ਕੇਂਦਰ ਤੇ ਸੂਬਾ ਸਰਕਾਰ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ – ਕੈਬਨਿਟ ਮੰਤਰੀ ਜੋਸ਼ੀ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ‘ਪ੍ਰਧਾਨ ਮੰਤਰੀ ਜਨ-ਧਨ ਯੋਜਨਾ’ ਜਿਸ ਦਾ ਮੁੱਖ ਉਦੇਸ਼ ਕਿ ਦੇਸ਼ ਦੇ ਹਰੇਕ ਘਰ ਨੂੰ ਬੈਂਕਾਂ ਨਾਲ ਜੋੜਿਆ ਜਾਵੇਗਾ ਦੀ ਅੱਜ ਪੂਰੇ ਭਾਰਤ ਵਿਚ ਸ਼ੁਰੂਆਤ ਹੋ ਗਈ ਹੈ। ਅੰਮ੍ਰਿਤਸਰ ਜ਼ਿਲ੍ਹੇ ਅੰਦਰ ਇਸ ਯੋਜਨਾ ਨੂੰ ਸ਼ੁਰੂ ਕਰਨ ਲਈ ਸਥਾਨਕ ਇੰਡੀਅਨ ਅਕੈਡਮੀ ਆਫ ਫਾਈਨ ਆਰਟ, ਆਰਟ ਗੈਲਰੀ, ਆਡੋਟੋਰੀਅਮ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਏ ਗਏ ਸਮਾਗਮ ਦੀ ਪਧਾਨਗੀ ਕਰਦਿਆਂ ਸ੍ਰੀ ਅਨਿਲ ਜੋਸ਼ੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਪੰਜਾਬ ਨੇ ਕਿਹਾ ਕਿ ਜ਼ਿਲ੍ਹੇ ਦੇ ਹਰ ਪੇਂਡੂ ਅਤੇ ਸ਼ਹਿਰੀ ਖੇਤਰ ਨੂੰ ਬੈਂਕ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਬੈਂਕ ਮਿੱਤਰ ਵੱਖ-ਵੱਖ ਏਰੀਆ ਵਿਚ ਲੋਕਾਂ ਨੂੰ ਬੈਕਿੰਗ ਸੇਵਾਵਾਂ ਮੁਹੱਈਆ ਕਰਵਾਉਣਗੇ ਅਤੇ ਲੋਕ ਇਸ ਰਾਹੀਂ ਬੈਕਿੰਗ ਅਤੇ ਕਰਜ਼ੇ ਦੀਆਂ ਸਹੂਲਤਾਂ ਆਸਾਨੀ ਨਾਲ ਪ੍ਰਾਪਤ ਕਰ ਸਕਣਗੇ। ਕੈਬਨਿਟ ਵਜ਼ੀਰ ਸ੍ਰੀ ਜੋਸ਼ੀ ਨੇ ਕਿਹਾ ਕਿ ਕੇਂਦਰ ਵਿਚ ਸ੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਨੇ 100 ਦਿਨਾਂ ਵਿਚ ਲੋਕਾਂ ਦੀ ਭਲਾਈ ਲਈ ਲੋਕਹੇਤੂ ਯੋਜਨਾਵਾਂ ਲਾਗੂ ਕੀਤੀਆਂ ਹਨ। ਉਨਾਂ ਕਿਹਾ ਕਿ ਮੋਦੀ ਸਰਕਾਰ ਲੋਕ ਹਿੱਤ ਲਈ ਇਤਿਹਾਸਕ ਫੈਸਲੇ ਕਰ ਰਹੀ ਹੈ ਤੇ ਭਾਰਤ ਮਜ਼ਬੂਤ ਦੇਸ਼ ਵਜੋਂ ਉੱਭਰ ਰਿਹਾ ਹੈ। ਉਨਾਂ ਕਿਹਾ ਕਿ ਭਾਰਤ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਯੋਜਨਾ ਨੂੰ ਇਕੇ ਸਮੇਂ ਪੂਰੇ ਦੇਸ਼ ਵਿਚ ਲਾਗੂ ਕੀਤਾ ਗਿਆ ਹੈ। ਅੱਜ ਇਕੋ ਦਿਨ 1.5 ਕਰੋੜ ਲੋਕਾਂ ਦੇ ਬੈਂਕ ਖਾਤੇ ਖੋਲ੍ਹੇ ਗਏ ਹਨ ਅਤੇ ਨਾਲ ਹੀ ਲੋਕਾਂ ਦੇ ਬੀਮੇ ਕੀਤੇ ਗਏ ਹਨ ਜੋ ਕਿ ਰਿਕਾਰਡ ਹੈ। ਉਨਾਂ ਕਿਹਾ ਕਿ 26 ਜਨਵਰੀ 2015 ਤਕ ਲੋਕਾਂ ਦੇ ਬੈਂਕ ਖਾਤੇ ਖੋਲ੍ਹਣ ਦਾ ਟੀਚਾ ਹਾਸਿਲ ਕਰ ਲਿਆ ਜਾਵੇਗਾ।
ਸ੍ਰੀ ਜੋਸ਼ੀ ਨੇ ਅੱਗੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਨ ਅਤੇ ਲੋਕਾਂ ਦੇ ਵਿਕਾਸ ਲਈ ਵਿਕਾਸ ਕਾਰਜ ਜਾਰੀ ਰਹਿਣਗੇ। ਉਨਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਵਿਚ ਛੂਆ-ਛਾਤ ਖਤਮ ਕਰਕੇ ਬਰਾਬਰੀ ਵਾਲੇ ਮਾਹੋਲ ਸਿਰਜਣ ਲਈ ਯਤਨਸ਼ੀਲ ਹੈ ਅਤੇ ਹਰੇਕ ਵਰਗ ਦੇ ਵਿਕਾਸ ਨਾਲ ਹੀ ਦੇਸ਼ ਨੂੰ ਬੁਲੰਦੀਆਂ ਵੱਲ ਲਿਜਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਲੋੜਵੰਦ ਲੋਕਾਂ ਦੇ ਬੈਂਕ ਖਾਤੇ ਖੁੱਲ੍ਹ ਜਾਣ ਨਾਲ ਉਹ ਪੈਸੇ ਦੀ ਬਚਤ ਕਰ ਸਕਣਗ ਅਤੇ ਜਦ ਉਨਾਂ ਨੂੰ ਪੈਸੇ ਦੀ ਲੋੜ ਹੋਵੇਗੀ ਉਹ ਬੈਂਕ ਵਿਚੋਂ ਪੈਸੇਂ ਕਢਵਾ ਸਕਣਗੇ। ਉਨਾਂ ਅੱਗੇ ਦੱਸਿਆ ਕਿ ਜੋ ਲੋਕ 26 ਜਨਵਰੀ 2015 ਤਕ ਬੈਂਕ ਖਾਤੇ ਖੁਲ੍ਹਵਾ ਲੈਣਗੇ ਉਨਾਂ ਦੇ ਖਾਤੇ ਵਿਚ ਜੋ ਇੱਕ ਲੱਖ ਰੁਪਏ ਦਾ ਬੀਮਾ ਕੀਤਾ ਗਿਆ ਹੈ, ਉਸ ਨਾਲ 30 ਹਜਾਰ ਰੁਪਏ ਦੀ ਰਾਸ਼ੀ ਹੋਰ ਜੋੜੀ ਜਾਵੇਗੀ, ਇਸ ਤਰਾਂ ਕੁਲ 1 ਲੱਖ 30 ਹਜ਼ਾਰ ਰੁਪਏ ਦਾ ਬੀਮਾ ਹੋ ਜਾਵੇਗਾ।
ਸ੍ਰੀ ਜੋਸ਼ੀ ਨੇ ਅੱਗੇ ਦੱਸਿਆ ਕਿ ਇਸ ਯੋਜਨਾਂ ਤਹਿਤ ਸਾਰੇ ਅਨਕਵਰਡ ਪਰਿਵਾਰਾਂ ਨੂੰ ਬੈਕਿੰਗ ਸਹੂਲਤਾਂ ਹੇਠ ਲਿਆ ਲਈ ਪ੍ਰਤੀ ਪਰਿਵਾਰ ਇਕ ਖਾਤਾ ਖੋਲ੍ਹਿਆ ਜਾਵੇਗਾ। ਡੈਬਿਟ ਕਾਰਡ ਜਾਰੀੀ ਕੀਤੇ ਜਾਣਗੇ, ਜਿਸ ਰਾਹੀਂ ਇਹ ਕਿਸੇ ਵੀ ਏ.ਟੀ.ਐਮ ਤੋਂ ਰਾਸ਼ੀ ਕਢਵਾ ਸਕਣਗੇ। ਬੈਂਕ ਖਾਤੇ ਲਈ ਕੋਈ ਨਿਊਨਤਮ ਬਕਾਇਆ ਰਾਸ਼ੀ ਜਰੂਰੀ ਨਹੀਂ ਹੋਵੇਗੀ। ਰੂਪੈ ਡੈਬਿਟ ਕਾਰਡ ਰਾਹੀਂ ਪੰਜ ਹਜ਼ਾਰ ਪ੍ਰਤੀ ਦੀ ਓਵਰ ਡਰਾਫਤ ਸੂਹਲਤ ਅਤੇ ਇਕ ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਰਾਹੀਂ ਸਰਕਾਰੀ ਸਕੀਮਾਂ ਦੇ ਲਾਭਪਾਤਰੀ ਸਿੱਧਾ ਲਾਭ ਟਰਾਂਸਫਰ ਪ੍ਰਾਪਤ ਕਰ ਸਕਣਗੇ। ਇਸ ਰਾਹੀਂ ਲੋਕ ਭਾਰਤ ਵਿਚ ਕਿਸੇ ਵੀ ਸਥਾਨ ਤੇ ਪੈਸੇ ਬੇਜ ਸਕਦੇ ਹਨ।
ਇਸ ਮੌਕੇ ਸ੍ਰੀ ਇੰਦਰਬੀਰ ਸਿੰਘ ਬੁਲਾਰੀਆ ਮੁੱਖ ਸੰਸਦੀ ਸਕੱਤਰ ਪੰਜਾਬ, ਸ੍ਰੀ ਬਸ਼ਖੀ ਰਾਮ ਅਰੋੜਾ ਮੇਅਰ ਅੰਮ੍ਰਿਤਸਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਦਿੱਤੇ ਜਾਣ ਵਾਲੇ ਭਾਸ਼ਣ ਨੂੰ ਲਾਈਵ ਟੈਲੀਕਾਸਟ ਵੀ ਕੀਤਾ ਗਿਆ। ਇਸ ਦੌਰਾਨ ਜਿੰਨਾਂ ਲੋਕਾਂ ਨੇ ਬੈਂਕ ਖਾਤੇ ਖੁਲ੍ਹੱਵਾਏ ਸਨ ਉਨਾਂ ਲੋਕਾਂ ਨੂੰ ਬੈਂਕ ਕਿੱਟ ਵੀ ਵੰਡੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਇੰਦਰਬੀਰ ਸਿੰਘ ਬੁਲਾਰੀਆ ਮੁੱਖ ਸੰਸਦੀ ਸਕੱਤਰ ਪੰਜਾਬ, ਸ੍ਰੀ ਬਸ਼ਖੀ ਰਾਮ ਅਰੋੜਾ ਮੇਅਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ, ਸ੍ਰੀ ਐਸ.ਐਸ ਭਾਟੀਆ ਜੀ.ਐਮ ਪੰਜਾਬ ਨੈਸ਼ਨਲ ਬੈਂਕ ਦਿੱਲੀ, ਸ੍ਰੀ ਸੁਰਜੀਤ ਸਿੰਘ ਡੀ.ਜੀ.ਐਮ ਸਰਕਲ ਹੈਂਡ ਪੰਜਾਬ ਨੈਸ਼ਨਲ ਬੈਂਕ ਐਲ.ਡੀ.ਐਮ ਪੰਜਾਬ ਨੈਸ਼ਨਲ ਬੈਂਕ ਅੰਮ੍ਰਿਤਸਰ ਸ੍ਰੀ ਮੁਕੇਸ਼ ਅਨੰਦ ਅਤੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।