ਵੋਟਾਂ ਵਾਲੀ ਖੇਡ ਓ ਲੋਕੋ!
ਜਾਪੇ ਅਜਕਲ ਝੇਡ ਓ ਲੋਕੋ!
ਜਿੱਤਣ ਵਾਲਾ ਜਿੱਤ ਜਾਂਦਾ ਹੈ,
ਜੋਰ ਲਗਾ ਕੇ ਭਾਰਾ!
ਮਾਮਲਾ ਗੜਬੜ ਹੈ, ਚੱਕਰ ਨੋਟਾਂ ਦਾ ਸਾਰਾ…
ਆਪਸ ਵਿਚ ਫੁੱਟ ਪਾਈ ਜਾਂਦੇ!
ਭਰਾਵਾਂ ਤਾਈਂ ਲੜਾਈ ਜਾਂਦੇ!
ਮਸਲਾ ਹੱਲ ਨਾ ਕੋਈ ਹੋਵੇ,
ਮਾੜੀ ਸੋਚ ਅਪਣਾਈ ਜਾਂਦੇ!
ਦੇਸ਼ ਨੂੰ ਡੋਬਦੇ ਸਹੁੰਆਂ ਖਾ ਖਾ, ਤੜਕਾ ਲਾਉਣ ਕਰਾਰਾ
ਮਾਮਲਾ ਗੜਬੜ ਹੈ, ਚੱਕਰ ਨੋਟਾਂ ਦਾ ਸਾਰਾ…
ਸਬਜ਼ਬਾਗ ਇਹ ਬੜੇ ਵਿਖਾਉਂਦੇ!
ਪੰਜ ਸਾਲ ਫਿਰ ਨਹੀਂ ਥਿਆਉਂਦੇ!
ਕੈਲੇਫੋਰਨੀਆ ਬਣਾਉਣ ਦੇ ਵਾਅਦੇ,
ਕਰਕੇ ਫਿਰ ਇਹ ਨਜ਼ਰ ਨਾ ਆਉਂਦੇ!
ਮਤਲਬ ਕੱਢ ਕੇ ਫਿਰ ਨਾ ਮਿਲਦੇ, ਲਾਉਂਦੇ ਝੂਠਾ ਲਾਰਾ
ਮਾਮਲਾ ਗੜਬੜ ਹੈ, ਚੱਕਰ ਨੋਟਾਂ ਦਾ ਸਾਰਾ…
ਪਰਿਵਾਰ ਦਾ ਕਰਦੇ ਰਹਿਣ ਵਿਕਾਸ!
ਲ਼ੋਕਾਂ ਦੀ ਮਿਲੇ ਮਿੱਟੀ ਆਸ!
ਹਾਂ ਕਰਾਂਗੇ ਜਰੂਰ ਚੱਲਾਂਗੇ,
ਦਿੰਦੇ ਰਹਿਣ ਫੋਕਾ ਧਰਵਾਸ!
ਜੇ ਸੱਚੀ ਗੱਲ ਕੋਈ ਮੂੰਹ `ਤੇ ਕਹਿਦੇ, ਚੜ੍ਹ ਜਾਂਦਾ ਫਿਰ ਪਾਰਾ
ਮਾਮਲਾ ਗੜਬੜ ਹੈ, ਚੱਕਰ ਨੋਟਾਂ ਦਾ ਸਾਰਾ…
ਵੰਨ ਸਵੰਨੇ ਵਾਅਦੇ ਕਰਦੇ!
ਝਾਂਸਾ ਦੇ ਕੇ ਜੇਬਾਂ ਭਰਦੇ!
ਨਸ਼ਿਆਂ ਦਾ ਕਿਵੇਂ ਹੋਊ ਖਾਤਮਾ,
ਖੁਦ ਇਨਾਂ ਦੇ ਠੇਕੇ ਚੱਲਦੇ!
ਜ਼ਮੀਰ ਖਰੀਦਣ ਦੇ ਕੇ ਬੋਤਲ, ਤਾਣਾ ਉਲਝਿਆ ਸਾਰਾ
ਮਾਮਲਾ ਗੜਬੜ ਹੈ, ਚੱਕਰ ਨੋਟਾਂ ਦਾ ਸਾਰਾ…
ਭੋਲੀ ਜਨਤਾ ਕਿਥੇ ਜਾਵੇ?
ਧੱਦਾਹੂਰੀਆ ਰਾਹ ਨਾ ਥਿਆਵੇ!
ਗੋਲਮਾਲ ਤੇ ਘਾਲਾਮਾਲਾ,
ਰੱਬ ਈ ਹੁਣ ਤਾਂ ਹੈ ਰਖਵਾਲਾ!
ਗੁੰਡਾਗਰਦੀ ਧੱਕੇਸ਼ਾਹੀ ਹੋਵੇ ਕਿਵੇਂ ਨਤਾਰਾ
ਮਾਮਲਾ ਗੜਬੜ ਹੈ, ਚੱਕਰ ਨੋਟਾਂ ਦਾ ਸਾਰਾ…
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋ – 94176-22046