ਪਠਾਨਕੋਟ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਮੁਨੱਵਰ ਮਸੀਹ ਚੈਅਰਮੈਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿਖੇ ਜਿਲ੍ਹਾ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਾਮਵੀਰ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ, ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ, ਸੁਖਵਿੰਦਰ ਸਿੰਘ ਜਿਲ੍ਹਾ ਭਲਾਈ ਅਫਸ਼ਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੋਰਾਨ ਘੱਟ ਗਿਣਤੀ ਵਰਗ ਦੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਮੁਨੱਵਰ ਮਸੀਹ ਚੈਅਰਮੈਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਨੇ ਦੱਸਿਆ ਕਿ ਪਠਾਨਕੋਟ ਵਿੱਚ ਈਸਾਈ ਭਾਈਚਾਰੇ ਲਈ ਸਾਂਝਾ ਕਬਰਸਤਾਨ ਲਈ ਅਤੇ ਕਮਿਊਨਿਟੀ ਹਾਲ ਬਣਾਉਣ ਤੇ ਚਰਚਾ ਕੀਤੀ ਗਈ।ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਨਗਰ ਨਿਗਮ ਹਾਊਸ ਦੀ ਮੀਟਿੰਗ ਵਿੱਚ ਡੇਅਰੀਵਾਲ ਵਿਖੇ ਉਪਰੋਕਤ ਦੋ ਕਾਰਜਾਂ ਲਈ ਕਰੀਬ ਤਿੰਨ ਏਕੜ ਜਮੀਨ ਦਾ ਮਤਾ ਪਾਸ ਕਰੇਗਾ, ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਜਲਦੀ ਹੀ ਇਸ ਤੇ ਕਾਰਵਾਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਪਿੰਡ ਸੁੰਦਰਚੱਕ, ਸਰੀਫਚੱਕ, ਕੀੜੀ, ਮੱਲਪੁਰ, ਮੰਗਿਆਲ, ਕਥਲੋਰ, ਤਾਰਾਗੜ੍ਹ , ਰਤਨਗੜ੍ਹ, ਭਟੋਆ ਅਤੇ ਨੰਗਲ ਵਿਖੇ ਗੁੱਜਰ ਬਿਰਾਦਰੀ ਅਤੇ ਪਿੰਡ ਹਰਿਆਲ ਬਲਾਕ ਧਾਰਕਲ੍ਹਾ ਵਿੱਚ ਕਬਰਸਤਾਨ ਬਣਾਉਣ ਦੀ ਚਰਚਾ `ਤੇ ਉਨ੍ਹਾਂ ਕਿਹਾ ਕਿ ਪਿੰਡ ਹਰਿਆਲ ਵਿਖੇ ਜੋ ਬਕਫ ਬੋਰਡ ਦੀ ਜੋ 4 ਕਨਾਲ ਜਮੀਨ ਹੈ, ਉਸ ਉਪਰ ਸਾਂਝੇ ਤੋਰ `ਤੇ ਕਬਰਸਤਾਨ ਬਣਾਇਆ ਜਾਵੇਗਾ।
ਇਸ ਤੋਂ ਇਲਾਵਾ ਮੀਟਿੰਗ ਦੋਰਾਨ ਈਸਾਈ ਭਾਈਚਾਰੇ ਅਤੇ ਮੁਸਲਿਮ ਭਾਈਚਾਰੇ ਦੀਆਂ ਹੋਰ ਮੰਗਾਂ `ਤੇ ਵੀ ਚਰਚਾ ਕੀਤੀ ਗਈ ਅਤੇ ਕਈ ਅਹਿਮ ਫੈਸਲੇ ਲਏ ਗਏ।ਇਸ ਮੋਕੇ ਤੇ ਉਨ੍ਹਾਂ ਸੁਖਵਿੰਦਰ ਸਿੰਘ ਜਿਲ੍ਹਾ ਭਲਾਈ ਅਫਸ਼ਰ ਜਿਨ੍ਹਾਂ ਨੂੰ ਘੱਟਗਿਣਤੀ ਵਰਗ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਲਈ ਨੋਡਲ ਅਧਿਕਾਰੀ ਵੀ ਨਿਯੁੱਕਤ ਕੀਤਾ ਹੋਇਆ ਹੈ, ਨੂੰ ਕਿਹਾ ਕਿ ਜੋ ਮਾਮਲੇ ਅੱਜ ਤੱਕ ਹੱਲ ਨਹੀਂ ਹੋਏ ਹਨ ਉਨ੍ਹਾਂ `ਤੇ ਅਮਲ ਕਰਕੇ ਉਨ੍ਹਾਂ ਮਸਲਿਆਂ ਨੂੰ ਜਲਦੀ ਨਿਪਟਾਇਆ ਜਾਵੇ।