ਪਹਿਲਾ ਰਾਜ ਪੱਧਰੀ 3 ਦਿਨਾਂ ਸ਼੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਹਾਕੀ ਟੂਰਨਾਮੈਂਟ ਸੰਪੰਨ
ਅੰਮ੍ਰਿਤਸਰ, 30 ਅਗਸਤ (ਜਗਦੀਪ ਸਿੰਘ ਸੱਗ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਬੇਮਿਸਾਲ ਪ੍ਰਬੰਧਾਂ ਤੇ ਡਾਇਰੈਕਟਰ ਸਪੋਰਟਸ ਪ੍ਰਿੰ. ਬਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਬਾਬਾ ਬਕਾਲਾ ਸਾਹਿਬ ਦੇ ਸ਼੍ਰੀ ਗੁਰੂ ਤੇਗ ਬਹਾਦਰ ਹਾਕੀ ਸਟੇਡੀਅਮ ਵਿਖੇ ਅੰਡਰ-17 ਸਾਲ ਉਮਰ ਵਰਗ ਦੇ ਹਾਕੀ ਖਿਡਾਰੀਆਂ ਦਾ ਪਲੇਠਾ ਸੂਬਾ ਪੱਧਰੀ 3 ਦਿਨਾਂ ਸ੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਟੂਰਨਾਮੈਂਟ ਅੱਜ ਸੰਪੰਨ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਿੱੱਖ ਹਾਕੀ ਖਿਡਾਰੀਆਂ ਨੂੰ ਉਤਸਾਹਿਤ ਕਰਦਾ ਅਤੇ ਹਾਕੀ ਖੇਡ ਖੇਤਰ ਨੂੰ ਹੋਰ ਵੀ ਪ੍ਰਫੁੱਲਤ ਕਰਦੇ ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਤੇ ਸਪੋਰਟਸ ਸਕੂਲ ਜਲੰਧਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਮੈਚ ਦਾ ਉਦਘਾਟਨ ਡਾਇਰੈਕਟਰ ਸਪੋਰਟਸ ਬਲਵਿੰਦਰ ਸਿੰਘ, ਹਾਕੀ ਓਲੰਪੀਅਨ ਅਰਜਨ ਐਵਾਰਡੀ ਬ੍ਰਿਗੇਡੀਅਰ ਹਰਚਰਨ ਸਿੰਘ, ਮੈਨੇਜਰ ਸੁਲੱਖਣ ਸਿੰਘ ਭੰਗਾਲੀ ਤੇ ਮੈਨੇਜਰ ਖੇਡਾਂ ਸਕੱਤਰ ਸਿੰਘ ਨੇ ਖਿਡਾਰੀਆਂ ਨਾਲ ਪਹਿਚਾਣ ਕਰਕੇ ਕੀਤਾ। ਸ਼੍ਰੋਮਣੀ ਕਮੇਟੀ ਦੇ ਇਸ ਪਲੇਠੇ ਹਾਕੀ ਟੂਰਨਾਮੈਂਟ ਦੇ ਦੌਰਾਨ ਐਸਜੀਪੀਸੀ ਦੀ ਹਾਕੀ ਟੀਮ ਆਪਣੀ ਵਿਰੋਧੀ ਸਪੋਰਟਸ ਸਕੂਲ ਜਲੰਧਰ ਦੀ ਟੀਮ ਨੂੰ 0 ਦੇ ਮੁਕਾਬਲੇ 3 ਗੋਲਾ ਨਾਲ ਹਰਾ ਕੇ ਜੇਤੂ ਰਹੀ ਤੇ ਚੈਂਪੀਅਨ ਬਣੀ। ਜੇਤੂ ਟੀਮ ਨੂੰ ਚੈਂਪੀਅਨ ਟਰਾਫ਼ੀ ਤੇ 51,000 ਰੁਪਏ ਦੀ ਨਗਦ ਰਾਸ਼ੀ ਤੇ ਉਪ ਜੇਤੂ ਟੀਮ ਨੂੰ ਸਨਮਾਨ ਚਿੰਨ ਤੇ 31,000 ਰੁਪਏ ਦੀ ਨਗਦ ਰਾਸ਼ੀ ਤਕਸੀਮ ਕਰਨ ਦੀ ਰਸਮ ਵਿਧਾਇਕ ਤੇ ਹਲਕਾ ਐਸਜੀਪੀਸੀ ਮੈਂਬਰ ਬਲਜੀਤ ਸਿੰਘ ਜਲਾਲਉਸਮਾ ਨੇ ਅਦਾ ਕੀਤੀ ਤੇ ਐਸਜੀਪੀਸੀਦੀ ਟੀਮ ਦੀ ਇਸ ਪਹਿਲੀ ਪ੍ਰਾਪਤੀ ਤੇ ਐਸਜੀਪੀਸੀ ਦੇ ਪ੍ਰਧਾਨ ਅਵਤਾਰ ਸਿੰਘ ਤੇ ਡਾਇਰੈਕਟਰ ਸਪੋਰਟਸ ਪ੍ਰਿੰ. ਬਲਵਿੰਦਰ ਸਿੰਘ ਨੂੰ ਵਧਾਈ ਦਿੱਤੀ। ਇਸ ਟੂਰਨਾਮੈਂਟ ਦੇ ਸੁਚੱਜੇ ਸੰਚਾਲਣ ਲਈ ਸz. ਸੁਲੱਖਣ ਸਿੰਘ ਮੈਨੇਜਰ ਗੁ: ਪਾਤਸ਼ਾਹੀ ਨੌਵੀਂ ਸ੍ਰੀ ਬਾਬਾ ਬਕਾਲਾ ਸਾਹਿਬ ਨੇ ਖਿਡਾਰੀਆਂ ਦੀ ਰਿਹਾਇਸ਼ ਤੇ ਲੰਗਰ ਆਦਿ ਸਮੇਤ ਸਮੁੱਚਾ ਪ੍ਰਬੰਧ ਕੀਤਾ। ਤਿੰਨ ਦਿਨਾਂ ਇਸ ਖੇਡ ਟੂਰਨਾਮੈਂਟ ਦੇ ਦੌਰਾਨ ਮੰਚ ਦਾ ਸੰਚਾਲਨ ਕੋਚ ਬਲਦੇਵ ਸਿੰਘ ਰਾਣੂੰ ਵੱਲੋਂ ਬਾਖ਼ੂਬੀ ਨਿਭਾਇਆ ਗਿਆ। ਇਸ ਮੌਕੇ ਟੀ ਡੀ ਗੁਰਮੀਤ ਸਿੰਘ, ਮੈਨੇਜਰ ਸਕੱਤਰ ਸਿੰਘ, ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਕੋਚ ਗੁਰਜੀਤ ਸਿੰਘ, ਇੰਟਰਨੈਸ਼ਨਲ ਅੰਪਾਇਰ ਭੁਪਿੰਦਰ ਸਿੰਘ, ਰਿਪੂਦਮਨ, ਬਾਬਾ ਅਵਤਾਰ ਸਿੰਘ ਕਪੂਰਥਲਾ, ਕੋਚ ਪ੍ਰੇਮ ਸਿੰਘ, ਕੋਚ ਪ੍ਰਕਾਸ਼ ਸਿੰਘ, ਪ੍ਰਿੰ. ਅਮਰਜੀਤ ਸਿੰਘ, ਪ੍ਰਿੰ. ਬਲਵਿੰਦਰ ਸਿੰਘ, ਪ੍ਰਿੰ. ਪਰਮਜੀਤ ਕੌਰ, ਕੋਚ ਵਰਿੰਦਰ ਸਿੰਘ, ਗੁਰਮੀਤ ਸਿੰਘ ਯੂਐਸਏ, ਪੀਏ ਸੁਖਵਿੰਦਰ ਸਿੰਘ, ਕੋਚ ਮੋਹਣ ਸਿੰਘ ਆਦਿ ਹਾਜ਼ਰ ਸਨ।