮ, ਪਰਫਾਰਮ ਐਂਡ ਟਰਾਂਸਫਾਰਮ“ (ਸੁਧਾਰਨ, ਕੰਮ ਕਰਨ ਅਤੇ ਕਾਇਆਪਲਟ) ਦੇ ਯੁਗ ਵਿਚ ਆ ਗਿਆ ਹੈ।ਉਨ੍ਹਾਂ ਕਿਹਾ ਕਿ ਭਾਰਤ ਹੁਣ ਕਈ ਅਹਿਮ ਬਹੁਰਾਸ਼ਟਰੀ ਸੰਗਠਨਾਂ ਦਾ ਮੈਂਬਰ ਬਣ ਗਿਆ ਹੈ ਅਤੇ “ਅੰਤਰਰਾਸ਼ਟਰੀ ਸੂਰਜੀ ਗਠਜੋੜ“ ਦੀ ਅਗਵਾਈ ਕਰ ਰਿਹਾ ਹੈ।
ਮੰਤਰੀ ਨੇ ਕਿਹਾ ਕਿ ਉਤਰ ਪੂਰਬ ਅੱਜ ਖੇਡਾਂ ਵਿੱਚ ਪ੍ਰਾਪਤੀਆਂ, ਸਭ ਤੋਂ ਆਖਰੀ ਕੁਨੈਕਸ਼ਨ ਰਹਿਤ ਪਿੰਡ ਵਿੱਚ ਬਿਜਲੀ ਪਹੁੰਚਣ ਅਤੇ ਜੈਵਿਕ ਖੇਤੀ ਦਾ ਧੁਰਾ ਬਣਨ ਕਰਕੇ ਖਬਰਾਂ ਵਿੱਚ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਦਰਾ ਯੋਜਨਾ ਅਧੀਨ 13 ਕਰੋੜ ਕਰਜ਼ੇ ਵੰਡੇ ਜਾ ਰਹੇ ਹਨ ਅਤੇ ਇਸ ਗਿਣਤੀ ਵਿੱਚੋਂ 4 ਕਰੋੜ ਕਰਜ਼ੇ ਉਨ੍ਹਾਂ ਲਾਭਾਰਥੀਆਂ ਨੇ ਲਏ ਹਨ ਜੋ ਕਿ ਪਹਿਲੀ ਵਾਰੀ ਕਰਜ਼ਾ ਲੈ ਰਹੇ ਸਨ।ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਆਪਣੇ ਵਿਗਿਆਨੀਆਂ ਉੱਤੇ ਮਾਣ ਹੈ। ਉਨ੍ਹਾਂ ਨੇ ਗਗਨ-ਯਾਨ ਮਿਸ਼ਨ ਦਾ ਐਲਾਨ ਕੀਤਾ ਜੋ ਕਿ ਮਨੁੱਖ ਨੂੰ ਪੁਲਾੜ ਵਿਚ ਲਿਜਾਣ ਵਾਲਾ ਮਿਸ਼ਨ ਹੈ।ਉਨ੍ਹਾਂ ਕਿਹਾ ਕਿ ਭਾਰਤ ਆਪਣੀਆਂ ਸਮਰੱਥਾਵਾਂ ਦੀ ਵਰਤੋਂ ਕਰਕੇ 2022 ਵਿੱਚ ਇਹ ਮਿਸ਼ਨ ਭੇਜੇਗਾ।ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਵਿੱਚ ਅਜਿਹਾ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ।
ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਦੇ ਆਪਣੇ ਸੁਪਨੇ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਉਦੇਸ਼ ਉਸ ਕੰਮ ਨੂੰ ਪੂਰਾ ਕਰਨਾ ਹੈ ਜੋ ਕਿ ਬਹੁਤ ਮੁਸ਼ਕਲ ਨਜ਼ਰ ਆ ਰਿਹਾ ਹੈ।ਉਨ੍ਹਾਂ ਕਿਹਾ ਕਿ ਪਹਿਲਕਦਮੀਆਂ, ਜਿਵੇਂ ਕਿ ਉੱਜਵਲਾ ਯੋਜਨਾ ਅਤੇ ਸੌਭਾਗਯ ਯੋਜਨਾ ਲੋਕਾਂ ਨੂੰ ਮਾਣ ਪ੍ਰਦਾਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਵਰਗੇ ਸੰਗਠਨਾਂ ਨੇ ਸਵੱਛ ਭਾਰਤ ਮਿਸ਼ਨ ਵਿੱਚ ਹੋਈ ਪ੍ਰਗਤੀ ਦੀ ਪ੍ਰਸ਼ੰਸਾ ਕੀਤੀ ਹੈ।
ਸ਼੍ਰੀ ਨਰੇਂਦਰ ਮੋਦੀ ਨੇ ਇਸ ਸਾਲ 25 ਸਤੰਬਰ ਨੂੰ, ਜਿਸ ਦਿਨ ਕਿ ਪੰਡਿਤ ਦੀਨਦਿਆਲ ਉਪਾਧਿਆਏ ਦਾ ਜਨਮ ਦਿਨ ਹੈ, ਪ੍ਰਧਾਨ ਮੰਤਰੀ ਜਨ ਆਰੋਗਯ ਅਭਿਯਾਨ ਸ਼ੁਰੂ ਕਰਨ ਦਾ ਐਲਾਨ ਕੀਤਾ।ਇਹ ਸਹੀ ਸਮਾਂ ਹੈ ਕਿ ਅਸੀਂ ਯਕੀਨੀ ਬਣਾਈਏ ਕਿ ਭਾਰਤ ਦੇ ਗਰੀਬ ਦੀ ਵੀ ਚੰਗੀ ਕੁਆਲਟੀ ਵਾਲੀ ਸਿਹਤ ਸੰਭਾਲ ਤੱਕ ਪਹੁੰਚ ਹੋਵੇ।ਉਨ੍ਹਾਂ ਕਿਹਾ ਕਿ ਇਸ ਸਕੀਮ ਨਾਲ 50 ਕਰੋੜ ਲੋਕਾਂ ਉੱਤੇ ਸਕਾਰਾਤਮਿਕ ਪ੍ਰਭਾਵ ਪਵੇਗਾ।
ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਕਿ ਸਰਕਾਰ ਦੇ ਲਾਭਾਂ ਨੂੰ ਕਿਵੇਂ ਵਧੀਆ ਢੰਗ ਨਾਲ ਟਾਰਗੈਟ ਕਰਕੇ 6 ਕਰੋੜ ਨਕਲੀ ਲਾਭਾਰਥੀਆਂ ਨੂੰ ਬਾਹਰ ਕੱਢਿਆ ਗਿਆ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਈਮਾਨਦਾਰ ਕਰਦਾਤਿਆਂ ਦੀ ਪ੍ਰਮੁੱਖ ਭੂਮਿਕਾ ਹੈ।ਉਨ੍ਹਾਂ ਹੋਰ ਕਿਹਾ ਕਿ ਕਰਦਾਤਿਆਂ ਕਰਕੇ ਹੀ ਬਹੁਤ ਸਾਰੇ ਲੋਕਾਂ ਦਾ ਪੇਟ ਭਰ ਰਿਹਾ ਹੈ ਅਤੇ ਗਰੀਬਾਂ ਦੇ ਜੀਵਨ ਦਾ ਕਾਇਆਪਲਟ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਅਤੇ ਉਨ੍ਹਾਂ ਲੋਕਾਂ ਨੂੰ ਮੁਆਫ ਨਹੀਂ ਕੀਤਾ ਜਾਵੇਗਾ ਜਿਨ੍ਹਾਂ ਕੋਲ ਕਾਲਾ ਧਨ ਹੈ।ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਗਲੀਆਂ ਹੁਣ ਸੱਤਾ ਦੇ ਦਲਾਲਾਂ ਤੋਂ ਖ਼ਾਲੀ ਹਨ ਅਤੇ ਗ਼ਰੀਬਾਂ ਦੀ ਅਵਾਜ਼ ਸੁਣੀ ਜਾਂਦੀ ਹੈ।ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਭਾਰਤੀ ਹਥਿਆਰਬੰਦ ਫੋਰਸਾਂ ਦੇ ਸ਼ਾਰਟ ਸਰਵਿਸ ਕਮਿਸ਼ਨ ਦੀਆਂ ਮਹਿਲਾ ਅਧਿਕਾਰੀ ਹੁਣ ਪਾਰਦਰਸ਼ੀ ਚੋਣ ਢੰਗ ਰਾਹੀਂ ਸਥਾਈ ਕਮਿਸ਼ਨ ਦੇ ਯੋਗ ਹੋਣਗੀਆਂ।
ਇਹ ਨੋਟ ਕਰਦਿਆਂ ਕਿ ਤੀਹਰੇ ਤਲਾਕ ਦੀ ਪ੍ਰਥਾ ਨੇ ਭਾਰਤੀ ਮੁਸਲਮਾਨ ਔਰਤਾਂ ਨਾਲ ਵੱਡਾ ਅਨਿਆਂ ਕੀਤਾ ਹੈ, ਪ੍ਰਧਾਨ ਮੰਤਰੀ ਨੇ ਯਕੀਨ ਦਿਵਾਇਆ ਕਿ ਮੁਸਲਮਾਨ ਔਰਤਾਂ ਨੂੰ ਨਿਆਂ ਦਿਵਾਉਣ ਲਈ ਹਰ ਸੰਭਵ ਕਦਮ ਚੁਕਣਗੇ।
ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਖੱਬੇ ਪੱਖੀ ਅੱਤਵਾਦ ਵਿੱਚ ਆਈ ਕਮੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜੰਮੂ ਕਸ਼ਮੀਰ ਬਾਰੇ “ਇਨਸਾਨੀਅਤ, ਜਮਹੂਰੀਅਤ, ਕਸ਼ਮੀਰੀਅਤ“ ਦੇ ਵਿਜ਼ਨ ਨੂੰ ਦੁਹਰਾਇਆ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਭ ਲਈ ਮਕਾਨ, ਸਭ ਲਈ ਬਿਜਲੀ, ਸਭ ਲਈ ਸਾਫ਼ ਖਾਣਾ, ਸਭ ਲਈ ਪਾਣੀ, ਸਭ ਲਈ ਸਫ਼ਾਈ, ਸਭ ਲਈ ਮੁਹਾਰਤ, ਸਭ ਲਈ ਸਿਹਤ, ਸਭ ਲਈ ਬੀਮਾ ਅਤੇ ਸਭ ਲਈ ਕਨੈਕਟੀਵਿਟੀ ਦਾ ਵਿਜ਼ਨ ਪੂਰਾ ਹੋਵੇਗਾ।
ਉਨ੍ਹਾਂ ਕਿਹਾ ਕਿ ਉਹ ਇਹ ਵੇਖਣ ਲਈ ਬੇਸਬਰੇ, ਉਤਸੁਕ ਅਤੇ ਚਾਹਵਾਨ ਹਨ ਕਿ ਭਾਰਤ ਦੀ ਤਰੱਕੀ ਹੋਵੇ, ਕੁਪੋਸ਼ਣ ਦੂਰ ਹੋਵੇ ਅਤੇ ਭਾਰਤੀਆਂ ਨੂੰ ਵਧੀਆ ਜੀਵਨ ਹਾਸਲ ਹੋ ਸਕੇ।
Check Also
9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ
ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …