ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਪਿੰਡ ਵਾਸੀਆਂ ਨੇ ਲਗਾਇਆ ਧਰਨਾ
ਧੂਰੀ, 24 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਬੀਤੇ ਦਿਨੀਂ ਨੇੜਲੇ ਪਿੰਡ ਢਢੋਗਲ ਦੇ ਲੋਕਾਂ ਨੇ ਅਮਰਜੀਤ ਸਿੰਘ ਵਲੋਂ ਖੁਦਕੁਸ਼ੀ ਕਰ ਲਏ ਜਾਣ ਦਾ ਦੋਸ਼ ਉਸ ਦੇ ਸਹੁਰਾ ਪਰਿਵਾਰ `ਤੇ ਲਾਉਂਦਿਆਂ ਉਸ ਦੀ ਪਤਨੀ ਸਮੇਤ ਸਹੁਰਾ ਪਰਿਵਾਰ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਥਾਣਾ ਸਦਰ ਧੂਰੀ ਅੱਗੇ ਧਰਨਾ ਲਇਆ ਅਤੇ ਟ੍ਰੈਫਿਕ ਜਾਮ ਕਰਕੇ ਰੋਸ ਜ਼ਾਹਿਰ ਕੀਤਾ ਗਿਆ।ਪਿੰਡ ਵਾਸੀਆਂ ਅਨੁਸਾਰ ਅਮਰਜੀਤ ਸਿੰਘ ਦਾ ਆਪਣੀ ਘਰਵਾਲੀ ਬਲਜੀਤ ਕੌਰ ਨਾਲ ਘਰੇਲੂ ਤਕਰਾਰ ਰਹਿੰਦਾ ਸੀ ਅਤੇ ਬੀਤੀ 19 ਅਗਸਤ ਨੂੰ ਬਲਜੀਤ ਕੌਰ ਨੇ ਆਪਣੇ ਘਰਵਾਲੇ ਅਮਰਜੀਤ ਸਿੰਘ ਨਾਲ ਤਕਰਾਰ ਵਧਣ ਕਾਰਨ ਆਪਣੇ ਪੇਕਿਆਂ ਨੂੰ ਢਢੋਗਲ ਵਿਖੇ ਸੱਦ ਲਿਆ ਸੀ ਅਤੇ ਮ੍ਰਿਤਕ ਅਮਰਜੀਤ ਸਿੰਘ ਦੀ ਪਤਨੀ ਬਲਜੀਤ ਕੌਰ ਦੇ ਪੇਕਿਆਂ ਵੱਲੋਂ ਅਮਰਜੀਤ ਸਿੰਘ ਦੀ ਕੁੱਟਮਾਰ ਕੀਤੀ ਗਈ ਸੀ।ਜਿਸ ਨੂੰ ਆਪਣੀ ਬੇਇੱਜ਼ਤੀ ਮਹਿਸੂਸ ਕਰਦਿਆਂ ਘਰੋਂ ਮੋਟਰਸਾਈਕਲ `ਤੇ ਸਵਾਰ ਹੋ ਕੇ ਅਮਰਜੀਤ ਸਿੰਘ ਨੇ ਬੱਬਨਪੁਰ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਉਸ ਦੀ ਲਾਸ਼ 21 ਅਗਸਤ ਨੂੰ ਮਿਲੀ ਸੀ।
ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ 22 ਅਗਸਤ ਨੂੰ ਥਾਣਾ ਸਦਰ ਧੂਰੀ ਅੱਗੇ ਧਰਨਾ ਲਗਾ ਕੇ ਮ੍ਰਿਤਕ ਅਮਰਜੀਤ ਸਿੰਘ ਦੀ ਕੁੱਟਮਾਰ ਕਰਕੇ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਉਸ ਦੇ ਸਹੁਰਾ ਪਰਿਵਾਰ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਸੀ।ਜਿਸ ਦੇ ਚਲਦਿਆਂ ਥਾਣਾ ਸਦਰ ਧੂਰੀ ਦੀ ਪੁਲਿਸ ਨੇ ਮ੍ਰਿਤਕ ਅਮਰਜੀਤ ਸਿੰਘ ਦੀ ਪਤਨੀ ਬਲਜੀਤ ਕੌਰ, ਸਹੁਰਾ ਛੋਟਾ ਸਿੰਘ, ਸੱਸ ਬਲਦੇਵ ਕੌਰ ਅਤੇ ਸਾਲਾ ਗੁਰੀਆ ਸਿੰਘ ਵਾਸੀਆਨ ਤੋਗਾਹੇੜੀ ਦੇ ਖਿਲਾਫ ਥਾਣਾ ਸਦਰ ਧੂਰੀ ਵਿਖੇ ਮੁਕੱਦਮਾ ਦਰਜ ਕਰ ਲਿਆ ਸੀ।ਉਸ ਤੋਂ ਬਾਅਦ ਪਿੰਡ ਵਾਸੀਆਂ ਵਲੋਂ ਦੁਬਾਰਾ ਫਿਰ ਮੁੱਖ ਮਾਰਗ ਜਾਮ ਕਰਕੇ ਥਾਣਾ ਸਦਰ ਦੇ ਸਾਹਮਣੇ ਰੋਸ ਧਰਨਾ ਦਿੱਤਾ ਗਿਆ।
ਇਸ ਸਮੇਂ ਸਮਾਜਸੇਵੀ ਡਾ. ਅਨਵਰ ਭਸੌੜ ਨੇ ਕਿਹਾ ਕਿ ਮ੍ਰਿਤਕ ਅਮਰਜੀਤ ਸਿੰਘ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਇਸ ਤੋਂ ਵੱਡਾ ਸੰਘਰਸ਼ ਵੀ ਵਿੱਢਿਆ ਜਾ ਸਕਦਾ ਹੈ ਅਤੇ ਜੇਕਰ ਕੋਈ ਪੁਲਿਸ ਅਧਿਕਾਰੀ ਇਸ ਮਾਮਲੇ ਵਿੱਚ ਦੋਸ਼ੀਆਂ ਦੀ ਮੱਦਦ ਕਰੇਗਾ ਤਾਂ ਉਸ ਨੂੰ ਵੀ ਆੜੇ ਹੱਥੀਂ ਲਿਆ ਜਾਵੇਗਾ।
ਇਸ ਮਾਮਲੇ ਸਬੰਧੀ ਗੱਲਬਾਤ ਕਰਨ `ਤੇ ਥਾਣਾ ਸਦਰ ਦੇ ਐਸ.ਐਚ.ਓ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ 22 ਅਗਸਤ ਨੂੰ ਮ੍ਰਿਤਕ ਅਮਰਜੀਤ ਸਿੰਘ ਕੁੱਟਮਾਰ ਕਰਨ ਵਾਲੇ ਉਸ ਦੇ ਸਹੁਰਾ ਪਰਿਵਾਰ ਦੇ ਮੈਂਬਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਨੁਸਾਰ ਮੁੱਕਦਮਾ ਦਰਜ ਕਰ ਲਿਆ ਗਿਆ ਸੀ ਅਤੇ ਮ੍ਰਿਤਕ ਅਮਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਨਾਲ ਲਿਜਾ ਕੇ ਦੋਸ਼ੀਆਨ ਦੀ ਗ੍ਰਿਫਤਾਰੀ ਕਰਨ ਲਈ ਉਹਨਾਂ ਦੇ ਘਰ ਪੁਲਿਸ ਵੱਲੋਂ ਰੇਡ ਮਾਰੀ ਜਾ ਚੁੱਕੀ ਹੈ, ਪ੍ਰੰਤੂ ਘਰ `ਚ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ ਅਤੇ ਪਿੰਡ ਵਾਸੀਆਂ ਵੱਲੋਂ ਥਾਣੇ ਅੱਗੇ ਧਰਨਾ ਲਗਾ ਕੇ ਪੁਲਿਸ ਨੂੰ ਬਾਹਰ ਨਿਕਲਣ ਤੋਂ ਵੀ ਰੋਕਿਆ ਜਾ ਰਿਹਾ ਹੈ ਅਤੇ ਧਰਨਾਕਾਰੀ ਪੁਲਿਸ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਸਮਾਂ ਵੀ ਨਹੀਂ ਦੇ ਰਹੇ ਹਨ।ਉਹਨਾਂ ਕਿਹਾ ਕਿ ਪੁਲਿਸ ਵੱਲੋਂ ਦੋਸ਼ੀਆਂ ਨੂੰ ਜ਼ਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਸ ਮੌਕੇ ਗੁਰਮੀਤ ਸਿੰਘ ਸਰਪੰਚ ਢਢੋਗਲ, ਹਰਜੀਵਨ ਸਿੰਘ, ਸਿਕੰਦਰ ਸਿੰਘ, ਦਰਸ਼ਨ ਸਿੰਘ ਅਤੇ ਮ੍ਰਿਤਕ ਦੇ ਪਿਤਾ ਚਰਨ ਸਿੰਘ ਤੋਂ ਇਲਾਵਾ ਪਿੰਡ ਢਢੋਗਲ ਦੀਆਂ ਕਾਫੀ ਔਰਤਾਂ ਧਰਨੇ ਵਿੱਚ ਸ਼ਾਮਿਲ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …