ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਨੇ ਡੇਰਾ ਬਾਬਾ ਨਾਨਕ ਤੋਂ ਨਾਰੋਵਾਲ (ਪਾਕਿ) ਦੇ ਪੁਰਾਣੇ ਰੇਲਵੇ ਟਰੈਕ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਹੈ।ਅੱਜ ਜਾਰੀ ਬਿਆਨ ਵਿੱਚ ਮੰਚ ਦੇ ਜਨਰਲ ਸਕੱਤਰ ਮਨਜੀਤ ਸਿੰਘ ਸੈਣੀ ਨੇ ਆਖਿਆ ਹੈ ਕਿ ਆਜ਼ਾਦੀ ਤੋਂ ਪਹਿਲਾਂ ਬਟਾਲਾ-ਡੇਰਾ ਬਾਬਾ ਨਾਨਕ-ਨੈਰੋਵਾਲ (ਪਾਕਿਸਤਾਨ) ਰੇਲ ਚੱਲਦੀ ਸੀ ਜੋ ਕਿ ਲਾਹੌਰ, ਨਨਕਾਣਾ ਸਾਹਿਬ ਨੂੰ ਵੀ ਮਿਲਾਉਂਦੀ ਸੀ।ਵੰਡ ਤੋਂ ਬਾਅਦ ਹਿੰਦ-ਪਾਕ ਲੜਾਈਆਂ ਦੌਰਾਨ ਦਰਿਆ `ਤੇ ਬਣੇ ਪੁਲ ਤੋੜ ਦਿੱਤੇ ਗਏ। ਉਨਾਂ ਕਿਹਾ ਕਿ ਜੇਕਰ ਇਸ ਰੇਲਵੇ ਟਰੈਕ ਨੂੰ ਠੀਕ ਕਰਕੇ ਮੁੜ ਬਹਾਲ ਕਰ ਦਿੱਤਾ ਜਾਵੇ ਤਾਂ ਭਾਰਤ ਸਰਕਾਰ ਦੇ ਅੇਲਾਨ ਮੁਤਾਬਿਕ ਗੁਰੂ ਨਾਨਕ ਦੇਵ ਜੀ ਦੇ ਗੁਰੂਧਾਮਾਂ ਸੁਲਤਾਨਵਿੰਡ ਲੋਧੀ-ਬਟਾਲਾ-ਡੇਰਾ ਬਾਬਾ ਨਾਨਕ-ਕਰਤਾਰਪੁਰ ਸਾਹਿਬ-ਨਨਕਾਣਾ ਸਾਹਿਬ ਨੂੰ ਰੇਲਵੇ ਰਾਹੀਂ ਜੋੜਿਆ ਜਾ ਸਕੇਗਾ।ਉਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਵਿਖੇ ਵੀ ਰੇਲਵੇ ਸਟੇਸ਼ਨ ਬਨਾਉਣ ਦਾ ਅੇਲਾਨ ਕੀਤਾ ਹੈ।ਇਸ ਤਰਾਂ ਸੰਗਤ ਡੇਰਾ ਬਾਬਾ ਨਾਨਕ-ਕਰਤਾਰਪੁਰ ਸਾਹਿਬ ਦਾ ਸਿਰਫ 4 ਕਿਲੋ ਮੀਟਰ ਸਫਰ ਰੇਲ ਰਾਹੀਂ ਕਰਕੇ ਖੁੱਲੇ ਦਰਸ਼ਨ ਦੀਦਾਰ ਕਰ ਸਕਣਗੇ।ਸੈਣੀ ਨੇ ਕਿਹਾ ਕਿ ਦੋ ਪੁਰਾਣੇ ਕ੍ਰਿਕਟ ਪ੍ਰੇਮੀਆਂ ਨਵਜੋਤ ਸਿੰਘ ਸਿੱਧੂ ਅਤੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਦੋਸਤੀ ਨੇ ਇਸ ਸ਼ਾਂਤੀ ਮਾਰਗ ਲਈ ਬਹੁਤ ਦੇਰ ਤੋਂ ਹੋ ਰਹੀਆਂ ਅਰਦਾਸਾਂ ਨੂੰ ਸਫਲ ਬਨਾਉਣ `ਚ ਮੁੱਖ ਕੜੀ ਦਾ ਕੰਮ ਕੀਤਾ, ਜਦਕਿ ਦੋਨਾਂ ਮੁਲਕਾਂ ਦੀਆਂ ਦੀਆਂ ਸਰਕਾਰਾਂ, ਮਰਹੂਮ ਜਥੇਦਾਰ ਗਿਆਨੀ ਕੁਲਦੀਪ ਸਿੰਘ ਵਡਾਲਾ ਅਤੇ ਦੇਸ਼ ਵਿਦੇਸ਼ ਦੀਆਂ ਕਈ ਹੋਰ ਜਥੇਬੰਧੀਆਂ ਤੇ ਸ਼ਖਸ਼ੀਅਤਾਂ ਦਾ ਯੋਗਦਾਨ ਅਹਿਮ ਰਿਹਾ।ਉਨਾਂ ਹੋਰ ਕਿਹਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਨੇੜਲੇ ਪਿੰਡ ਕੋਠੇ ਡਾਕਖਾਨਾ ਕਾਜੂਰੱਥ ਜਿਲ੍ਹਾ ਨਾਰੋਵਾਲ ਨਾਲ ਜਾਣਿਆ ਜਾਂਦਾ ਸੀ, ਲੇਕਿਨ ਹੁਣ ਲਾਂਘਾ ਖੁੱਲ੍ਹਣ ਤੋਂ ਬਾਅਦ ਇਹ `ਕਰਤਾਰਪੁਰ ਸ਼ਹਿਰ ` ਵਜੋਂ ਜਾਣਿਆ ਜਾਵੇਗਾ।
ਜਨਰਲ ਸਕੱਤਰ ਸੈਣੀ ਨੇ ਦਸਿਆ ਕਿ ਉਨਾਂ ਸਮੇਤ ਮੰਚ ਦੇ ਸਰਪ੍ਰਸਤ ਮਨਮੋਹਣ ਸਿੰਘ ਬਰਾੜ ਤੇ ਪ੍ਰਿੰ: ਕੁਲਵੰਤ ਸਿੰਘ ਅਣਖੀ, ਸੀਨੀਅਰ ਵਾਈਸ ਪ੍ਰਧਾਨ ਨਿਰਮਲ ਸਿੰਘ ਆਨੰਦ, ਵਿੱਤ ਸਕੱਤਰ ਲਖਬੀਰ ਸਿੰਘ ਘੁੰਮਣ, ਕਾਰਜਕਾਰੀ ਮੈਂਬਰ ਗੁਰਦਿਆਲ ਸਿੰਘ, ਬਲਵਿੰਦਰ ਸਿੰਘ ਅਤੇ ਮਾਇਕਲ ਆਦਿ ਦੇ ਵਫਦ ਨੇ ਦੋਨਾਂ ਮੁਲਕਾਂ ਭਾਰਤ-ਪਾਕਿ ਵਿੱਚ ਲਾਂਘੇ ਦੇ ਉਦਘਾਟਨ ਉਪਰੰਤ ਡੇਰਾ ਬਾਬਾ ਨਾਨਕ ਦਾ ਦੌਰਾ ਕਰ ਕੇ ਦੂਰਬੀਨ ਰਾਹੀਂ ਸਰਹੱਦੋਂ ਪਾਰ ਪਾਕਿਸਤਾਨ `ਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੂਰਬੀਨ ਨਾਲ ਦਰਸ਼ਨ ਦੀਦਾਰ ਕੀਤੇ ਅਤੇ ਵਫਦ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ `ਤੇ ਵੀ ਗਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …