ਪੰਜਾਬੀ ਭਾਸ਼ਾ ਨਾਲ ਮੁਹੱਬਤ ਰੱਖਣ ਵਾਲੇ ਬੁਧੀਜੀਵੀਆਂ ਦੀ, ਪੰਜਾਬੀ ਭਾਸ਼ਾ ਦੀ ਦਿਨੋ ਦਿਨ ਹੋ ਰਹੀ ਦੁਰਗਤੀ ਸੰਬੰਧੀ ਟੀਚਰ ਹੋਮ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ।ਜਿਥੇ ਭਾਗ ਲੈਣ ਵਾਲੇ ਜਿਆਦਾਤਰ ਮੈਂਬਰ ਅਧਿਆਪਕ ਵਰਗ ਨਾਲ ਸੰਬੰਧਿਤ ਸਨ।ਉਥੇ ਇਕ ਅਧਿਆਪਕ ਦੇ ਵਿਚਾਰਾਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਈ।ਉਹਨਾਂ ਦੇ ਵਿਚਾਰਾਂ ਤੋਂ ਉਹਨਾਂ ਦਾ ਆਪਣੀ ਮਾਂ ਬੋਲੀ ਪ੍ਰਤੀ ਪਿਆਰ ਸਾਫ਼ ਝਲਕ ਰਿਹਾ ਸੀ ਅਤੇ ਮਾਤ ਭਾਸ਼ਾ ਦੀ ਹੋ ਰਹੀ ਅਣਦੇਖੀ ਪ੍ਰਤੀ ਦਰਦ ਵੀ ਮਹਿਸੂਸ ਹੋ ਰਿਹਾ ਸੀ।
ਕੁੱਝ ਦਿਨਾਂ ਬਾਅਦ ਆਪਣੀ ਇੱਕ ਸਾਥਣ ਅਧਿਆਪਕਾ ਨਾਲ ਉਸ ਅਧਿਆਪਕ ਦੇ ਘਰ ਜਾਣ ਦਾ ਮੌਕਾ ਮਿਲਿਆ।ਉਹ ਬਹੁਤ ਪਿਆਰ ਤੇ ਸਤਿਕਾਰ ਨਾਲ ਮਿਲੇ।ਫਿਰ ਸਾਡੇ ਵਿਚਕਾਰ ਮਾਤ ਭਾਸ਼ਾ ਦੇ ਵਿਸ਼ੇ `ਤੇ ਹੀ ਗੱਲਬਾਤ ਹੋਣ ਲੱਗੀ।ਕੁੱਝ ਸਮੇਂ ਬਾਅਦ ਉਹਨਾਂ ਦੀ ਪੰਜ ਕੁ ਸਾਲ ਦੀ ਬੇਟੀ ਖੇਡਦੀ ਖੇਡਦੀ ਉਹਨਾਂ ਕੋਲ ਆਈ ਤੇ ਕੁੱਝ ਦੱਸਣ ਲੱਗੀ ਜੋ ਸਕੂਲ ਵਿੱਚ ਉਹਨਾਂ ਦੇ ਅਧਿਆਪਕ ਨੇ ਕਿਹਾ ਸੀ।ਮੈਂ ਉਸ ਦੀ ਮਿੱਠੀ ਪੰਜਾਬੀ ਬੋਲੀ ਦੀ ਅਜੇ ਤਾਰੀਫ਼ ਹੀ ਕਰਨ ਲੱਗੀ ਸੀ ਕਿ ਉਸ ਅਧਿਆਪਕ ਨੇ ਆਪਣੀ ਬੇਟੀ ਦੇ ਥੱਪੜ ਮਾਰਦਿਆਂ ਕਿਹਾ ਤੈਨੂੰ ਐਨੀਆਂ ਫੀਸਾਂ ਭਰ ਕੇ ਮਹਿੰਗੇ ਸਕੂਲ `ਚ ਪੜ੍ਹਾ ਰਹੇ ਹਾਂ।ਤੈਨੂੰ ਕਿੰਨੇ ਵਾਰ ਕਿਹਾ ਕਿ ਹਿੰਦੀ ਜਾਂ ਅੰਗਰੇਜ਼ੀ ਵਿੱਚ ਗੱਲ ਕਰਿਆ ਕਰ।
ਉਸ ਅਧਿਆਪਕ ਦੇ ਅਜਿਹੇ ਦੋਗਲੇਪਨ ਨੂੰ ਦੇਖ ਕੇ ਇਹ ਸਮਝਦਿਆਂ ਦੇਰ ਨਾ ਲੱਗੀ ਕਿ ਸਾਡੀ ਮਾਂ ਬੋਲੀ ਦਾ ਅੱਜ ਇਹ ਹਸ਼ਰ ਕਿਉਂ ਹੈ।
ਸੁਖਜੀਤ ਕੌਰ
ਲੈਕਚਰਾਰ ਅਰਥ ਸ਼ਾਸ਼ਤਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਢਾਬ
ਸ੍ਰੀ ਮੁਕਤਸਰ ਸਾਹਿਬ।
ਮੋ- 98148-78835